ਪ੍ਰਭੂ ਦਿਆਲ/ਜਗਤਾਰ ਸਮਾਲਸਰ
ਸਿਰਸਾ/ਏਲਨਾਬਾਦ, 16 ਸਤੰਬਰ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਿਰਸਾ ਦੌਰੇ ਤੋਂ ਪਹਿਲਾਂ ਪੁਲੀਸ ਨੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਹੈਪੀ ਰਾਣੀਆਂ, ਵਰਿੰਦਰ ਕੁਮਾਰ ਐਡਵੋਕੇਟ, ਕੁਲਦੀਪ ਗਦਰਾਨਾ ਐਡਵੋਕੇਟ ਸਮੇਤ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਦਾ ਕਹਿਣਾ ਹੈ ਕਿ ਇਹ ਆਗੂ ਮੁੱਖ ਮੰਤਰੀ ਦੇ ਜਨ ਸੰਵਾਦ ਦਾ ਵਿਰੋਧ ਕਰਨਾ ਚਾਹੁੰਦੇ ਸਨ। ਉਧਰ ਸਰਪੰਚ ਐਸੋਸੀਏਸ਼ਨ ਦੀ ਸੂਬਾਈ ਮੀਤ ਪ੍ਰਧਾਨ ਸੰਤੋਸ਼ ਬੈਨੀਵਾਲ ਨੂੰ ਵੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਤੋਂ ਇਲਾਵਾ ਏਲਨਾਬਾਦ ਬਲਾਕ ਤੇ ਕਈ ਪਿੰਡਾਂ ਦੇ ਸਰਪੰਚਾਂ ਨੂੰ ਪੁਲੀਸ ਨੇ ਸਿਰਸਾ ਪਹੁੰਚਣ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲੈ ਕੇ ਮੱਲੇਕਾ ਪੁਲੀਸ ਚੌਕੀ ਵਿੱਚ ਨਜ਼ਰਬੰਦ ਕਰ ਦਿੱਤਾ। ਕਾਂਗਰਸ ਦੇ ਸੀਨੀਅਰ ਆਗੂ ਰਾਜ ਕੁਮਾਰ ਸ਼ਰਮਾ ਤੇ ਕਈ ਹੋਰ ਕਾਂਗਰਸ ਆਗੂਆਂ ਨੂੰ ਪੁਲੀਸ ਨੇ ਘਰਾਂ ਅੰਦਰ ਨਜ਼ਰਬੰਦ ਕਰ ਦਿੱਤਾ ਹੈ ਤੇ ਕਈਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸਰੰਪਚ ਐਸੋਸੀਏਸ਼ਨ ਵੱਲੋਂ ਕਈ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਦੇ ਸਿਰਸਾ ਦੌਰੇ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ। ਪੁਲੀਸ ਮੁੱਖ ਮੰਤਰੀ ਦੇ ਸਿਰਸਾ ਪਹੁੰਚਣ ਤੋਂ ਪਹਿਲਾਂ ਹੀ ਦਰਜਨ ਆਗੂਆਂ ਨੂੰ ਅਣਦੱਸੀ ਥਾਂ ਲੈ ਗਈ।