ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 28 ਜੂਨ
ਜੀਟੀ ਰੋਡ ਸਥਿਤ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਨੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਹੋਰ ਵੱਡੀ ਉਪਲਬਧੀ ਹਾਸਲ ਕਰਦੇ ਹੋਏ ਸੂਬਾ ਸਰਕਾਰ ਨੇ ਇਸ ਹਸਪਤਾਲ ਨੂੰ ਨਕਲੀ ਅੰਗ ਲਾਉਣ ਲਈ ਘੋਸ਼ਿਤ ਕੀਤਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਆਦੇਸ਼ ਕਾਲਜ ਦੇ ਐੱਮਡੀ ਡਾ. ਗੁਣਤਾਸ ਸਿੰਘ ਗਿੱਲ ਨੇ ਦੱਸਿਆ ਕਿ ਹੁਣ ਮਾਨਤਾ ਮਿਲਣ ਦੇ ਨਾਲ ਹੀ ਆਦੇਸ਼ ਹਸਪਤਾਲ ਸੂਬੇ ਦਾ ਅੰਗ ਬਦਲਣ ਵਾਲੇ ਸੰਗਠਨ ਸਾਟੋ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਪੀਜੀਆਈ ਰੋਹਤਕ ਤੋਂ ਬਾਅਦ ਹੁਣ ਇਹ ਅਜਿਹਾ ਦੂਜਾ ਮੈਡੀਕਲ ਕਾਲਜ ਬਣ ਗਿਆ ਹੈ ਜੋ ਅੰਗ ਲਾਉਣ ਵਿਚ ਭਾਗੀਦਾਰੀ ਕਰੇਗਾ। ਇਸ ਦੇ ਨਾਲ ਹੀ ਇਸ ਖੇਤਰ ਦੇ ਗੰਭੀਰ ਰੂਪ ਨਾਲ ਬੀਮਾਰ ਮਰੀਜ਼ਾਂ ਦੀ ਜੀਵਨ ਰੱਖਿਆ ਸਹਾਇਤਾ ਆਸਾਨ ਹੋ ਸਕੇਗੀ। ਆਦੇਸ਼ ਦੇ ਐੱਮਡੀ ਗੁਣਤਾਸ ਸਿੰਘ ਗਿੱਲ ਨੇ ਕਿਹਾ ਕਿ ਇਹ ਸਿਰਫ ਇਕ ਮਾਨਤਾ ਹੀ ਨਹੀਂ ਬਲਕਿ ਇਕ ਵੱਡੀ ਜੁਆਬਦੇਹੀ ਹੈ। ਹੁਣ ਆਦੇਸ਼ ਹਸਪਤਾਲ ਉਨ੍ਹਾਂ ਪਰਿਵਾਰਾਂ ਲਈ ਆਸ਼ਾ ਦੀ ਕਿਰਨ ਬਣੇਗਾ ਜਿਨ੍ਹਾਂ ਨੂੰ ਅੰਗ ਲਾਉਣ ਦੀ ਲੋੜ ਹੈ।
ਉਨਾਂ ਕਿਹਾ ਕਿ ਉਹ ਇਸ ਨੂੰ ਪੂਰੀ ਨਿਸ਼ਠਾ, ਸੰਵੇਦਨਸ਼ੀਲਤਾ ਤੇ ਪਾਰਦਰਸ਼ਤਾ ਨਾਲ ਇਸ ਸੇਵਾ ਦੇ ਕਾਰਜ ਨੂੰ ਹੋਰ ਅੱਗੇ ਵਧਾਉਣਗੇ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਨਾ ਸਿਰਫ ਆਦੇਸ਼ ਨੂੰ ਨਿਵੇਕਲੀ ਪਛਾਣ ਮਿਲੀ ਹੈ, ਸਗੋਂ ਇਸ ਦਾ ਸਿੱਧਾ ਲਾਭ ਸੂਬੇ ਦੇ ਲੋਕਾਂ ਨੂੰ ਮਿਲੇਗਾ।