ਅਨੂਪ ਜਲੋਟਾ ਨੂੰ ਪੰਡਿਤ ਜਸਰਾਜ ਐਕਸੀਲੈਂਸ ਪੁਰਸਕਾਰ
ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਅੱਠਵਾਂ ਹਰਿਆਣਾ ਕੌਮਾਂਤਰੀ ਫਿਲਮ ਮੇਲਾ ਸਮਾਪਤ
ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਚੱਲ ਰਿਹਾ ਅੱਠਵਾਂ ਹਰਿਆਣਾ ਕੌਮਾਂਤਰੀ ਫਿਲਮ ਮੇਲਾ ਆਖਰੀ ਦਿਨ ਸ਼ਾਨਦਾਰ ਪੁਰਸਕਾਰ ਵੰਡ ਸਮਾਗਮ ਨਾਲ ਸਮਾਪਤ ਹੋਇਆ। ਇਸ ਮੌਕੇ ਕਲਾਕਾਰਾਂ ਨੇ ਸ਼ਾਨਦਾਰ ਸੱਭਿਆਚਾਰਕ ਅਤੇ ਸੰਗੀਤਕ ਪ੍ਰੋਗਰਾਮ ਪੇਸ਼ ਕੀਤੇ। ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ ਨੇ ਆਪਣੇ ਸੰਬੋਧਨ ਵਿੱਚ ਭਾਰਤੀ ਸਿਨੇਮਾ ਬਾਰੇ ਅਹਿਮ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਿਨੇਮਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਬਲਕਿ ਸਮਾਜ ਅਤੇ ਸੱਭਿਆਚਾਰ ਦਾ ਸ਼ਕਤੀਸ਼ਾਲੀ ਪ੍ਰਤੀਬਿੰਬ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਹ ਫਿਲਮ ਮੇਲਾ ਸਿਨੇਮਾ ਖੇਤਰ ਅੰਦਰ ਨੌਜਵਾਨ ਕਲਾਕਾਰਾਂ ਦੀ ਪ੍ਰਤਿਭਾ ਤਰਾਸ਼ਣ ਵਿੱਚ ਸਹਾਈ ਸਾਬਤ ਹੋਵੇਗਾ।
ਇਸ ਮੌਕੇ ਵਾਈਸ ਚਾਂਸਲਰ ਪ੍ਰੋਫੈਸਰ ਸਚਦੇਵਾ ਨੇ ਉੱਘੇ ਭਜਨ ਗਾਇਕ ਅਨੂਪ ਜਲੋਟਾ ਦਾ ‘ਪੰਡਿਤ ਜਸਰਾਜ ਐਕਸੀਲੈਂਸ ਹਰਿਆਣਾ ਪੁਰਸਕਾਰ’ ਨਾਲ ਸਨਮਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਅਤੇ ਅਦਾਕਾਰਾ ਅਮਿਤਾ ਨਾਂਗੀਆ ਸਮੇਤ ਹੋਰ ਬਿਹਤਰੀਨ ਕਲਾਕਾਰਾਂ ਅਤੇ ਅਦਾਕਾਰਾਂ ਦੀ ਝੋਲੀ ਵੀ ਪੁਰਸਕਾਰ ਪਾਏ। ਪਾਣੀਪਤ ਦੇ ਐੱਸ ਡੀ ਕਾਲਜ ਦੇ ਵਿਦਿਆਰਥੀਆਂ ਨੇ ਹਰਿਆਣਾ ਦੇ ਪ੍ਰਸਿੱਧ ‘ਲੂਰ’ ਨਾਚ ਦੀ ਸ਼ਾਨਦਾਰ ਪੇਸ਼ਕਾਰੀ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ।
ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਜੀਂਦ ਦੇ ਵਾਈਸ ਚਾਂਸਲਰ ਪ੍ਰੋਫੈਸਰ ਆਰ. ਪੀ. ਸੈਣੀ ਨੇ ਫਿਲਮਾਂ ਦੇ ਆਧੁਨਿਕ ਸਮਾਜ ਦਾ ਸ਼ੀਸ਼ਾ ਹੋਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਫਿਲਮਾਂ ਜਿੱਥੇ ਇੱਕ ਪਾਸੇ ਸਮਾਜਿਕ ਬੁਰਾਈਆਂ ਉਜਾਗਰ ਕਰਦੀਆਂ ਹਨ, ਉੱਥੇ ਹੀ ਦੂਜੇ ਪਾਸੇ ਸੱਭਿਆਚਾਰ ਅਤੇ ਰਵਾਇਤਾਂ ਬਚਾਉਣ ਖਾਤਰ ਢੁਕਵਾਂ ਮੰਚ ਪ੍ਰਦਾਨ ਕਰਦੀਆਂ ਹਨ। ਇਸ ਦੌਰਾਨ ਨੇਪਾਲ ਤੋਂ ਉਚੇਚੇ ਤੌਰ ਉੱਤੇ ਪੁੱਜੇ ਕੌਮਾਂਤਰੀ ਨਿਰਦੇਸ਼ਕ ਡਾਬੀ ਛੇਤਰੀ ਅਤੇ ਡਿਪਟੀ ਡਾਇਰੈਕਟਰ ਸਵਿਤਾ ਭਾਰਤੀ ਨੇ ਐਲਾਨ ਕੀਤਾ ਕਿ ਅਗਲੇ ਸਾਲ ਹੋਣ ਵਾਲੇ ਹਰਿਆਣਾ ਫਿਲਮ ਫੈਸਟੀਵਲ ਅੰਦਰ ਵੀਹ ਤੋਂ ਵੱਧ ਨੇਪਾਲੀ ਫਿਲਮਾਂ ਦਿਖਾਈਆਂ ਜਾਣਗੀਆਂ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾਕਟਰ ਆਬਿਦ ਅਲੀ ਨੇ ਬਾਖੂਬੀ ਨਿਭਾਈ। ਜਨ ਸੰਚਾਰ ਵਿਭਾਗ ਦੀ ਮੀਡੀਆ ਟੀਮ ਦੇ ਮੈਂਬਰਾਂ ਸਿਮਰਨ, ਸਾਕਸ਼ੀ, ਤੇਜਵੀਰ, ਰੀਆ, ਜਸ਼ਨ ਅਤੇ ਸਾਹਿਲ ਸਮੇਤ ਐੱਨ ਐੱਸ ਐੱਸ ਟੀਮ, ਫਿਨ ਸਟੂਡੀਓਜ਼ ਦੇ ਮੈਂਬਰਾਂ ਅਤੇ ਮੀਡੀਆ ਪ੍ਰਤੀਨਿਧਾਂ ਨੇ ਸਮਾਗਮ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।

