ਰਾਮ ਸਰਨ ਮਾਜਰਾ ’ਚ ਸਰਕਾਰੀ ਕਾਲਜ ਬਣਾਉਣ ਦਾ ਐਲਾਨ
ਸੁਮਨ ਸੈਣੀ ਵੱਲੋਂ ਪਿੰਡ ਕਲਾਲ ਮਾਜਰਾ ਦਾ ਦੌਰਾ; ਯੋਗਤਾ ਦੇ ਆਧਾਰ ’ਤੇ ਨੌਕਰੀਆਂ ਦੇਣ ਦਾ ਦਾਅਵਾ
ਹਰਿਆਣਾ ਸਰਕਾਰ ਵੱਲੋਂ ਲਾਡਵਾ ਹਲਕੇ ਨੂੰ ‘ਸੀ ਐੱਮ ਸਿਟੀ’ ਵਜੋਂ ਵਿਕਸਤ ਕਰਨ ਦੇ ਉਪਰਾਲੇ ਤੇਜ਼ ਕਰ ਦਿੱਤੇ ਗਏ ਹਨ। ਇਸੇ ਲੜੀ ਤਹਿਤ ਹਲਕੇ ਦੇ ਪਿੰਡਾਂ ਵਿੱਚ ਧੰਨਵਾਦੀ ਦੌਰੇ ਅਤੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਦੀ ਮੁਹਿੰਮ ਜਾਰੀ ਹੈ। ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੀ ਉਪ ਪ੍ਰਧਾਨ ਸੁਮਨ ਸੈਣੀ ਨੇ ਬੀਤੀ ਦੇਰ ਸ਼ਾਮ ਪਿੰਡ ਕਲਾਲ ਮਾਜਰਾ ਵਿੱਚ ਪਹੁੰਚ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ। ਇਸ ਮੌਕੇ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲਾਡਵਾ ਦੇ ਵਸਨੀਕਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਲਈ ਲਗਾਤਾਰ ਯਤਨਸ਼ੀਲ ਹਨ।
ਪਿੰਡ ਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੁਮਨ ਸੈਣੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਹਾਲ ਹੀ ਵਿੱਚ ਲਾਡਵਾ ਵਿਧਾਨ ਸਭਾ ਹਲਕੇ ਦੀ ਨੁਹਾਰ ਬਦਲਣ ਲਈ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਸਿੱਖਿਆ ਦੇ ਖੇਤਰ ਨੂੰ ਮਜ਼ਬੂਤ ਕਰਨ ਲਈ ਰਾਮ ਸਰਨ ਮਾਜਰਾ ਵਿੱਚ ਇੱਕ ਨਵਾਂ ਸਰਕਾਰੀ ਕਾਲਜ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਐਲਾਨਾਂ ਵਿੱਚ ਸਿਹਤ, ਸਿੱਖਿਆ, ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਪਹਿਲ ਦਿੱਤੀ ਹੈ ਤਾਂ ਜੋ ਆਮ ਲੋਕਾਂ ਨੂੰ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ। ਇਸ ਤੋਂ ਪਹਿਲਾਂ ਪਿੰਡ ਪੁੱਜਣ ’ਤੇ ਸਾਬਕਾ ਸਰਪੰਚ ਗੁਰਮੀਤ ਸਿੰਘ ਸੈਣੀ ਅਤੇ ਭਾਜਪਾ ਕਿਸਾਨ ਮੋਰਚਾ ਦੇ ਮੰਡਲ ਪ੍ਰਧਾਨ ਨਰਿੰਦਰ ਗੋਜਰੇ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਸੁਮਨ ਸੈਣੀ ਦਾ ਹਾਰ ਪਾ ਕੇ ਅਤੇ ਗੁਲਦਸਤੇ ਭੇਟ ਕਰ ਕੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਸੁਮਨ ਸੈਣੀ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਇਨ੍ਹਾਂ ਸਮੱਸਿਆਵਾਂ ਦਾ ਤੁਰੰਤ ਨਿਬੇੜਾ ਕਰਨ ਦੇ ਨਿਰਦੇਸ਼ ਦਿੱਤੇ।
ਸੂਬਾ ਸਰਕਾਰ ਦੀਆਂ ਨੀਤੀਆਂ ਦਾ ਜ਼ਿਕਰ ਕਰਦਿਆਂ ਸੁਮਨ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸਰਕਾਰ ਨੇ ਰੁਜ਼ਗਾਰ ਖੇਤਰ ਵਿੱਚ ਪਾਰਦਰਸ਼ਤਾ ਲਿਆਂਦੀ ਹੈ। ਹੁਣ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਹਾਸਲ ਕਰਨ ਲਈ ਕਿਸੇ ‘ਪਰਚੀ ਜਾਂ ਖਰਚੀ’ ਦੀ ਲੋੜ ਨਹੀਂ ਪੈਂਦੀ, ਸਗੋਂ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸੇ ਕਰਕੇ ਨੌਜਵਾਨਾਂ ਦਾ ਰੁਝਾਨ ਮੁੜ ਪੜ੍ਹਾਈ ਵੱਲ ਵਧਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪਿੰਡਾਂ ਦਾ ਸਰਬਪੱਖੀ ਵਿਕਾਸ ਹੋਵੇਗਾ, ਤਦ ਹੀ ਸਾਡਾ ਦੇਸ਼ ‘ਵਿਕਸਤ ਭਾਰਤ’ ਬਣ ਸਕੇਗਾ। ਇਸ ਮੌਕੇ ਮੁੱਖ ਮੰਤਰੀ ਦੇ ਦਫ਼ਤਰੀ ਇੰਚਾਰਜ ਕੈਲਾਸ਼ ਸੈਣੀ, ਮੀਡੀਆ ਕੋਆਰਡੀਨੇਟਰ ਤੁਸ਼ਾਰ ਸੈਣੀ, ਮੰਡਲ ਪ੍ਰਧਾਨ ਵਿਕਾਸ ਸ਼ਰਮਾ, ਮੰਡਲ ਪ੍ਰਧਾਨ ਅਮਰੇਂਦਰ ਸਿੰਘ, ਚੇਅਰਮੈਨ ਜਸਵਿੰਦਰ ਜੱਸੀ, ਨਾਇਬ ਸਿੰਘ ਪਟਾਕ ਮਾਜਰਾ, ਸੁਭਾਸ਼ ਕਸੀਥਲ, ਪੂਨਮ ਸੈਣੀ, ਰੀਨਾ ਦੇਵੀ, ਪਰਮਜੀਤ ਕੌਰ ਕਸਯਪ ਅਤੇ ਨਰਿੰਦਰ ਸੈਣੀ ਸਮੇਤ ਹੋਰ ਪਤਵੰਤੇ ਸੱਜਣ ਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।

