ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਪੋਸ਼ਣ ਮਾਹ ਮੁਹਿੰਮ ਤਹਿਤ ਪਿੰਡ ਅਲਾਲਵਾਸ ਵਿੱਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਮਕਸਦ ਪਿੰਡ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਸੰਤੁਲਿਤ ਖੁਰਾਕ ਦੀ ਅਹਿਮੀਅਤ ਬਾਰੇ ਦੱਸਣਾ ਤੇ ਕੁਪੋਸ਼ਣ ਵਰਗੀ ਬਿਮਾਰੀ ਤੋਂ ਬਚਾਉਣਾ ਸੀ।
ਇਸ ਮੌਕੇ ਵਿਭਾਗ ਦੀ ਸੁਪਰਵਾਈਜ਼ਰ ਊਸ਼ਾ ਰਾਣੀ ਨੇ ਔਰਤਾਂ ਨੂੰ ਅਹਿਮ ਜਾਣਕਾਰੀ ਦਿੰਦਿਆਂ ਕਿਹਾ ਕਿ ਤੰਦਰੁਸਤ ਰਹਿਣ ਲਈ ਰੋਜ਼ਾਨਾ ਦੇ ਖਾਣੇ ਵਿੱਚ ਹਰੀਆਂ ਸਬਜ਼ੀਆਂ, ਦਾਲਾਂ, ਅਨਾਜ, ਦੁੱਧ ਅਤੇ ਮੌਸਮੀ ਫਲ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ। ਉਨ੍ਹਾਂ ਸਮਝਾਇਆ ਕਿ ਸਰੀਰਕ ਤੇ ਦਿਮਾਗੀ ਵਿਕਾਸ ਲਈ ਪੌਸ਼ਟਿਕ ਖੁਰਾਕ ਬਹੁਤ ਜ਼ਰੂਰੀ ਹੈ, ਜਿਸ ਕਰਕੇ ਖਾਣ-ਪੀਣ ਦੇ ਮਾਮਲੇ ਵਿੱਚ ਕੋਈ ਵੀ ਅਣਗਹਿਲੀ ਨਹੀਂ ਵਰਤਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਅਸਲ ਮਨੋਰਥ ਹਰ ਘਰ ਤੱਕ ਸਿਹਤਮੰਦ ਜੀਵਨ ਦਾ ਸੁਨੇਹਾ ਪਹੁੰਚਾਉਣਾ ਹੈ। ਉਨ੍ਹਾਂ ਖ਼ਾਸ ਤੌਰ ਉੱਤੇ ਛੋਟੇ ਬੱਚਿਆਂ, ਗਰਭਵਤੀ ਔਰਤਾਂ ਅਤੇ ਮੁਟਿਆਰਾਂ ਦੀ ਖੁਰਾਕ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਉਮਰ ਵਿੱਚ ਸਰੀਰ ਨੂੰ ਤਾਕਤ ਦੇਣ ਵਾਲੇ ਤੱਤਾਂ ਦੀ ਬਹੁਤ ਲੋੜ ਹੁੰਦੀ ਹੈ। ਉਨ੍ਹਾਂ ਔਰਤਾਂ ਨੂੰ ਦੱਸਿਆ ਕਿ ਬਾਜ਼ਾਰੀ ਚੀਜ਼ਾਂ ਦੀ ਥਾਂ ਘਰ ਵਿੱਚ ਆਸਾਨੀ ਨਾਲ ਮਿਲਣ ਵਾਲੀਆਂ ਆਮ ਚੀਜ਼ਾਂ ਦੀ ਵਰਤੋਂ ਕਰ ਕੇ ਵੀ ਤਾਕਤਵਰ ਭੋਜਨ ਤਿਆਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਘਰੇਲੂ ਪੱਧਰ ਉੱਤੇ ਸਿਹਤਮੰਦ ਆਦਤਾਂ ਅਪਣਾਉਣ ਦੀ ਅਪੀਲ ਕੀਤੀ।
ਇਸ ਜਾਗਰੂਕਤਾ ਕੈਂਪ ਵਿੱਚ ਪਿੰਡ ਦੀਆਂ ਔਰਤਾਂ ਅਤੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸੰਤੁਲਿਤ ਆਹਾਰ ਅਪਣਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਮਾਇਆ ਦੇਵੀ, ਇੰਦਰਾ ਦੇਵੀ, ਪੰਮੀ ਦੇਵੀ ਅਤੇ ਗੀਤਾ ਦੇਵੀ ਸਮੇਤ ਪਿੰਡ ਦੀਆਂ ਕਈ ਹੋਰ ਔਰਤਾਂ ਅਤੇ ਬੱਚੇ ਹਾਜ਼ਰ ਸਨ।

