ਪਿੰਡ ਪੰਜਲਾਸਾ ਵਿੱਚ ਆਂਗਨ ਮਿਲਨ ਸੇਵਾ ਪ੍ਰੋਗਰਾਮ ਕਰਵਾਇਆ ਗਿਆ। ਮਹਿਲਾ ਅਤੇ ਬਾਲ ਵਿਕਾਸ ਪ੍ਰਾਜੈਕਟ ਅਧਿਕਾਰੀ ਈਸ਼ਾ ਰਾਣੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਜਦੋਂ ਕਿ ਅੰਬਾਲਾ ਭਾਜਪਾ ਦੀ ਜ਼ਿਲ੍ਹਾ ਸਕੱਤਰ ਪ੍ਰੀਤਪਾਲ ਕੌਰ ਮੱਕੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਨਰਾਇਣਗੜ੍ਹ ਭਾਜਪਾ ਮੰਡਲ ਪ੍ਰਧਾਨ ਜਗਦੀਪ ਕੌਰ, ਮਹਿਲਾ ਮੋਰਚਾ ਜ਼ਿਲ੍ਹਾ ਸਕੱਤਰ ਮੰਜੂ ਬਾਲਾ ਅਤੇ ਕੌਂਸਲਰ ਸ਼ਿੰਪੀ ਗੇਰਾ ਵੀ ਮੌਜੂਦ ਸਨ।
ਪ੍ਰੋਗਰਾਮ ਦੌਰਾਨ ਪਿੰਡ ਵਾਸੀਆਂ ਨੂੰ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਅਤੇ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਸੀ ਡੀ ਪੀ ਓ ਈਸ਼ਾ ਰਾਣੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਯੋਗ ਔਰਤਾਂ, ਬੱਚਿਆਂ ਅਤੇ ਪਰਿਵਾਰਾਂ ਤੱਕ ਸਕੀਮਾਂ ਦਾ ਲਾਭ ਪਹੁੰਚਾਉਣਾ ਅਤੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਸਹੂਲਤਾਂ ਬਾਰੇ ਜਾਗਰੂਕ ਕਰਨਾ ਹੈ। ਮੁੱਖ ਮਹਿਮਾਨ ਭਾਜਪਾ ਜ਼ਿਲ੍ਹਾ ਸਕੱਤਰ ਪ੍ਰੀਤ ਪਾਲ ਕੌਰ ਮੱਕੜ ਨੇ ਕਿਹਾ ਕਿ ਸੇਵਾ ਸੰਕਲਪ ਮੁਹਿੰਮ ਤਹਿਤ ਵੱਖ-ਵੱਖ ਲੋਕ ਭਲਾਈ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਔਰਤਾਂ ਅਤੇ ਬੱਚਿਆਂ ਦੀ ਭਲਾਈ ਲਈ ਕਈ ਲੋਕ ਭਲਾਈ ਯੋਜਨਾਵਾਂ ਚਲਾ ਰਹੀ ਹੈ। ਇਨ੍ਹਾਂ ਯੋਜਨਾਵਾਂ ਦਾ ਉਦੇਸ਼ ਯੋਗ ਲਾਭਪਾਤਰੀਆਂ ਨੂੰ ਸਮੇਂ ਸਿਰ ਸਰਕਾਰੀ ਲਾਭ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਆਂਗਨ ਮਿਲਨ ਸੇਵਾ ਵਰਗੇ ਪ੍ਰੋਗਰਾਮਾਂ ਰਾਹੀਂ ਵਿਭਾਗੀ ਯੋਜਨਾਵਾਂ ਦੀ ਜਾਣਕਾਰੀ ਸਿੱਧੇ ਤੌਰ ’ਤੇ ਪਿੰਡਾਂ ਤੱਕ ਪਹੁੰਚਦੀ ਹੈ ਅਤੇ ਲੋਕਾਂ ਨੂੰ ਆਪਣੀ ਯੋਗਤਾ ਅਨੁਸਾਰ ਯੋਜਨਾਵਾਂ ਦਾ ਲਾਭ ਲੈਣ ਦਾ ਮੌਕਾ ਮਿਲਦਾ ਹੈ। ਇਸ ਮੌਕੇ ਪਿੰਡ ਵਾਸੀਆਂ ਨੂੰ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਮੁੱਖ ਮੰਤਰੀ ਜਣੇਪਾ ਸਹਾਇਤਾ ਯੋਜਨਾ, ‘ਆਪਕੀ ਬੇਟੀ ਹਮਾਰੀ ਬੇਟੀ ਯੋਜਨਾ’, ਵਨ ਸਟਾਪ ਸੈਂਟਰ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਰਪੰਚ ਨੀਤੂ, ਜ਼ਿਲ੍ਹਾ ਦਫ਼ਤਰ ਸਹਾਇਕ ਰਾਜਵਿੰਦਰ ਕੌਰ, ਜ਼ਿਲ੍ਹਾ ਕੋਆਰਡੀਨੇਟਰ ਰੀਨਾ, ਸੁਪਰਵਾਈਜ਼ਰ ਸੁਚਿੱਤਰਾ ਸੈਣੀ, ਅਨੁੂ ਰਾਣੀ, ਰਾਜਿੰਦਰ ਕੌਰ ਅਤੇ ਨੇਹਾ ਆਦਿ ਮੌਜੂਦ ਸਨ।

