ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਜੁਲਾਈ
ਅੱਜ ਇੱਥੇ ਸਵੇਰੇ ਕੌਮੀ ਰਾਜਧਾਨੀ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਭਾਰੀ ਮੀਂਹ ਪਿਆ। ਭਾਰੀ ਮੀਂਹ ਕਾਰਨ ਕਈ ਥਾਵਾਂ ’ਤੇ ਪਾਣੀ ਭਰ ਗਿਆ। ਮੀਂਹ ਨਾਲ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਕੌਮੀ ਰਾਜਧਾਨੀ ਵਿੱਚ ਇਸ ਵਾਰ ਪਾਣੀ ਭਰਨ ਦੀ ਸਮੱਸਿਆ ਨਾ ਆਉਣ ਦੇ ਦਾਅਵੇ ਇਸ ਮੀਂਹ ਵਿੱਚ ਧੋਤੇ ਗਏ।
ਬੀਤੇ ਸਾਲਾਂ ਵਾਂਗ ਹੀ ਇਸ ਵਾਰ ਵੀ ਦਿੱਲੀ ਦੇ ਕਈ ਖੇਤਰਾਂ ਦੀਆਂ ਸੜਕਾਂ ਨਹਿਰਾਂ ਦਾ ਰੂਪ ਧਾਰਨ ਕਰ ਗਈਆਂ। ਭਾਰਤ ਮੌਸਮ ਵਿਭਾਗ ਨੇ ਸੋਮਵਾਰ ਲਈ ਦਿੱਲੀ ਲਈ ਪੀਲਾ ਅਲਰਟ ਜਾਰੀ ਕੀਤਾ, ਜਿਸ ਵਿੱਚ ਕੌਮੀ ਰਾਜਧਾਨੀ ਵਿੱਚ ਕਈ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਗਈ। ਦਿੱਲੀ ਟਰੈਫਿਕ ਪੁਲੀਸ ਨੇ ਸੋਮਵਾਰ ਨੂੰ ਐਡਵਾਈਜ਼ਰੀ ਜਾਰੀ ਕੀਤੀ, ਕੁਝ ਰੂਟਾਂ ਨੂੰ ਬਦਲ ਦਿੱਤਾ ਕਿਉਂਕਿ ਕੁਝ ਸੜਕਾਂ ਉੱਪਰ ਪਾਣੀ ਭਰ ਗਿਆ ਸੀ। ਖਾਸ ਕਰਕੇ ਮੀਂਹ ਦਾ ਅਸਰ ਦੱਖਣੀ ਅਤੇ ਦੱਖਣੀ ਪੱਛਮੀ ਦਿੱਲੀ ਵਿੱਚ ਜ਼ਿਆਦਾ ਦਿਖਾਈ ਦਿੱਤਾ। ਦਿੱਲੀ ਟਰੈਫਿਕ ਪੁਲੀਸ ਵੱਲੋਂ ਕੁਝ ਰੂਟਾਂ ਨੂੰ ਡਾਇਵਰਟ ਕੀਤਾ ਗਿਆ ਕਿਉਂਕਿ ਤੇਜ਼ ਮੀਂਹ ਕਾਰਨ ਕਈ ਖੇਤਰਾਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਆਵਾਜਾਈ ਵਿੱਚ ਵਿਘਨ ਪਿਆ। ਮਹਿਰੌਲੀ-ਬਦਰਪੁਰ ਰੋਡ ‘ਤੇ ਵੱਖ ਵੱਖ ਗੱਡੀਆਂ ਸੜਕਾਂ ਉੱਪਰ ਭਰੇ ਪਾਣੀ ਵਿੱਚੋਂ ਲੰਘਦੀਆਂ ਦੇਖੀਆਂ ਗਈਆਂ। ਦਿੱਲੀ ਟਰੈਫਿਕ ਪੁਲੀਸ ਨੇ ਐਕਸ ‘ਤੇ ਕਿਹਾ ਕਿ ਰੋਹਤਕ ਰੋਡ ’ਤੇ ਪਾਣੀ ਭਰਨ, ਟੋਇਆਂ ਅਤੇ ਪੀਡਬਲਿਊਡੀ ਦੁਆਰਾ ਚੱਲ ਰਹੇ ਸੜਕ, ਸੀਵਰੇਜ ਦੀ ਮੁਰੰਮਤ ਦੇ ਕੰਮ ਕਾਰਨ ਦੋਵੇਂ ਦਿਸ਼ਾਵਾਂ ਨਾਂਗਲੋਈ ਤੋਂ ਮੁੰਡਕਾ ਅਤੇ ਇਸ ਦੇ ਉਲਟ ਮੁੰਡਕਾ ਤੋਂ ਨਾਂਗਲੋਈ ਲਈ ਆਵਾਜਾਈ ਪ੍ਰਭਾਵਿਤ ਹੋਈ। ਹਾਲਾਂਕਿ ਦਿੱਲੀ ਸਰਕਾਰ ਵੱਲੋਂ ਆਈਟੀਓ ਦੇ ਇਲਾਕੇ ਅਤੇ ਮੈਂਟੋ ਬ੍ਰਿਜ ਹੇਠਾਂ ਪਾਣੀ ਭਰਨ ਤੋਂ ਰੋਕਣ ਦੇ ਬੰਦੋਬਸਤ ਇਸ ਵਾਰ ਕੀਤੇ ਹੋਏ ਹਨ। ਸਵੇਰੇ ਮੀਂਹ ਪੈਣ ਕਾਰਨ ਵਿਦਿਆਰਥੀਆਂ ਨੂੰ ਸਕੂਲ ਅਤੇ ਕਾਲਜ ਜਾਣਾ ਮੁਸ਼ਕਲ ਹੋ ਗਿਆ। ਸਕੂਲਾਂ ਵਿੱਚ ਬਹੁਤੇ ਵਿਦਿਆਰਥੀ ਮੀਂਹ ਕਾਰਨ ਦੇਰੀ ਨਾਲ ਪਹੁੰਚੇ। ਮੀਂਹ ਕਾਰਨ ਕਈ ਖੇਤਰਾਂ ਵਿੱਚ ਪਾਣੀ ਭਰਨ ਕਾਰਨ ਸੜਕਾਂ ’ਤੇ ਜਾਮ ਲੱਗ ਗਏ। ਲੋਕਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਕਾਫ਼ੀ ਇੰਤਜ਼ਾਰ ਕਰਨਾ ਪਿਆ। ਅੱਜ ਕਈ ਪਾਰਕਾਂ ਵਿੱਚ ਕਾਫ਼ੀ ਪਾਣੀ ਭਰ ਗਿਆ।
ਦਿੱਲੀ-ਮੇਰਠ ਹਾਈਵੇਅ ’ਤੇ ਲੱਗਾ ਜਾਮ
ਫਰੀਦਾਬਾਦ (ਪੱਤਰ ਪ੍ਰੇਰਕ): ਅੱਜ ਸਵੇਰੇ ਦਿੱਲੀ-ਐਨਸੀਆਰ ਵਿੱਚ ਮੀਂਹ ਕਾਰਨ ਸੜਕੀ ਆਵਾਜਾਈ ਪ੍ਰਭਾਵਿਤ ਹੋਈ। ਫਰੀਦਾਬਾਦ ਵਿੱਚ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਪਰ ਸਵੇਰੇ ਹੋਈ ਬਾਰਿਸ਼ ਕਾਰਨ ਐੱਨਆਈਟੀ 5 ਸੀ ਬਲਾਕ ਅਤੇ ਨੈਸ਼ਨਲ ਹਾਈਵੇਅ ਮੀਂਹ ਦੇ ਪਾਣੀ ਨਾਲ ਭਰ ਗਏ। ਇਸ ਕਾਰਨ ਆਵਾਜਾਈ ਦੀ ਗਤੀ ਥੋੜ੍ਹੀ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਲੋਕਾਂ ਨੂੰ ਦਫ਼ਤਰ ਜਾਂਦੇ ਸਮੇਂ ਲੰਬੀ ਆਵਾਜਾਈ ਦਾ ਸਾਹਮਣਾ ਕਰਨਾ ਪਿਆ। ਸੜਕਾਂ ‘ਤੇ ਪਾਣੀ ਭਰ ਗਿਆ। ਮੀਂਹ ਦਾ ਸਭ ਤੋਂ ਵੱਧ ਪ੍ਰਭਾਵ ਨੈਸ਼ਨਲ ਹਾਈਵੇਅ 48 ਵਰਗੇ ਪ੍ਰਮੁੱਖ ਰੂਟਾਂ ‘ਤੇ ਦੇਖਿਆ ਗਿਆ ਜੋ ਗੁਰੂਗ੍ਰਾਮ ਅਤੇ ਦਿੱਲੀ ਨੂੰ ਜੋੜਦਾ ਹੈ। ਆਵਾਜਾਈ ਦੀ ਰਫ਼ਤਾਰ ਹੌਲੀ ਸੀ ਅਤੇ ਪੀਕ ਆਵਰ ਸ਼ੁਰੂ ਹੋਣ ਦੇ ਨਾਲ ਹੀ ਭੀੜ ਵਧ ਗਈ। ਗੁਰੂਗ੍ਰਾਮ ਤੋਂ ਦਿੱਲੀ ਦੇ ਦੋਵਾਂ ਰੂਟਾਂ ‘ਤੇ ਆਵਾਜਾਈ ਦੀ ਰਫ਼ਤਾਰ ਸੁਸਤ ਰਹੀ ਜਿਸ ਨਾਲ ਯਾਤਰੀਆਂ ਦੀ ਪ੍ਰੇਸ਼ਾਨੀ ਹੋਰ ਵੀ ਵਧ ਗਈ। ਗਾਜ਼ੀਆਬਾਦ ਵਿੱਚ ਮੀਂਹ ਕਾਰਨ ਕਈ ਥਾਵਾਂ ’ਤੇ ਪਾਣੀ ਭਰ ਗਿਆ। ਸਵੇਰੇ ਹੋਈ ਬਾਰਿਸ਼ ਤੋਂ ਬਾਅਦ ਸੜਕਾਂ ਕਿਨਾਰੇ ਪਾਣੀ ਭਰ ਗਿਆ। ਦਿੱਲੀ-ਮੇਰਠ ਹਾਈਵੇਅ ‘ਤੇ ਵੱਡਾ ਜਾਮ ਲੱਗ ਗਿਆ। ਸਵੇਰੇ 5 ਵਜੇ ਤੋਂ ਹੀ ਸੜਕ ‘ਤੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਬੱਚੇ ਸਵੇਰੇ ਸਕੂਲ ਪਹੁੰਚਣ ਵਿੱਚ ਵੀ ਦੇਰੀ ਨਾਲ ਪੁੱਜੇ। ਡਿਊਟੀ ਅਤੇ ਹੋਰ ਜ਼ਰੂਰੀ ਕੰਮਾਂ ਲਈ ਘਰੋਂ ਨਿਕਲੇ ਲੋਕ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚ ਸਕੇ। ਗੰਗਾਨਹਰ ਪੁਲ ਤੋਂ ਵੀ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਆਹਮੋ-ਸਾਹਮਣੇ ਵਾਹਨ ਆਉਣ ਕਾਰਨ ਪੁਲੀਸ ਵੀ ਜਾਮ ਹਟਾਉਣ ਵਿੱਚ ਅਸਫਲ ਰਹੀ। ਜਦੋਂ ਲੋਕ ਲਿੰਕ ਸੜਕਾਂ ਵੱਲ ਮੁੜੇ ਤਾਂ ਉੱਥੇ ਵੀ ਜਾਮ ਲੱਗ ਗਿਆ। ਇਸ ਕਾਰਨ ਕਲੋਨੀਆਂ ਦੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।