ਨਸ਼ਾ ਖ਼ਤਮ ਕਰਨ ਲਈ ਕੇਂਦਰ ਸਰਕਾਰ ਵਚਨਬੱਧ: ਅਰਚਨਾ ਗੁਪਤਾ
ਭਾਜਪਾ ਦੀ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਨੇ ਕਿਹਾ ਹੈ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਜਾਂ ਪਰਿਵਾਰ ਦੀ ਸਮੱਸਿਆ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਗੰਭੀਰ ਖ਼ਤਰਾ ਹੈ। ਬੀਤੀ ਸ਼ਾਮ ਚੀਕਾ ਦੇ ਸ੍ਰੀ ਭਵਾਨੀ ਮੰਦਰ ਵਿੱਚ ‘ਸੇਵਾ ਸੰਕਲਪ...
ਭਾਜਪਾ ਦੀ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਨੇ ਕਿਹਾ ਹੈ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਜਾਂ ਪਰਿਵਾਰ ਦੀ ਸਮੱਸਿਆ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਗੰਭੀਰ ਖ਼ਤਰਾ ਹੈ। ਬੀਤੀ ਸ਼ਾਮ ਚੀਕਾ ਦੇ ਸ੍ਰੀ ਭਵਾਨੀ ਮੰਦਰ ਵਿੱਚ ‘ਸੇਵਾ ਸੰਕਲਪ ਅਭਿਆਨ’ ਤਹਿਤ ਕਰਵਾਈ ਗਈ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਦੌਰਾਨ ਉਨ੍ਹਾਂ ਨੌਜਵਾਨਾਂ ਅਤੇ ਮਾਪਿਆਂ ਨਾਲ ਵਿਚਾਰ ਸਾਂਝੇ ਕੀਤੇ।
ਡਾ. ਗੁਪਤਾ ਨੇ ਕਿਹਾ ਕਿ ਜਿਸ ਦ੍ਰਿੜ੍ਹ ਇਰਾਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਨਕਸਲਵਾਦ ਖ਼ਿਲਾਫ਼ ਮੁਹਿੰਮ ਵਿੱਢੀ ਸੀ, ਉਸੇ ਤਰ੍ਹਾਂ ਹੁਣ ਡਰੱਗ ਨੈੱਟਵਰਕ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 2029 ਤੱਕ ‘ਨਸ਼ਾ ਮੁਕਤ ਭਾਰਤ’ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ। ਸਰਕਾਰ ਦਾ ਮਕਸਦ ਸਿਰਫ਼ ਨਸ਼ਾ ਫੜਨਾ ਨਹੀਂ, ਸਗੋਂ ਇਸ ਦੀ ਸਪਲਾਈ ਲੜੀ ਅਤੇ ਵਿੱਤੀ ਢਾਂਚੇ ਨੂੰ ਮੁਕੰਮਲ ਤੌਰ ਉੱਤੇ ਤੋੜਨਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਅਤੇ ਪੁਲੀਸ ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਅਤੇ ਹੁਨਰ ਵਿਕਾਸ ਨਾਲ ਜੋੜ ਕੇ ਸਹੀ ਦਿਸ਼ਾ ਵੱਲ ਤੋਰ ਰਹੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਨਿਸ਼ਾਨਾ ਸੇਧਦਿਆਂ ਡਾ. ਗੁਪਤਾ ਨੇ ਕਿਹਾ ਕਿ ਉੱਥੇ ਨਸ਼ਾ ਖ਼ਤਮ ਕਰਨ ਦੇ ਵੱਡੇ ਵਾਅਦੇ ਕੀਤੇ ਗਏ ਸਨ, ਪਰ ਸਮੱਸਿਆ ਅਜੇ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਲੱਗਦੇ ਹਰਿਆਣਾ ਦੇ ਸਰਹੱਦੀ ਖੇਤਰਾਂ ਵਿੱਚ ਨਸ਼ੇ ਦਾ ਪਾਸਾਰ ਰੋਕਣ ਲਈ ਵਿਸ਼ੇਸ਼ ਚੌਕਸੀ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਵੱਲੋਂ ਪੰਜਾਬ ਵਿੱਚ 18 ਸਤੰਬਰ ਨੂੰ ਨਿਤਿਨ ਨਬੀਨ ਦੀ ਅਗਵਾਈ ਹੇਠ ‘ਨਸ਼ਾ ਮੁਕਤ ਪੰਜਾਬ ਯਾਤਰਾ’ ਸ਼ੁਰੂ ਕੀਤੀ ਗਈ ਹੈ, ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਅਪੀਲ ਕੀਤੀ ਕਿ ਇਸ ਸਮੱਸਿਆ ਨੂੰ ਸਿਰਫ਼ ਭਾਸ਼ਣਾਂ ਨਾਲ ਨਹੀਂ, ਸਗੋਂ ਪਰਿਵਾਰਕ ਜਾਗਰੂਕਤਾ, ਸਿਆਸੀ ਇੱਛਾ ਸ਼ਕਤੀ ਅਤੇ ਪੁਲੀਸ ਦੀ ਸਖ਼ਤ ਕਾਰਵਾਈ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜੋਤੀ ਸੈਣੀ, ਸੂਬਾ ਸਕੱਤਰ ਰਵੀ ਬਾਤਨ, ਡਾ. ਅਵਨੀਤ ਵੜੈਚ, ਕਰਮਬੀਰ ਕੌਲ, ਸਾਬਕਾ ਵਿਧਾਇਕ ਲੀਲਾ ਰਾਮ, ਫੂਲ ਸਿੰਘ ਖੇੜੀ, ਰਵੀ ਤਾਰਾਵਾਲੀ, ਜਗਮਲ ਸਿੰਘ ਰਾਣਾ, ਰਾਜੇਸ਼ ਸ਼ਰਮਾ ਪਿੰਟੂ, ਰਾਮਪ੍ਰਤਾਪ ਗੁਪਤਾ, ਐਡਵੋਕੇਟ ਹਿਮਾਂਸ਼ੂ ਗੋਇਲ ਅਤੇ ਸੂਰਤਾਰਾਮ ਵਾਲਮੀਕੀ ਸਮੇਤ ਕਈ ਆਗੂ ਹਾਜ਼ਰ ਸਨ।

