ਸਥਾਨਕ ਆਰੀਆ ਕੰਨਿਆ ਕਾਲਜ ਵਿੱਚ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ। ਇਸ ਵਿੱਚ ਕਾਲਜ ਦੇ ਰਸਾਇਣ ਵਿਗਿਆਨ ਵਿਭਾਗ ਨੇ ‘ਪਲਾਸਟਿਕ ਤੋਂ ਆਜ਼ਾਦੀ ਛੋਟੇ ਕਦਮ ਵੱਡਾ ਬਦਲਾਅ’ ਵਿਸ਼ੇ ’ਤੇ ਭਾਸ਼ਣ ਦਾ ਪ੍ਰਬੰਧ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਪਲਾਸਟਿਕ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਤੇ ਉਨ੍ਹਾਂ ਨੂੰ ਵਾਤਾਵਰਨ ਦੀ ਰੱਖਿਆ ਲਈ ਪ੍ਰੇਰਿਤ ਕਰਨਾ ਸੀ। ਰਸਾਇਣ ਵਿਭਾਗ ਦੀ ਮੁਖੀ ਅਤੇ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਆਪਣੇ ਭਾਸ਼ਣ ਵਿੱਚ ਪਾਲਿਮਰ ਦੀ ਧਾਰਨਾ ਨੂੰ ਸਰਲ ਸ਼ਬਦਾਂ ਵਿੱਚ ਸਮਝਾਇਆ। ਪਲਾਸਟਿਕ ਲੰਮੇ ਚੇਨ ਦੇ ਅਣੂਆਂ ਤੋਂ ਬਣਿਆ ਹੁੰਦਾ ਹੈ ਜੋ ਆਸਾਨੀ ਨਾਲ ਨਹੀਂ ਟੁੱਟਦੇ ਅਤੇ ਲੰਮੇ ਸਮੇਂ ਤਕ ਵਾਤਾਵਰਨ ਵਿੱਚ ਬਣੇ ਰਹਿੰਦੇ ਹਨ। ਇਸ ਨਾਲ ਪ੍ਰਦੂਸ਼ਣ ਵਧਦਾ ਹੈ। ਉਨ੍ਹਾਂ ਕਿਹਾ ਕਿ ਮਾਈਕ੍ਰੋਪਲਾਸਟਿਕ ਦੇ ਛੋਟੇ ਕਣ ਪਾਣੀ, ਭੋਜਨ ਅਤੇ ਹਵਾ ਰਾਹੀਂ ਮਨੁੱਖੀ ਸਰੀਰ ਵਿੱਚ ਦਾਖ਼ਲ ਹੋ ਜਾਂਦੇ ਹਨ ਤੇ ਸਿਹਤ ’ਤੇ ਮਾੜਾ ਪ੍ਰਭਾਵ ਪਾਉਂਦੇ ਹਨ। ਡਾ. ਆਰਤੀ ਨੇ ਸਿੰਗਲ ਯੂਜ਼ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੱਪੜੇ ਦੇ ਥੈਲੇ ਅਤੇ ਹੋਰ ਵਾਤਾਵਰਨ ਪੱਖੀ ਵਿਕਲਪਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਮੁੜ ਵਰਤੋਂ ਤੇ ਰੀਸਾਈਕਲਿੰਗ ਦੀਆਂ ਆਦਤਾਂ ਅਪਣਾਉਣ ’ਤੇ ਜ਼ੋਰ ਦਿੱਤਾ।
ਇਸ ਵਿਸ਼ੇ ਨੂੰ ਹੋਰ ਦਿਲਚਸਪ ਬਣਾਉਣ ਲਈ ਵਿਦਿਆਰਥੀਆਂ ਨੂੰ ਐਨੀਮੇਟਡ ਵੀਡੀਓ ਅਤੇ ਗੀਤਾਂ ਰਾਹੀਂ ਵੀ ਪ੍ਰੇਰਿਤ ਕੀਤਾ ਗਿਆ। ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ ਤੇ ਸੁਆਲਾਂ ਵੀ ਪੁੱਛੇ। ਇਸ ਮੌਕੇ ਸ਼ੈਂਕੀ ਅਤੇ ਪੂਨਮ ਸਿਵਾਚ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਪ੍ਰੋਗਰਾਮ ਵਿੱਚ 78 ਵਿਦਿਆਰਥੀਆਂ ਨੇ ਹਿੱਸਾ ਲਿਆ।

