Car Accident Delhi: ਸੁਖਦੇਵ ਵਿਹਾਰ ਵਿੱਚ ਤੇਜ਼ ਰਫ਼ਤਾਰ Car ਦੀ Auto ਨੂੰ ਟੱਕਰ, Auto Driver ਹਲਾਕ
ਦੱਖਣ-ਪੂਰਬੀ ਦਿੱਲੀ ਦੇ ਸੁਖਦੇਵ ਵਿਹਾਰ ਇਲਾਕੇ ਵਿੱਚ ਅੱਜ ਸਵੇਰੇ ਤੇਜ਼ ਰਫ਼ਤਾਰ ਕਾਰ ਨੇ ਆਟੋ ਅਤੇ ਸਾਈਕਲ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 45 ਸਾਲਾ ਆਟੋ ਚਾਲਕ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲੀਸ ਮੁਤਾਬਕ...
ਦੱਖਣ-ਪੂਰਬੀ ਦਿੱਲੀ ਦੇ ਸੁਖਦੇਵ ਵਿਹਾਰ ਇਲਾਕੇ ਵਿੱਚ ਅੱਜ ਸਵੇਰੇ ਤੇਜ਼ ਰਫ਼ਤਾਰ ਕਾਰ ਨੇ ਆਟੋ ਅਤੇ ਸਾਈਕਲ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 45 ਸਾਲਾ ਆਟੋ ਚਾਲਕ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲੀਸ ਮੁਤਾਬਕ ਮ੍ਰਿਤਕ ਦੀ ਪਛਾਣ ਨਿਊ ਫਰੈਂਡਜ਼ ਕਲੋਨੀ ਦੇ ਰਹਿਣ ਵਾਲੇ ਮੁਹੰਮਦ ਕਲਾਮ ਵਜੋਂ ਹੋਈ ਹੈ। ਜ਼ਖ਼ਮੀ ਵਿਅਕਤੀ ਦੀ ਪਛਾਣ ਮੁਹੰਮਦ ਬਬਲੂ ਵਜੋਂ ਹੋਈ ਹੈ ਅਤੇ ਉਹ ਸੁਖਦੇਵ ਵਿਹਾਰ ਮੈਟਰੋ ਸਟੇਸ਼ਨ ਨੇੜੇ ਰਹਿੰਦਾ ਹੈ। ਇਹ ਹਾਦਸਾ ਸਵੇਰੇ ਕਰੀਬ ਸੱਤ ਵਜੇ ਵਾਪਰਿਆ ਅਤੇ ਪੁਲੀਸ ਕੰਟਰੋਲ ਰੂਮ (ਪੀ ਸੀ ਆਰ) ਨੂੰ ਇਸ ਦੀ ਸੂਚਨਾ ਸਵਾ ਸੱਤ ਵਜੇ ਮਿਲੀ।
ਘਟਨਾ ਵਾਲੀ ਥਾਂ ਤੋਂ ਮਹਿਜ਼ 10-20 ਮੀਟਰ ਦੀ ਦੂਰੀ ਉੱਤੇ ਖੜ੍ਹੇ ਇੱਕ ਚਾਹ ਵਾਲੇ ਨੇ ਪੁਲੀਸ ਨੂੰ ਦੱਸਿਆ ਕਿ ਦੋ ਕਾਰਾਂ ਆਪਸ ਵਿੱਚ ਰੇਸ ਲਗਾ ਰਹੀਆਂ ਸਨ। ਇਸੇ ਦੌਰਾਨ ਇੱਕ ਕਾਰ ਬੇਕਾਬੂ ਹੋ ਗਈ ਅਤੇ ਅੱਗੇ ਜਾ ਰਹੇ ਵਾਹਨਾਂ ਵਿੱਚ ਜਾ ਵੱਜੀ। ਚਸ਼ਮਦੀਦ ਨੇ ਇਹ ਵੀ ਦਾਅਵਾ ਕੀਤਾ ਕਿ ਹਾਦਸੇ ਤੋਂ ਤੁਰੰਤ ਬਾਅਦ ਕਾਰ ਵਿੱਚੋਂ ਚਾਰ ਜਣੇ ਬਾਹਰ ਨਿਕਲੇ ਅਤੇ ਆਪਣੇ ਸਾਥੀਆਂ ਦੀ ਦੂਜੀ ਕਾਰ ਵਿੱਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਏ।
ਹਾਦਸੇ ਤੋਂ ਬਾਅਦ ਮੁਹੰਮਦ ਕਲਾਮ ਨੂੰ ਤੁਰੰਤ ਐਸਕਾਰਟਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੁਣ ਲਾਸ਼ ਨੂੰ ਪੋਸਟਮਾਰਟਮ ਲਈ ਏਮਜ਼ ਹਸਪਤਾਲ ਭੇਜਿਆ ਗਿਆ ਹੈ। ਪੁਲੀਸ ਨੇ ਹਾਦਸਾਗ੍ਰਸਤ ਕਾਰ ਅਤੇ ਆਟੋ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਕਰਾਈਮ ਬ੍ਰਾਂਚ ਦੀ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ ਹੈ। ਪੁਲੀਸ ਵੱਲੋਂ ਇਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਫਰਾਰ ਹੋਏ ਮੁਲਜ਼ਮਾਂ ਨੂੰ ਜਲਦੀ ਫੜਿਆ ਜਾ ਸਕੇ।

