ਰਤੀਆ ਪੁਲੀਸ ਨੇ ਅਪਰੇਸ਼ਨ ਜੀਵਨ ਜਯੋਤੀ ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ ਮਾਰਕੀਟ ਕਮੇਟੀ ਰਤੀਆ ਦੇ ਇਲਾਕੇ ਵਿੱਚੋਂ ਵਿਅਕਤੀ ਨੂੰ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਸੀ ਆਈ ਏ ਰਤੀਆ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਰਿਛਪਾਲ ਨੇ ਦੱਸਿਆ ਕਿ ਸੀ ਆਈ ਏ ਦੀ ਟੀਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਰਤੀਆ ਸ਼ਹਿਰ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮਾਰਕੀਟ ਕਮੇਟੀ ਰਤੀਆ ਨੇੜੇ ਇੱਕ ਵਿਅਕਤੀ ਪੁਲੀਸ ਦੀ ਗੱਡੀ ਦੇਖ ਕੇ ਘਬਰਾ ਗਿਆ ਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਤੁਰੰਤ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਚਿੱਟੇ ਪਲਾਸਟਿਕ ਦੇ ਬੈਗ ਵਿੱਚੋਂ ਗਾਂਜਾ ਬਰਾਮਦ ਹੋਇਆ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਰਾਜਕੁਮਾਰ ਉਰਫ਼ ਰਾਜੂ ਵਜੋਂ ਹੋਈ ਹੈ, ਜੋ ਕਿ ਬਰਮਾਤਰਾ (ਬਿਹਾਰ) ਦਾ ਰਹਿਣ ਵਾਲਾ ਹੈ ਤੇ ਇਸ ਸਮੇਂ ਅਨਾਜ ਮੰਡੀ ਰਤੀਆ ਦੀ ਦੁਕਾਨ ਨੰਬਰ 173 ਵਿੱਚ ਕਿਰਾਏਦਾਰ ਵਜੋਂ ਰਹਿ ਰਿਹਾ ਹੈ। ਬਰਾਮਦ ਕੀਤੇ ਗਏ ਗਾਂਜੇ ਦਾ ਕੁੱਲ ਭਾਰ (ਬੈਗ ਸਮੇਤ) 1 ਕਿਲੋ 30 ਗ੍ਰਾਮ ਪਾਇਆ ਗਿਆ। ਮੁਲਜ਼ਮ ਤੋਂ ਪੁੱਛਗਿਛ ਦੇ ਆਧਾਰ ’ਤੇ ਪੁਲੀਸ ਨੇ ਮਾਮਲੇ ਦੇ ਮੁੱਖ ਤਸਕਰ ਗਿਆਨ ਚੰਦ ਦਾਸ ਵਾਸੀ ਬਿਹਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਗਿਆਨ ਚੰਦ ਇਸ ਸਮੇਂ ਅਨਾਜ ਮੰਡੀ ਰਤੀਆ ਦੀ ਦੁਕਾਨ ਨੰਬਰ 82 ਵਿੱਚ ਰਹਿ ਰਿਹਾ ਹੈ। ਇਸ ਸਬੰਧ ਵਿੱਚ ਰਤੀਆ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲੀਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

