ਬਲਬੀਰ ਸਿੰਘ ਰਿਟਾਇਰਡ ਪ੍ਰਿੰਸੀਪਲਜ਼ ਐਂਡ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਣੇ
ਦਯਾਨੰਦ ਕਾਲਜ ਹਿਸਾਰ ਵਿੱਚ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਹੋਈ ਚੋਣ
ਰਿਟਾਇਰਡ ਕਾਲਜ ਪ੍ਰਿੰਸੀਪਲਜ਼ ਐਂਡ ਟੀਚਰਜ਼ ਐਸੋਸੀਏਸ਼ਨ (ਆਰ ਸੀ ਪੀ ਟੀ ਏ) ਹਰਿਆਣਾ ਦੀ ਵਿਸ਼ੇਸ਼ ਮੀਟਿੰਗ ਦਯਾਨੰਦ ਕਾਲਜ ਹਿਸਾਰ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਡਾ. ਵਿਕਰਮਜੀਤ ਸਿੰਘ ਨੇ ਕੀਤੀ। ਮੀਟਿੰਗ ਵਿੱਚ ਯਮੁਨਾਨਗਰ ਦੇ ਵਫ਼ਦ ਨੇ ਹਰਿਆਣਾ ਦੇ ਮੌਜੂਦਾ ਪ੍ਰਧਾਨ ਡਾ. ਅਮਰ ਸਿੰਘ ਮਲਹੋਤਰਾ ਦੀ ਅਗਵਾਈ ਹੇਠ ਸ਼ਿਰਕਤ ਕੀਤੀ। ਇਸ ਦੌਰਾਨ ਸੂਬੇ ਦੇ ਵੱਖ-ਵੱਖ ਜ਼ੋਨਾਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਜਨਰਲ ਸਕੱਤਰ ਡਾ. ਆਰ ਕੇ ਅਵਸਥੀ ਵੱਲੋਂ ਅਕਤੂਬਰ 25 ਵਿੱਚ ਯਮੁਨਾਨਗਰ ਵਿਖੇ ਹੋਈ ਮੀਟਿੰਗ ਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਮਰ ਸਿੰਘ ਮਲਹੋਤਰਾ ਨੇ ਸੇਵਾਮੁਕਤ ਅਧਿਆਪਕਾਂ ਦੀਆਂ ਮੰਗਾਂ ਬਾਰੇ ਉਚੇਰੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਗੱਲਬਾਤ ਦਾ ਵੇਰਵਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ‘ਨੋਸ਼ਨਲ ਇੰਕਰੀਮੈਂਟ’ ਅਤੇ ‘ਗਰੈਚੁਟੀ’ ਦੀ ਰਕਮ ਵਧਾਉਣ ਸਬੰਧੀ ਫਾਈਲ ਵਿੱਤ ਵਿਭਾਗ ਕੋਲ ਪੈਂਡਿੰਗ ਹੈ ਅਤੇ ਜਲਦੀ ਹੀ ਸਾਕਾਰਾਤਮਕ ਨਤੀਜੇ ਆਉਣ ਦੀ ਉਮੀਦ ਹੈ। ਉਨ੍ਹਾਂ ਅਦਾਲਤੀ ਮਾਮਲਿਆਂ ਬਾਰੇ ਵੀ ਜਾਣਕਾਰੀ ਦਿੱਤੀ।
ਵਿਚਾਰ-ਵਟਾਂਦਰੇ ਮਗਰੋਂ ਨਵੇਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਕੇ ਐੱਲ ਪੀ ਕਾਲਜ ਰਿਵਾੜੀ ਦੇ ਡਾ. ਐੱਲ ਐੱਸ ਯਾਦਵ ਨੂੰ ਸਰਪ੍ਰਸਤ ਅਤੇ ਗੁਰੂ ਨਾਨਕ ਖ਼ਾਲਸਾ ਕਾਲਜ ਯਮੁਨਾਨਗਰ ਦੇ ਡਾ. ਬਲਬੀਰ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਡਾ. ਐੱਮ ਐੱਸ ਖਾਂਚੀ (ਜਨਤਾ ਕਾਲਜ, ਕੌਲ) ਨੂੰ ਮੀਤ ਪ੍ਰਧਾਨ, ਡਾ. ਆਰ ਕੇ ਅਵਸਥੀ (ਵੈਸ਼ ਕਾਲਜ, ਰੋਹਤਕ) ਨੂੰ ਜਨਰਲ ਸਕੱਤਰ, ਡਾ. ਸੁਖਵੰਤ ਸਿੰਘ (ਗੁਰੂ ਨਾਨਕ ਖ਼ਾਲਸਾ ਕਾਲਜ, ਕਰਨਾਲ) ਨੂੰ ਵਿੱਤ ਸਕੱਤਰ, ਡਾ. ਅਨਿਰੁੱਧ ਭਾਰਤੀ (ਆਰੀਆ ਕਾਲਜ, ਪਾਣੀਪਤ) ਨੂੰ ਪ੍ਰੈੱਸ ਸਕੱਤਰ ਅਤੇ ਡਾ. ਅਮਰ ਸਿੰਘ ਮਲਹੋਤਰਾ (ਗੁਰੂ ਨਾਨਕ ਖ਼ਾਲਸਾ ਕਾਲਜ, ਯਮੁਨਾਨਗਰ) ਨੂੰ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ।
ਨਵੇਂ ਚੁਣੇ ਗਏ ਪ੍ਰਧਾਨ ਡਾ. ਬਲਬੀਰ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਸੇਵਾਮੁਕਤ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਸਰਕਾਰ ਤੋਂ ਪੂਰੀਆਂ ਕਰਵਾਉਣ ਲਈ ਕੋਈ ਕਸਰ ਨਹੀਂ ਛੱਡਣਗੇ। ਮੀਟਿੰਗ ਨੂੰ ਡਾ. ਮਹਿਤਾਬ ਸਿੰਘ, ਡਾ. ਆਰ ਪੀ ਸਾਹਨੀ, ਡਾ. ਹੇਮਰਾਜ ਸ਼ਰਮਾ, ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ ਤੇ ਪ੍ਰੋ. ਈਸ਼ਰ ਸਿੰਘ ਨੇ ਵੀ ਸੰਬੋਧਨ ਕੀਤਾ।

