ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਮਈ
ਅਰਾਵਲੀ ਸਫ਼ਾਰੀ ਪਾਰਕ ਪ੍ਰਾਜੈਕਟ ਦੇ ਕੰਮ ’ਚ ਤੇਜ਼ੀ ਲਿਆਉਣ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰੀ ਜੰਗਲਾਤ, ਵਾਤਾਵਰਣ ਤੇ ਜਲਵਾਯੂ ਪਰਿਵਰਤਨ ਮੰਤਰੀ ਭੂਪੇਂਦਰ ਯਾਦਵ ਨਾਲ ਨਵੀਂ ਦਿੱਲੀ ਵਿੱਚ ਮੁਲਾਕਾਤ ਕੀਤੀ। ਮੁੱਖ ਮੰਤਰੀ ਖੱਟਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਰਾਵਲੀ ਸਫਾਰੀ ਪਾਰਕ ਪ੍ਰਾਜੈਕਟ ਹਰਿਆਣਾ ਨੂੰ ਸੈਰ-ਸਪਾਟਾ ਹੱਬ ਵਜੋਂ ਵਿਕਸਤ ਕਰਨ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਹਿੱਸਾ ਹੋਵੇਗਾ। ਅਰਾਵਲੀ ਸਫਾਰੀ ਪ੍ਰਾਜੈਕਟ ਦੀ ਸਥਾਪਨਾ ਲਈ ਜਗ੍ਹਾ ਅਤੇ ਜ਼ਮੀਨ ਦੀ ਪਛਾਣ ਕੀਤੀ ਗਈ ਹੈ। ਇਹ ਦਸ ਹਜ਼ਾਰ ਏਕੜ ਵਿੱਚ ਬਣਾਇਆ ਜਾਵੇਗਾ। ਅਰਾਵਲੀ ਸਫਾਰੀ ਪਾਰਕ ਨੂੰ ਵਿਸ਼ਵ ਪੱਧਰੀ ਪਛਾਣ ਤੇ ਡਿਜ਼ਾਈਨ ਦੇਣ ਦੇ ਸੰਦਰਭ ਵਿੱਚ ਕੇਂਦਰੀ ਮੰਤਰੀ ਨਾਲ ਵੱਖ-ਵੱਖ ਸਬੰਧਤ ਵਿਸ਼ਿਆਂ ’ਤੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਵੀ. ਉਮਾਸ਼ੰਕਰ, ਹਰਿਆਣਾ ਸੈਰ ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਐਮ.ਡੀ. ਸਿਨਹਾ ਅਤੇ ਸੀਨੀਅਰ ਕੇਂਦਰੀ ਅਧਿਕਾਰੀ ਹਾਜ਼ਰ ਸਨ।