ਸਾਬਕਾ ਅਗਨੀਵੀਰਾਂ ਨੂੰ ਸਿੱਧੀ ਭਰਤੀ ਦੀ ਉਮਰ ਹੱਦ ’ਚ ਛੋਟ
ਹਰਿਆਣਾ ਦੇ ਵਸਨੀਕਾਂ ਨੂੰ ਗਰੁੱਪ ਬੀ ਤੇ ਸੀ ਦੀਆਂ ਅਸਾਮੀਆਂ ’ਤੇ ਮਿਲੇਗੀ ਤਿੰਨ ਸਾਲ ਦੀ ਛੋਟ
ਆਤਿਸ਼ ਗੁਪਤਾ
ਹਰਿਆਣਾ ਸਰਕਾਰ ਨੇ ਫੌ਼ਜ ਵਿੱਚ ਚਾਰ ਸਾਲ ਦੀ ਨੌਕਰੀ ਕਰਕੇ ਵਾਪਸ ਆਉਣ ’ਤੇ ਹਰਿਆਣਾ ਨਾਲ ਸਬੰਧਤ ਅਗਨੀਵੀਰਾਂ ਨੂੰ ਵੱਡੀ ਰਾਹਤ ਦਿੰਦਿਆਂ ਇਨ੍ਹਾਂ ਨੂੰ ਰਾਜ ਸਰਕਾਰ ਵਿੱਚ ਸਿੱਧੀ ਭਰਤੀ ਦੌਰਾਨ ਨਿਰਧਾਰਿਤ ਉਮਰ ਹੱਦ ਵਿੱਚ ਛੋਟ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਪੱਤਰ ਜਾਰੀ ਕਰ ਦਿੱਤਾ ਹੈ। ਮੁੱਖ ਸਕੱਤਰ ਵੱਲੋਂ ਜਾਰੀ ਪੱਤਰ ਅਨੁਸਾਰ ਸੂਬੇ ਦੇ ਅਗਨੀਵੀਰਾਂ ਨੂੰ ਹੁਣ ਗਰੁੱਪ ਬੀ ਤੇ ਸੀ ਦੀ ਭਰਤੀ ਦੌਰਾਨ ਨੌਕਰੀਆਂ ਵਿੱਚ ਉਮਰ ਹੱਦ ਵਿੱਚ ਤਿੰਨ ਸਾਲ ਦੀ ਛੋਟ ਦਿੱਤੀ ਜਾਵੇਗੀ, ਜਦੋਂ ਕਿ ਅਗਨੀਵੀਰਾਂ ਦੇ ਪਹਿਲੇ ਬੈਚ ਨੂੰ 5 ਸਾਲ ਤੱਕ ਦੀ ਛੋਟ ਦਿੱਤੀ ਜਾਵੇਗੀ। ਇਸ ਸਬੰਧੀ ਸੂਬੇ ਦੇ ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਤੇ ਖੇਤਰੀ ਦਫ਼ਤਰਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਹਰਿਆਣਾ ਸਰਕਾਰ ਨੇ ਅਗਨੀਵੀਰਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਪਹਿਲਾਂ ਹੀ ਰਾਖਵਾਂਕਰਨ ਦਿੱਤਾ ਹੈ। ਇਸ ਲਈ ਸਰਕਾਰ ਨੇ 20 ਅਗਸਤ ਨੂੰ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਸੀ। ਉਸ ਸਮੇਂ ਹਰਿਆਣਾ ਸਰਕਾਰ ਨੇ ਗਰੁੱਪ ਬੀ ਦੀ ਨੌਕਰੀਆਂ ਵਿੱਚ ਇਕ ਫ਼ੀਸਦ ਅਤੇ ਗਰੁੱਪ ਸੀ ਦੀਆਂ ਨੌਕਰੀਆਂ ਵਿੱਚ 5 ਫ਼ੀਸਦ ਰਾਖਵਾਂਕਰਨ ਅਗਨੀਵੀਰਾਂ ਲਈ ਕੀਤਾ ਸੀ। ਇਸ ਤੋਂ ਇਲਾਵਾ ਪੁਲੀਸ ਕਾਂਸਟੇਬਲਾਂ ਦੀ ਭਰਤੀ ਵਿੱਚ 20 ਫ਼ੀਸਦ ਅਤੇ ਜੰਗਲਾਤ ਵਿਭਾਗ ਵਿੱਚ ਭਰਤੀ ਦੌਰਾਨ 10 ਫ਼ੀਸਦ ਦਾ ਰਾਖਵਾਂਕਰਨ ਕੀਤਾ ਸੀ।

