ਪੱਤਰ ਪ੍ਰੇਰਕ
ਜੀਂਦ, 26 ਸਤੰਬਰ
ਸੂਬੇ ਭਰ ਵਿੱਚ ਆਪਣੀਆਂ ਮੰਗਾਂ ਸਬੰਧੀ ਅੰਦੋਲਨ ਕਰ ਰਹੀਆਂ ਆਸ਼ਾ ਵਰਕਰਾਂ ਨੇ 50ਵੇਂ ਦਿਨ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ। ਇਸ ਸਬੰਧੀ ਯੂਨੀਅਨ ਨੇ ਐਲਾਨ ਕੀਤਾ ਸੀ ਕਿ ਜੀਂਦ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਕੁੱਲ 1100 ਵਰਕਰਾਂ ਵਿੱਚੋਂ 1091 ਆਸ਼ਾ ਵਰਕਰ ਰੋਸ ਵਜੋਂ ਗ੍ਰਿਫ਼ਤਾਰੀਆਂ ਦੇਣਗੀਆਂ ਪਰ ਸਰਕਾਰੀ ਰਿਕਾਰਡ ਦੇ ਅਨੁਸਾਰ 1043 ਆਸ਼ਾ ਵਰਕਰਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਹਾਲਾਂਕਿ ਇਸ ਗ੍ਰਿਫਤਾਰੀ ਦੌਰਾਨ ਇੱਕ ਆਸ਼ਾ ਵਰਕਰ ਬੇਹੋਸ਼ ਵੀ ਹੋ ਗਈ ਸੀ।
ਇਸ ਸਬੰਧੀ ਆਸ਼ਾ ਵਰਕਰ ਯੂਨੀਅਨ ਸਬੰਧਤ ਸੀਟੂ ਦੀ ਜ਼ਿਲ੍ਹਾ ਪ੍ਰਧਾਨ ਨੀਲਮ ਅਤੇ ਜ਼ਿਲ੍ਹਾ ਸਕੱਤਰ ਰਾਜਬਾਲਾ ਨੇ ਕਿਹਾ ਕਿ ਸੂਬੇ ਭਰ ਵਿੱਚ 20 ਹਜ਼ਾਰ ਆਸ਼ਾ ਵਰਕਰ ਪਿਛਲੇ 49 ਦਿਨਾਂ ਤੋਂ ਆਪਣੀਆਂ 10 ਸੂਤਰੀ ਮੰਗਾਂ ਨੂੰ ਲੈਕੇ ਹੜਤਾਲ ’ਤੇ ਹਨ। ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਲੋਕਾਂ ਵਿੱਚ ਗੁੱਸਾ ਵਧਦਾ ਜਾ ਰਿਹਾ ਹੈ। ਜ਼ਿਲ੍ਹੇ ਵਿੱਚ ਬਲਾਕ ਪੱਧਰੀ ਜਨ ਏਕਤਾ ਪੰਚਾਇਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਦੀ ਭਾਜਪਾ-ਜਜਪਾ ਸਰਕਾਰ ਇੱਕ ਪਾਸੇ ਤਾਂ ਮਹਿਲਾਵਾਂ ਦੇ ਵਿਕਾਸ ਲਈ ਵੱਡੇ-ਵੱਡੇ ਦਾਅਵੇ ਕਰਦੀ ਆ ਰਹੀ ਹੈ ਪਰ 50 ਦਿਨਾਂ ਤੋਂ ਆਸ਼ਾ ਵਰਕਰਾਂ ਨੂੰ ਧਰਨ ਉੱਤੇ ਬਿਠਾ ਰੱਖਿਆ ਹੈ, ਜਿਸ ਕਾਰਨ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦੀ ਦੇਖਭਾਲ ਨਹੀਂ ਹੋ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਨੇ ਤਿੰਨ ਵਾਰ ਬੁਲਾ ਕੇ ਵੀ ਜਾਣ ਬੁੱਝ ਕੇ ਮਹਿਲਾਵਾਂ ਨਾਲ ਗੱਲਬਾਤ ਨਹੀਂ ਕੀਤੀ।
ਉਧਰ ਆਮ ਆਦਮੀ ਪਾਰਟੀ ਹਰਿਆਣਾ ਦੀ ਮਹਿਲਾ ਪ੍ਰਦੇਸ਼ ਡਾ. ਰਜਨੀਸ਼ ਜੈਨ ਨੇ 50 ਦਿਨਾਂ ਤੋਂ ਅੰਦੋਲਨ ਕਰ ਰਹੀਆਂ ਆਸ਼ਾ ਵਰਕਰਾਂ ਦੇ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ ਅਤੇ ਉਨ੍ਹਾਂ ਦੇ ਜੇਲ੍ਹ ਭਰੋ ਅੰਦੋਲਨ ਵਿੱਚ ਆਪਣੀ ਗ੍ਰਿਫਤਾਰੀ ਦਿੱਤੀ।