ਪੱਤਰ ਪ੍ਰੇਰਕ
ਰਤੀਆ, 23 ਸਤੰਬਰ
ਸਦਰ ਥਾਣਾ ਦੀ ਪੁਲੀਸ ਨੇ ਪਿੰਡ ਖੁਨਨ ਵਿਚ ਇਕ ਔਰਤ ਨਾਲ ਕਥਿਤ ਕੁੱਟਮਾਰ ਕੀਤੇ ਜਾਣ ਦੇ ਮਾਮਲੇ ਵਿੱਚ 3 ਔਰਤਾਂ ਸਮੇਤ 4 ਲੋਕਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਉਕਤ ਮਾਮਲਾ ਪਰਮਜੀਤ ਕੌਰ ਦੀ ਸ਼ਿਕਾਇਤ ’ਤੇ ਕੋਮਲ, ਸੰਦੀਪ ਕੌਰ, ਅਮਰੀਕੋ ਅਤੇ ਨਿਸ਼ਾਨ ਸਿੰਘ ਖਿਲਾਫ਼ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੀ ਸ਼ਾਮ ਜਦੋਂ ਉਹ ਖੇਤ ’ਚੋਂ ਨਰਮਾ ਚੁੱਗ ਕਰ ਕੇ ਆਪਣੇ ਘਰ ਆ ਰਹੀ ਸੀ ਤਾਂ ਪਿੰਡ ਦੇ ਬਾਹਰ ਬਣੇ ਟੋਭੇ ਕੋਲ ਪਹੁੰਚੀ, ਜਿਥੇ ਇਨ੍ਹਾਂ ਲੋਕਾਂ ਨੇ ਉਸ ਦਾ ਰਸਤਾ ਰੋਕ ਲਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਔਰਤ ਨੇ ਦੋਸ਼ ਲਗਾਇਆ ਕਿ ਇਸ ਕੁੱਟਮਾਰ ਉਪਰੰਤ ਉਹ ਬੇਹੋਸ਼ ਹੋ ਕੇ ਸੜਕ ’ਤੇ ਡਿੱਗ ਗਈ ਸੀ। ਇਸ ਦੌਰਾਨ ਜਦੋਂ ਉਸ ਦੇ ਪਰਿਵਾਰ ਦੇ ਲੋਕ ਆਏ ਤਾਂ ਉਨ੍ਹਾਂ ਨੂੰ ਆਉਂਦਾ ਦੇਖ ਕੇ ਉਹ ਮੌਕੇ ਤੋਂ ਭੱਜ ਗਏ।