ਅੱਧਾ ਕਿਲੋ ਤੋਂ ਵੱਧ ਅਫ਼ੀਮ ਸਣੇ ਗ੍ਰਿਫ਼ਤਾਰ
ਰਤੀਆ ਪੁਲੀਸ ਨੇ ਅਪਰੇਸ਼ਨ ਟਰੈਕ ਡਾਊਨ ਤਹਿਤ 605 ਗ੍ਰਾਮ ਅਫ਼ੀਮ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਸੀ ਆਈ ਏ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪੁਲੀਸ ਟੀਮ ਗਸ਼ਤ ਅਤੇ ਕਾਂਵੜ ਡਿਊਟੀ ਦੌਰਾਨ ਰਤੀਆ ਵਿੱਚ ਮੌਜੂਦ ਸੀ। ਇਸ ਦੌਰਾਨ ਪੁਲੀਸ...
ਰਤੀਆ ਪੁਲੀਸ ਨੇ ਅਪਰੇਸ਼ਨ ਟਰੈਕ ਡਾਊਨ ਤਹਿਤ 605 ਗ੍ਰਾਮ ਅਫ਼ੀਮ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਸੀ ਆਈ ਏ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪੁਲੀਸ ਟੀਮ ਗਸ਼ਤ ਅਤੇ ਕਾਂਵੜ ਡਿਊਟੀ ਦੌਰਾਨ ਰਤੀਆ ਵਿੱਚ ਮੌਜੂਦ ਸੀ।
ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਪਿੰਡ ਘੋਟੜੂ ਵਾਸੀ ਅਕਾਸ਼ਦੀਪ ਸਿੰਘ ਪੰਜਾਬ ਤੋਂ ਅਫ਼ੀਮ ਲਿਆ ਕੇ ਵੇਚਣ ਦਾ ਕੰਮ ਕਰਦਾ ਹੈ ਅਤੇ ਅਫ਼ੀਮ ਲੈ ਕੇ ਟੋਹਾਣਾ ਚੁੰਗੀ, ਰਤੀਆ ਨੇੜੇ ਆਉਣ ਵਾਲਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਜਿੰਗੋ ਹੇਅਰ ਸੈਲੂਨ ਨੇੜੇ ਨਾਕਾਬੰਦੀ ਕੀਤੀ। ਇਸ ਦੌਰਾਨ ਸ਼ੱਕ ਦੇ ਆਧਾਰ ’ਤੇ ਅਕਾਸ਼ਦੀਪ ਸਿੰਘ ਨੂੰ ਕਾਬੂ ਕੀਤਾ ਗਿਆ। ਪੁਲੀਸ ਵੱਲੋਂ ਨਿਯਮਾਂ ਅਨੁਸਾਰ ਕੀਤੀ ਗਈ ਤਲਾਸ਼ੀ ਦੌਰਾਨ ਉਸ ਦੇ ਕਾਲੇ ਰੰਗ ਦੇ ਪਿੱਠੂ ਬੈਗ ਵਿੱਚੋਂ 605 ਗ੍ਰਾਮ ਅਫ਼ੀਮ ਬਰਾਮਦ ਹੋਈ। ਇਸ ਤੋਂ ਇਲਾਵਾ ਪੁਲੀਸ ਨੇ ਬੈਗ ਵਿੱਚੋਂ ਇੱਕ ਛੋਟਾ ਇਲੈਕਟ੍ਰਾਨਿਕ ਕੰਡਾ ਅਤੇ 20 ਖ਼ਾਲੀ ਪਾਰਦਰਸ਼ੀ ਪਾਊਚ ਵੀ ਬਰਾਮਦ ਕੀਤੇ। ਪੁਲੀਸ ਨੇ ਬਰਾਮਦ ਕੀਤੇ ਸਾਮਾਨ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਥਾਣਾ ਸ਼ਹਿਰ ਰਤੀਆ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਮਾਮਲੇ ਦੀ ਅਗਲੀ ਜਾਂਚ ਦੌਰਾਨ ਪੁਲੀਸ ਵੱਲੋਂ ਨਸ਼ੀਲੇ ਪਦਾਰਥ ਦੀ ਸਪਲਾਈ ਦੇ ਸਰੋਤ ਅਤੇ ਇਸ ਨਾਲ ਜੁੜੇ ਹੋਰ ਵਿਅਕਤੀਆਂ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲੀਸ ਨੇ ਕਿਹਾ ਕਿ ਨਸ਼ਾ ਤਸਕਰੀ ਰੋਕਣ ਲਈ ਜ਼ਿਲ੍ਹੇ ਵਿੱਚ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਜਾਰੀ ਹੈ।
ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

