ਮੰਦਰ ਦੇ ਫੁੱਲਾਂ ਤੋਂ ਤਿਆਰ ਗੁਲਾਲ ਦੀ ਸ਼ਲਾਘਾ
ਪ੍ਰਾਜੈਕਟ ਡਾਇਰੈਕਟਰ ਸਤੇਂਦਰ ਬੰਗਾ ਨੇ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ
ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਵਿਕਟੋਰਾ ਲਾਈਫ ਫਾਊਂਡੇਸ਼ਨ ਵੱਲੋਂ ਚਲਾਈ ਜਾ ਰਹੀ ‘ਕਚਰੇ ਸੇ ਕੰਚਨ’ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ। ਇਸ ਮੁਹਿੰਮ ਤਹਿਤ ਮੰਦਰਾਂ ਵਿੱਚ ਚੜ੍ਹਾਏ ਜਾਣ ਵਾਲੇ ਫੁੱਲਾਂ ਦੀ ਮੁੜ ਵਰਤੋਂ ਕਰ ਕੇ ਕੁਦਰਤੀ ਗੁਲਾਲ ਤਿਆਰ ਕੀਤਾ ਜਾ ਰਿਹਾ ਹੈ। ਖੱਟਰ ਨੇ ਇਸ ਨੂੰ ਨਵੀਨਤਾ ਅਤੇ ਸਮਾਜ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਇੱਕ ਮਿਸਾਲੀ ਕੋਸ਼ਿਸ਼ ਕਰਾਰ ਦਿੱਤਾ। ਪ੍ਰਾਜੈਕਟ ਡਾਇਰੈਕਟਰ ਸਤੇਂਦਰ ਸਿੰਘ ਬੰਗਾ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਦੌਰਾਨ ਦੱਸਿਆ ਕਿ ਮੰਦਰਾਂ ਤੋਂ ਇਕੱਠੇ ਕੀਤੇ ਫੁੱਲਾਂ ਨੂੰ ਧਿਆਨ ਨਾਲ ਸੁਕਾ ਕੇ ਉਨ੍ਹਾਂ ਦੀਆਂ ਪੱਤੀਆਂ ਨੂੰ ਬਾਰੀਕ ਪੀਸ ਕੇ ਗੁਲਾਲ ਤਿਆਰ ਕੀਤਾ ਜਾਂਦਾ ਹੈ। ਇਸ ਪੂਰੀ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੇ ਹਾਨੀਕਾਰਕ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ, ਜਿਸ ਕਾਰਨ ਇਹ ਗੁਲਾਲ ਚਮੜੀ ਅਤੇ ਵਾਤਾਵਰਣ ਦੋਵਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸ੍ਰੀ ਬੰਗਾ ਨੇ ਕਿਹਾ ਕਿ ਇਹ ਪਹਿਲ ਸਮਾਜ ਨੂੰ ਦੋਹਰਾ ਫਾਇਦਾ ਦੇ ਰਹੀ ਹੈ। ਇੱਕ ਪਾਸੇ ਜਿੱਥੇ ਲੋਕ ਕੁਦਰਤੀ ਗੁਲਾਲ ਨਾਲ ਸਿਹਤਮੰਦ ਅਤੇ ਸੁਰੱਖਿਅਤ ਹੋਲੀ ਖੇਡ ਸਕਣਗੇ, ਉੱਥੇ ਦੂਜੇ ਪਾਸੇ ਮੰਦਰਾਂ ਦੇ ਫੁੱਲਾਂ ਦੀ ਸਹੀ ਵਰਤੋਂ ਨਾਲ ਗੰਦਗੀ ਘਟੇਗੀ ਅਤੇ ਸਫਾਈ ਨੂੰ ਹੁਲਾਰਾ ਮਿਲੇਗਾ। ਕੇਂਦਰੀ ਮੰਤਰੀ ਨੇ ਇਸ ਉਪਰਾਲੇ ਨੂੰ ਹੋਰ ਅੱਗੇ ਵਧਾਉਣ ਲਈ ਹੌਸਲਾ ਅਫ਼ਜ਼ਾਈ ਕੀਤੀ।

