ਦਵਿੰਦਰ ਸਿੰਘ
ਯਮੁਨਾਨਗਰ, 15 ਸਤੰਬਰ
ਭਾਜਪਾ ਜ਼ਿਲ੍ਹਾ ਯਮੁਨਾਨਗਰ ਦੇ ਵਰਕਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਗਲਤ ਬਿਆਨਬਾਜ਼ੀ ਦੇ ਵਿਰੋਧ ਵਿੱਚ ਉਨ੍ਹਾਂ ਦਾ ਜਗਾਧਰੀ-ਅੰਬਾਲਾ ਹਾਈਵੇਅ ’ਤੇ ਪੁਤਲਾ ਫੂਕਿਆ। ਇਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਭਾਜਪਾ ਨੇਤਾਵਾਂ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ ਹਰਿਆਣਾ ਵਿੱਚ ਚਲਾਏ ਜਾ ਰਹੇ ਕਿਸਾਨ ਅੰਦੋਲਨ ਵਿੱਚ ਪੰਜਾਬ ਤੋਂ ਕਾਂਗਰਸੀਆਂ ਨੂੰ ਭੇਜਿਆ ਜਾ ਰਿਹਾ ਹੈ ਪੁਰ ਹੁਣ ਤਾਂ ਖੁਦ ਆਪ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੰਚ ਤੋਂ ਜਨਤਕ ਤੌਰ ’ਤੇ ਅੰਦੋਲਨਕਾਰੀਆਂ ਨੂੰ ਹਰਿਆਣਾ ਅਤੇ ਦਿੱਲੀ ਦੇ ਬਾਰਡਰ ’ਤੇ ਧਰਨਾ ਦੇਣ ਲਈ ਕਹਿ ਦਿੱਤਾ ਹੈ। ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਹਰਿਆਣਾ ਦੀ ਅਰਥ ਅਤੇ ਕਾਨੂੰਨ ਵਿਵਸਥਾ ਨੂੰ ਖਰਾਬ ਕਰਨਾ ਚਾਹੁੰਦੇ ਹਨ ਜੋ ਕਿ ਸਰਾਸਰ ਗਲਤ ਹੈ। ਯਮੁਨਾਨਗਰ ਦੇ ਵਿਧਾਇਕ ਘਣਸ਼ਾਮ ਦਾਸ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਹਰਿਆਣਾ ਪ੍ਰਦੇਸ਼ ਨੂੰ ਕਿੰਨਾ ਨੁਕਸਾਨ ਪਹੁੰਚਾ ਰਹੇ ਹਨ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟਿਕਰੀ ਅਤੇ ਕੁੰਡਲੀ ਬਾਰਡਰ ਦੇ ਸਨਅਤਕਾਰਾਂ ਨੇ ਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ ਨੂੰ ਬਾਰਡਰ ਖਾਲੀ ਕਰਵਾਉਣ ਲਈ ਕਿਹਾ ਹੈ ਅਤੇ ਕਮਿਸ਼ਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਖੇਤਰ ਦੇ ਨੌਂ ਹਜ਼ਾਰ ਉਦਯੋਗ ਬੰਦ ਹਨ ਅਤੇ ਉਦਯੋਗਾਂ ਦਾ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ । ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਰਿੰਦਰ ਬਨਕਟ, ਪੁਨੀਤ ਬਿੰਦਲ, ਵਿਪੁਲ ਗਰਗ, ਸੀਤਾਰਾਮ ਮਿੱਤਲ, ਅਮਿਤ ਚੋਹਾਨ, ਅਭਿਸ਼ੇਕ ਅਰੋੜਾ, ਜੈ ਪਰਕਾਸ਼, ਤੁਲਸੀ ਗੋਸਵਾਮੀ, ਰਾਜੂ ਸਪਰਾ, ਭਾਜਪਾ ਜ਼ਿਲ੍ਹਾ ਮੀਡੀਆ ਇੰਚਾਰਜ ਕਪਿਲ ਮਨੀਸ਼ ਗਰਗ ਮੌਜੂਦ ਸਨ ।