ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦਾ ਸੱਦਾ
ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਲਾਲੜੂ ਟਰੈਫਿਕ ਪੁਲੀਸ ਦੇ ਇੰਚਾਰਜ ਕ੍ਰਿਸ਼ਨ ਸਿੰਘ ਨੇ ਵਿੱਢੀ ਮੁਹਿੰਮ ਦੌਰਾਨ ਗੈਰ-ਕਾਨੂੰਨੀ ਜੁਗਾੜੂ ਰੇਹੜੀਆਂ ਸਣੇ ਕੁੱਲ ਇੱਕ ਦਰਜਨ ਵਾਹਨਾਂ ਦੇ ਚਲਾਨ ਕੱਟੇ।
ਟਰੈਫਿਕ ਇੰਚਾਰਜ ਨੇ ਦੱਸਿਆ ਕਿ ਜੁਗਾੜੂ ਰੇਹੜੀਆਂ ਬਿਨਾਂ ਕਿਸੇ ਰਜਿਸਟ੍ਰੇਸ਼ਨ ਜਾਂ ਸੁਰੱਖਿਆ ਮਾਪਦੰਡਾਂ ਦੇ ਹਾਈਵੇਅ ’ਤੇ ਚੱਲਦੀਆਂ ਹਨ, ਜੋ ਕਿ ਭਾਰੀ ਆਵਾਜਾਈ ਅਤੇ ਤੇਜ਼ ਰਫ਼ਤਾਰ ਕਾਰਨ ਵੱਡੇ ਹਾਦਸਿਆਂ ਦਾ ਕਾਰਨ ਬਣ ਸਕਦੀਆਂ ਹਨ। ਇਨ੍ਹਾਂ ਰੇਹੜੀਆਂ ਕਾਰਨ ਹਾਈਵੇਅ ’ਤੇ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੜਕੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਕਾਰਵਾਈ ਜ਼ਰੂਰੀ ਸੀ ਅਤੇ ਭਵਿੱਖ ਵਿੱਚ ਵੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਤੇ ਖ਼ਾਸਕਰ ਜੁਗਾੜੂ ਵਾਹਨਾਂ ਦੇ ਡਰਾਈਵਰਾਂ ਖਿਲਾਫ ਸਖ਼ਤ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਰਜਿਸਟਰਡ ਅਤੇ ਸੁਰੱਖਿਅਤ ਵਾਹਨ ਹੀ ਚਲਾਉਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਏ ਐੱਸ ਆਈ ਗੁਰਦਰਸ਼ਨ ਸਿੰਘ, ਹੌਲਦਾਰ ਰਾਜਿੰਦਰ ਸਿੰਘ ਸਮੇਤ ਪੁਲੀਸ ਮੁਲਾਜ਼ਮ ਮੌਜੂਦ ਸਨ।
