ਪੈਸੇ ਡਬਲ ਕਰਨ ਦੇ ਨਾਂ ’ਤੇ 2 ਕਰੋੜ ਦੀ ਠੱਗੀ; ਦੋ ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮਾਂ ਨੇ ‘ਐਮੀ ਗੋਜ਼’ ਨਾਂ ਦੀ ਕੰਪਨੀ ਅਤੇ ‘ਐਮੀ ਗੋਜ਼ ਐੱਫਐਕਸ’ ਨਾਂ ਦਾ ਸਾਫਟਵੇਅਰ ਤਿਆਰ ਕੀਤਾ ਸੀ
ਪੁਲੀਸ ਨੇ ਪੈਸਾ ਡਬਲ ਕਰਨ ਦਾ ਝਾਂਸਾ ਦੇ ਕੇ ਕਰੀਬ ਦੋ ਕਰੋੜ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਨੇ ਦੋਵਾਂ ਨੂੰ ਪੁੱਛਗਿੱਛ ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਸਾਫਟਵੇਅਰ ਰਾਹੀਂ ਦਿਖਾਉਂਦੇ ਸਨ ਝੂਠਾ ਮੁਨਾਫ਼ਾ
ਜਾਂਚ ਅਧਿਕਾਰੀ ਨੇ ਦੱਸਿਆ ਕਿ ਮਿਲਾਪ ਨਗਰ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਅਨੁਸਾਰ ਨਵੰਬਰ 2023 ਤੋਂ ਜੁਲਾਈ 2026 ਤੱਕ ਮੁਲਜ਼ਮਾਂ ਨੇ ਪੈਸਾ ਡਬਲ ਕਰਨ ਦਾ ਲਾਲਚ ਦੇ ਕੇ ਉਸ ਨਾਲ ਕਰੋੜਾਂ ਰੁਪਏ ਦੀ ਠੱਗੀ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ‘ਐਮੀ ਗੋਜ਼’ ਨਾਂ ਦੀ ਕੰਪਨੀ ਅਤੇ ‘ਐਮੀ ਗੋਜ਼ ਐੱਫਐਕਸ’ ਨਾਂ ਦਾ ਸਾਫਟਵੇਅਰ ਤਿਆਰ ਕੀਤਾ ਸੀ। ਇਸ ਰਾਹੀਂ ਲੋਕਾਂ ਨੂੰ ਡਾਲਰਾਂ ਵਿੱਚ ਵਧਦੀ ਰਕਮ ਦਿਖਾ ਕੇ ਨਿਵੇਸ਼ ਕਰਨ ਲਈ ਉਕਸਾਇਆ ਜਾਂਦਾ ਸੀ ਅਤੇ ਬਾਅਦ ਵਿੱਚ ਉਨ੍ਹਾਂ ਨਾਲ ਠੱਗੀ ਕੀਤੀ ਜਾਂਦੀ ਸੀ।
ਡੇਰਾਬੱਸੀ ਦੇ ਰਹਿਣ ਵਾਲੇ ਹਨ ਮੁਲਜ਼ਮ; ਪੁਲੀਸ ਨੇ ਕੀਤੀ ਸਾਵਧਾਨ ਰਹਿਣ ਦੀ ਅਪੀਲ
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕੁਲਬੀਰ ਸਿੰਘ ਅਤੇ ਬਲਵਿੰਦਰ ਸਿੰਘ ਵਜੋਂ ਹੋਈ ਹੈ, ਜੋ ਪਿੰਡ ਪੰਡਵਾਲਾ, ਡੇਰਾਬਸੀ ਦੇ ਰਹਿਣ ਵਾਲੇ ਹਨ। ਪੁਲੀਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਹੋਰ ਸਾਥੀਆਂ ਦੀ ਭੂਮਿਕਾ ਅਤੇ ਠੱਗੀ ਗਈ ਰਕਮ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਲਾਲਚ ਵਿੱਚ ਆ ਕੇ ਨਿਵੇਸ਼ ਕਰਨ ਤੋਂ ਪਹਿਲਾਂ ਸਬੰਧਿਤ ਕੰਪਨੀ ਅਤੇ ਵਿਅਕਤੀਆਂ ਦੀ ਪੂਰੀ ਜਾਂਚ ਜ਼ਰੂਰ ਕਰਨ।

