Khalistan Threat : ਮੁੱਖ ਮੰਤਰੀ ਨਾਇਬ ਸੈਣੀ ਨੂੰ ਜਾਨੋਂ ਮਾਰਨ ਦੀ ਧਮਕੀ; ਗੁਰੂਗ੍ਰਾਮ ਦੇ ਸਕੂਲਾਂ ਤੇ ਰੇਲਗੱਡੀਆਂ ’ਚ ਧਮਾਕਿਆਂ ਦਾ ਅਲਟੀਮੇਟਮ
‘ਖਾਲਿਸਤਾਨ ਨੈਸ਼ਨਲ ਆਰਮੀ’ ਵੱਲੋਂ ਈ-ਮੇਲ ਰਾਹੀਂ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼; ਸੁਰੱਖਿਆ ਏਜੰਸੀਆਂ ਹਰਕਤ ’ਚ
Khalistan Threat: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ 'ਖਾਲਿਸਤਾਨ ਨੈਸ਼ਨਲ ਆਰਮੀ' ਵੱਲੋਂ ਜਾਨੋਂ ਮਾਰਨ ਦੀ ਸਿੱਧੀ ਧਮਕੀ ਮਿਲੀ ਹੈ। ਮੰਗਲਵਾਰ ਸਵੇਰੇ ਗੁਰੂਗ੍ਰਾਮ ਦੇ ਕਈ ਨਾਮੀ ਸਕੂਲਾਂ ਨੂੰ ਭੇਜੀਆਂ ਗਈਆਂ ਈ-ਮੇਲਾਂ ਵਿੱਚ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਣ ਦੇ ਨਾਲ-ਨਾਲ ਸ਼ਹਿਰ ਦੇ ਸਕੂਲਾਂ ਅਤੇ ਰੇਲਗੱਡੀਆਂ ਨੂੰ ਬੰਬ ਨਾਲ ਉਡਾਉਣ ਦਾ ਅਲਟੀਮੇਟਮ ਦਿੱਤਾ ਗਿਆ ਹੈ। ਇਸ ਧਮਕੀ ਤੋਂ ਬਾਅਦ ਪੂਰੇ ਸੂਬੇ ਦੀਆਂ ਖੁਫੀਆ ਏਜੰਸੀਆਂ ਅਤੇ ਪੁਲੀਸ ਹਾਈ ਅਲਰਟ ’ਤੇ ਹਨ।
ਈ-ਮੇਲ ਵਿੱਚ ਮੁੱਖ ਮੰਤਰੀ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ ਹਰਿਆਣਾ ਵਿਧਾਨ ਸਭਾ ਵਿੱਚ ‘ਖਾਲਿਸਤਾਨ ਰੈਫਰੈਂਡਮ’ ਦਾ ਸਮਰਥਨ ਨਾ ਕੀਤਾ, ਤਾਂ ਉਨ੍ਹਾਂ ਦੀ ‘ਜ਼ਿੰਦਗੀ ਖਤਮ’ ਕਰ ਦਿੱਤੀ ਜਾਵੇਗੀ। ਪੱਤਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਕੇਂਦਰੀ ਮੰਤਰੀਆਂ ਖਿਲਾਫ ਵੀ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਅਤੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਬਦਲਾ ਲੈਣ ਦੀ ਗੱਲ ਕਹੀ ਗਈ ਹੈ। ਧਮਕੀ ਵਿੱਚ ਦੁਪਹਿਰ 1:11 ਵਜੇ ਸਕੂਲਾਂ ਅਤੇ 3:11 ਵਜੇ ਰੇਲਗੱਡੀਆਂ ਵਿੱਚ ਸਿਲਸਿਲੇਵਾਰ ਧਮਾਕੇ ਕਰਨ ਦਾ ਦਾਅਵਾ ਕੀਤਾ ਗਿਆ ਸੀ, ਜਿਸ ਕਾਰਨ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਸਾਈਬਰ ਸੈੱਲ ਵੱਲੋਂ ਜਾਂਚ ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
ਧਮਕੀ ਮਿਲਣ ਸਾਰ ਹੀ ਗੁਰੂਗ੍ਰਾਮ ਪੁਲੀਸ ਅਤੇ ਬੰਬ ਨਿਰੋਧਕ ਦਸਤੇ ਨੇ ਡੀ.ਏ.ਵੀ. ਸਕੂਲ ਸੈਕਟਰ-14, 49 ਸਮੇਤ ਹੋਰਨਾਂ ਸੰਸਥਾਵਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਪੁਲੀਸ ਦੇ ਸਾਈਬਰ ਸੈੱਲ ਦੀਆਂ ਟੀਮਾਂ ਈ-ਮੇਲ ਦੇ ਆਈ.ਪੀ. ਐਡਰੈੱਸ (IP Address) ਨੂੰ ਟਰੇਸ ਕਰਨ ਵਿੱਚ ਜੁਟੀਆਂ ਹੋਈਆਂ ਹਨ। ਮਾਹਰਾਂ ਅਨੁਸਾਰ ਇਹ ਧਮਕੀਆਂ ‘ਈ-ਮੇਲ ਟੈਰਰ’ ਦਾ ਹਿੱਸਾ ਹਨ, ਜਿੱਥੇ ਹਮਲਾਵਰ VPN ਅਤੇ ਵਿਦੇਸ਼ੀ ਸਰਵਰਾਂ ਦੀ ਵਰਤੋਂ ਕਰਕੇ ਆਪਣੀ ਪਛਾਣ ਛੁਪਾਉਂਦੇ ਹਨ। ਪਿਛਲੇ ਕੁਝ ਮਹੀਨਿਆਂ ਵਿੱਚ ਚੰਡੀਗੜ੍ਹ, ਅੰਬਾਲਾ ਅਤੇ ਮੋਹਾਲੀ ਦੇ ਸਕੂਲਾਂ ਨੂੰ ਵੀ ਅਜਿਹੀਆਂ ਫ਼ਰਜ਼ੀ ਧਮਕੀਆਂ ਮਿਲ ਚੁੱਕੀਆਂ ਹਨ, ਜਿਨ੍ਹਾਂ ਦਾ ਮੁੱਖ ਮਕਸਦ ਜਨਤਾ ਵਿੱਚ ਸਹਿਮ ਪੈਦਾ ਕਰਨਾ ਅਤੇ ਸਰਕਾਰੀ ਮਸ਼ੀਨਰੀ ਨੂੰ ਪਰੇਸ਼ਾਨ ਕਰਨਾ ਹੈ।
ਹਰਿਆਣਾ ਅਤੇ ਚੰਡੀਗੜ੍ਹ ਦੇ ਸਕੂਲਾਂ ਨੂੰ ਕਦੋਂ-ਕਦੋਂ ਮਿਲੀਆਂ ਧਮਕੀਆਂ?
19 ਜਨਵਰੀ: ਅੰਬਾਲਾ ਦੇ 3 ਸਕੂਲਾਂ ਨੂੰ ‘ਹਰਿਆਣਾ ਬਣੇਗਾ ਖਾਲਿਸਤਾਨ’ ਦੇ ਸੰਦੇਸ਼ ਵਾਲੀ ਧਮਕੀ ਭਰੀ ਈ-ਮੇਲ ਮਿਲੀ।
28 ਜਨਵਰੀ: ਚੰਡੀਗੜ੍ਹ ਦੇ 26 ਸਕੂਲਾਂ ਨੂੰ ਇੱਕੋ ਸਮੇਂ ਈ-ਮੇਲ ਭੇਜ ਕੇ ਬੰਬ ਧਮਾਕਿਆਂ ਦੀ ਧਮਕੀ ਨਾਲ ਡਰਾਇਆ ਗਿਆ।
11 ਫਰਵਰੀ: ਮੁਹਾਲੀ ਦੇ 16 ਨਿੱਜੀ ਸਕੂਲਾਂ ਨੂੰ ‘ਮਨੁੱਖੀ ਬੰਬ’ (Human Bomb) ਹਮਲੇ ਦੀ ਚਿਤਾਵਨੀ ਦਿੱਤੀ ਗਈ।
27 ਫਰਵਰੀ: ਚੰਡੀਗੜ੍ਹ ਦੇ ਸ਼ਿਵਾਲਿਕ ਪਬਲਿਕ ਸਕੂਲ ਅਤੇ ਕਾਰਮਲ ਕਾਨਵੈਂਟ ਸਮੇਤ ਕਈ ਹੋਰ ਸਕੂਲਾਂ ਨੂੰ ਮੁੜ ਨਿਸ਼ਾਨਾ ਬਣਾਇਆ ਗਿਆ।
2 ਮਾਰਚ: ਜਲੰਧਰ ਦੇ 2 ਮਸ਼ਹੂਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ।
10 ਮਾਰਚ (ਅੱਜ): ਗੁਰੂਗ੍ਰਾਮ ਦੇ ਕਈ ਨਾਮੀ ਸਕੂਲਾਂ ਨੂੰ ਈ-ਮੇਲ ਪ੍ਰਾਪਤ ਹੋਈ, ਜਿਸ ਵਿੱਚ ਦੁਪਹਿਰ 1:11 ਵਜੇ ਧਮਾਕੇ ਕਰਨ ਦਾ ਦਾਅਵਾ ਕੀਤਾ ਗਿਆ।

