ਗੁਰੂ ਅਮਰਦਾਸ ਦਾ ਪ੍ਰਕਾਸ਼ ਪੁਰਬ ਮਨਾਇਆ
ਗੁਰਦੁਆਰਾ ਰਾਤਗਡ਼੍ਹ ਸਾਹਿਬ ’ਚ ਗੁਰਮਤਿ ਸਮਾਗਮ; ਸੰਗਤ ਨੂੰ ਗੁਰਬਾਣੀ ਨਾਲ ਜੁਡ਼ਨ ਲਈ ਪ੍ਰੇਰਿਆ
ਗੁਰੂ ਅਮਰਦਾਸ ਦੇ ਪ੍ਰਕਾਸ਼ ਪੁਰਬ ਅਤੇ ਗੁਰਦੁਆਰੇ ਦੇ 10ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਇੱਥੋਂ ਦੇ ਗੁਰਦੁਆਰਾ ਰਾਤਗੜ੍ਹ ਸਾਹਿਬ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਖੰਡ ਪਾਠ ਦੇ ਭੋਗ ਤੋਂ ਬਾਅਦ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਗੁਰਦੁਆਰਾ ਨਾਢਾ ਸਾਹਿਬ ਦੇ ਹੈੱਡ ਗ੍ਰੰਥੀ ਜਗਜੀਤ ਸਿੰਘ, ਗਗਨਦੀਪ ਸਿੰਘ, ਰਾਗੀ ਰਾਧੇ ਸਿੰਘ ਸ਼ਾਹਬਾਦ ਮਾਰਕੰਡਾ ਵਾਲੇ, ਰਾਗੀ ਤੇਜਿੰਦਰ ਸਿੰਘ ਦਿੱਲੀ ਵਾਲੇ ਅਤੇ ਰਾਗੀ ਗੁਰਜੋਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਰਾਤਗੜ੍ਹ ਸਾਹਿਬ ਨੇ ਕਥਾ ਕੀਰਤਨ ਅਤੇ ਗੁਰੂ ਇਤਿਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਸਕੱਤਰ ਗੁਰਜੰਟ ਸਿੰਘ ਨੇ ਪ੍ਰਕਾਸ਼ ਪੁਰਬ ਅਤੇ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਕਥਾਵਾਚਕ ਜਗਜੀਤ ਸਿੰਘ ਨੇ ਗੁਰੂ ਅਮਰਦਾਸ ਦੇ ਜੀਵਨ ਬਾਰੇ ਚਾਨਣਾ ਪਾਉਂਦੇ ਹੋਏ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇ ਬਿਨਾਂ ਅਕਾਲ ਪੁਰਖ ਤੱਕ ਨਹੀਂ ਪਹੁੰਚ ਸਕਦੇ। ਗੁਰੂ ਤੋਂ ਬਿਨਾਂ ਜੀਵਨ ਹਨੇਰੇ ਨਾਲ ਭਰਿਆ ਹੋਇਆ ਹੈ ਅਤੇ ਹਨੇਰੇ ਵਿੱਚ ਕੁਝ ਵੀ ਨਹੀਂ ਮਿਲ ਸਕਦਾ। ਗੁਰੂ ਦਾ ਅਰਥ ਉਹ ਹੈ ਜੋ ਹਨੇਰੇ ਤੋਂ ਬਾਹਰ ਕੱਢਦਾ ਹੈ ਅਤੇ ਗਿਆਨ ਦੀ ਰੌਸ਼ਨੀ ਨਾਲ ਰੌਸ਼ਨ ਕਰਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਤੋਂ ਬਿਨਾਂ ਜੀਵਨ ਵਿੱਚ ਬਹੁਤ ਹਨੇਰਾ ਹੈ ਗੁਰੂ ਤੋਂ ਬਿਨਾਂ, ਕੋਈ ਸਮਝ ਨਹੀਂ ਆ ਸਕਦੀ ਇਸ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਨਾ ਚਾਹੀਦਾ ਹੈ। ਕਥਾਵਾਚਕ ਗਗਨਦੀਪ ਸਿੰਘ ਨੇ ਕਿਹਾ ਕਿ ਗੁਰੂ ਅਮਰਦਾਸ ਨੇ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਸੇਵਕ ਕਿਵੇਂ ਬਣਨਾ ਹੈ, ਅਤੇ ਗੁਰੂ ਨਾਨਕ ਦੇਵ ਜੀ ਦੇ ਘਰ ਸੇਵਾ ਕਿਵੇਂ ਕਰਨੀ ਹੈ ਦੇ ਬਾਰੇ ਸਿਖਾਇਆ ਹੈ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਉਸ ਤੇ ਅਮਲ ਕਰਨ ਦੀ ਗੱਲ ਕਹੀ। ਇਸ ਮੌਕੇ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਗੁਰਦੁਆਰਾ ਸ੍ਰੀ ਰਾਤਗੜ੍ਹ ਸਾਹਿਬ ਦੇ ਪ੍ਰਧਾਨ ਭਗਤ ਸਿੰਘ, ਸਕੱਤਰ ਗੁਰਜੰਟ ਸਿੰਘ, ਜਨਰਲ ਸਕੱਤਰ ਪ੍ਰਿਥਵੀ ਸਿੰਘ, ਲਾਲ ਸਿੰਘ, ਜਤਿੰਦਰ ਸਿੰਘ ਅਬਦੁੱਲਾ, ਨਰਿੰਦਰ ਸਿੰਘ, ਹਰਜਿੰਦਰ ਸਿੰਘ, ਇਕਬਾਲ ਸਿੰਘ, ਜਗੀਰ ਸਿੰਘ, ਮਾਸਟਰ ਸਤਨਾਮ ਸਿੰਘ, ਬਚਿੱਤਰ ਸਿੰਘ ਪ੍ਰਭਜੋਤ ਸਿੰਘ ਸਮੇਤ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।

