ਜੇਸੀਬੀ ਰੋਕ ਕੇ ਕੁੱਟਮਾਰ ਕਰਨ ਮਗਰੋਂ 20 ਹਜ਼ਾਰ ਰੁਪਏ ਖੋਹੇ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 2 ਜੂਨ
ਥਾਣਾ ਬਾਬੈਨ ਦੇ ਅਧੀਨ ਆਉਂਦੇ ਪਿੰਡ ਅੰਟੇੜੀ ਤੇ ਖੈਰੀ ਵਿਚਕਾਰ ਸੜਕ ਤੇ ਅਣਪਛਾਤੇ ਲੋਕਾਂ ਨੇ ਜੇਸੀਬੀ ਰੋਕ ਕੇ ਮਸ਼ੀਨ ਦੇ ਸਹਾਇਕ ਬਿਹਾਰੀ ਨੌਜਵਾਨ ਸੋਨੂੰ ਤੋਂ 20 ਹਜ਼ਾਰ ਰੁਪਏ ਖੋਹ ਲਏ। ਸੋਨੂੰ ਨੇ ਬਾਬੈਨ ਪੁਲੀਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਸ ਨੂੰ ਆਪਣੀ ਮਹੀਨਾਵਾਰ ਤਨਖਾਹ ਮਿਲੀ ਸੀ ਤੇ ਉਹ 20 ਹਜ਼ਾਰ ਰੁਪਏ ਤਨਖਾਹ ਲੈ ਕੇ ਆਪਣੇ ਕੰਮ ’ਤੇ ਜਾ ਰਿਹਾ ਸੀ। ਜਦ ਉਹ ਅੰਟੇੜੀ ਤੇ ਖੈਰੀ ਪਿੰਡਾਂ ਵਿਚਕਾਰ ਪਹੁੰਚਿਆ ਤਾਂ ਦੋ ਵਿਅਕਤੀਆਂ ਨੇ ਉਸ ਨੂੰ ਰੋਕਿਆ ਤੇ ਡੰਡਿਆਂ ਨਾਲ ਉਸ ਦੀ ਕੁੱਟਮਾਰ ਕੀਤੀ ਤੇ ਉਸ ਕੋਲੋਂ 20 ਹਜ਼ਾਰ ਰੁਪਏ ਖੋਹ ਲਏ ਤੇ ਫ਼ਰਾਰ ਹੋ ਗਏ। ਸੋਨੂੰ ਨੇ ਆਪਣਾ ਮੈਡੀਕਲ ਕਮਿਊਨਿਟੀ ਸਿਹਤ ਕੇਂਦਰ ਬਾਬੈਨ ਤੋਂ ਕਰਵਾਇਆ। ਜੇਸੀਬੀ ਦੇ ਮਾਲਕ ਪ੍ਰਵੀਨ ਮਥਾਨਾ ਨੇ ਦੱਸਿਆ ਕਿ ਸੋਨੂੰ ਬਿਹਾਰ ਦਾ ਰਹਿਣ ਵਾਲਾ ਹੈ ਤੇ ਉਸ ਦੀ ਜੇਸੀਬੀ ’ਤੇ ਬਤੌਰ ਸਹਾਇਕ ਵਜੋਂ ਕੰਮ ਕਰਦਾ ਹੈ। ਉਸ ਨੂੰ ਇਸ ਮਹੀਨੇ ਦੀ ਤਨਖਾਹ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਅੰਟੇੜੀ ਤੇ ਖੈਰੀ ਪਿੰਡ ਮੁੱਖ ਮੰਤਰੀ ਦੇ ਹਲਕੇ ਵਿਚ ਆਉਂਦੇ ਹਨ। ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਥਾਣਾ ਇੰਚਾਰਜ ਬਲਬੀਰ ਦੱਤ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਮਾਮਲਾ ਲੁੱਟ ਦਾ ਨਹੀਂ ਜਾਪਦਾ। ਇਸ ਕਾਰਨ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜਲਦੀ ਹੀ ਇਸ ਮਾਮਲੇ ਦੇ ਤੱਥ ਸਾਹਮਣੇ ਆਉਣਗੇ । ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਪੂਰੀ ਹੋਣ ਮਗਰੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।