DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਕਾਸ ਕਾਰਜਾਂ ’ਚ ਅਣਗਹਿਲੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ: ਜਿੰਦਲ

ਲੋਕ ਸਭਾ ਮੈਂਬਰ ਨੇ ਨਿਰਧਾਰਤ ਸਮਾਂ ਸੀਮਾ ਅੰਦਰ ਪ੍ਰਾਜੈਕਟ ਪੂਰੇ ਕਰਨ ਦੇ ਨਿਰਦੇਸ਼ ਦਿੱਤੇ

  • fb
  • twitter
  • whatsapp
  • whatsapp
featured-img featured-img
ਮੀਟਿੰਗ ਵਿੱਚ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਸੰਸਦ ਮੈਂਬਰ ਨਵੀਨ ਜਿੰਦਲ।
Advertisement

ਕੁਰੂਕਸ਼ੇਤਰ ਤੋਂ ਲੋਕ ਸਭਾ ਮੈਂਬਰ ਨਵੀਨ ਜਿੰਦਲ ਨੇ ਅਧਿਕਾਰੀਆਂ ਪ੍ਰਤੀ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮਿੰਨੀ ਸਕੱਤਰੇਤ ਦੇ ਆਡੀਟੋਰੀਅਮ ਵਿੱਚ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਾਜੈਕਟਾਂ ਨੂੰ ਨਿਰਧਾਰਤ ਸਮਾਂ ਸੀਮਾ ਅੰਦਰ ਨੇਪਰੇ ਚਾੜ੍ਹਨ ਦੇ ਨਾਲ-ਨਾਲ ਨਿਰਮਾਣ ਸਮੱਗਰੀ ਦੀ ਉੱਚ ਗੁਣਵੱਤਾ ਯਕੀਨੀ ਬਣਾਉਣੀ ਲਾਜ਼ਮੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਕੋਈ ਕੰਮ ਅਧੂਰਾ ਜਾਂ ਅਣਗੌਲਿਆ ਛੱਡਿਆ ਗਿਆ ਤਾਂ ਸਬੰਧਤ ਅਧਿਕਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਸੰਸਦ ਮੈਂਬਰ ਜਿੰਦਲ ਨੇ ਕਿਹਾ ਕਿ ਕੁਰੂਕਸ਼ੇਤਰ ਮੁੱਖ ਮੰਤਰੀ ਦਾ ਸ਼ਹਿਰ (ਸੀ ਐੱਮ ਸਿਟੀ) ਹੋਣ ਕਰਕੇ ਪ੍ਰਸ਼ਾਸਨ ਸਿਰ ਇੱਥੋਂ ਦੇ ਹਰ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਿੰਮੇਵਾਰੀ ਹੈ। ਅਧਿਕਾਰੀਆਂ ਪ੍ਰਤੀ ਉਨ੍ਹਾਂ ਦਾ ਸੁਨੇਹਾ ਸਪੱਸ਼ਟ ਸੀ ਕਿ ਲੋਕਾਂ ਦੀ ਸੇਵਾ ਕਰਕੇ ਆਪਣੇ ਫਰਜ਼ ਪੂਰੇ ਕੀਤੇ ਜਾਣ। ਇਸ ਮੌਕੇ ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਮੀਟਿੰਗ ਦੇ ਏਜੰਡੇ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸੀ ਈ ਓ ਸ਼ੰਭੂ ਰਾਠੀ ਨੇ ਵਿਭਾਗਾਂ ਦੀ ਪ੍ਰਗਤੀ ਰਿਪੋਰਟ ਪੜ੍ਹੀ। ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਮਨੀਸ਼ ਬੱਬਰ ਦੀ ਰਿਪੋਰਟ ਉੱਤੇ ਗੌਰ ਕਰਦਿਆਂ ਨਵੀਨ ਜਿੰਦਲ ਨੇ ਹਦਾਇਤ ਕੀਤੀ ਕਿ ਅਗਲੇ 10 ਸਾਲਾਂ ਦੌਰਾਨ ਪੀਣ ਵਾਲੇ ਪਾਣੀ ਦੀ ਕਿੱਲਤ ਰੋਕਣ ਲਈ ਹੁਣ ਤੋਂ ਹੀ ਪੁਖ਼ਤਾ ਪ੍ਰਸਤਾਵ ਤਿਆਰ ਕੀਤਾ ਜਾਵੇ। ਪਾਣੀ ਦੀ ਸੰਭਾਲ ਅਤੇ ਇਸ ਦੇ ਪ੍ਰਬੰਧਨ ਉੱਤੇ ਵਿਸ਼ੇਸ਼ ਜ਼ੋਰ ਦੇਣ ਦੀ ਲੋੜ ਹੈ।

Advertisement

ਇਸ ਤੋਂ ਇਲਾਵਾ ਸ਼ਾਹਬਾਦ ਖੇਤਰ ਵਿੱਚ ਮਾਰਕੰਡਾ ਨਦੀ ਨੇੜੇ ਰਹਿਣ ਵਾਲੇ ਲੋਕਾਂ ਨੂੰ ਹੜ੍ਹਾਂ ਦੇ ਕਹਿਰ ਤੋਂ ਬਚਾਉਣ ਲਈ ਹਰ ਸਾਲ ਸੁਰੱਖਿਆ ਯੋਜਨਾ ਵਿਕਸਤ ਕਰਨ ਦੇ ਨਿਰਦੇਸ਼ ਦਿੱਤੇ ਗਏ। ਵਾਤਾਵਰਨ ਦੀ ਸੰਭਾਲ ਲਈ ਫਸਲਾਂ ਦੀ ਰਹਿੰਦ-ਖੂਹੰਦ ਜਾਂ ਕੂੜੇ ਨੂੰ ਅੱਗ ਲਗਾਉਣ ਵਾਲਿਆਂ ਸਿਰ ਸਖ਼ਤੀ ਵਰਤੀ ਜਾਵੇ। ਜ਼ਿਲ੍ਹਾ ਪੁਲੀਸ ਕਪਤਾਨ ਚੰਦਰ ਮੋਹਨ ਨੂੰ ਸੜਕਾਂ ਉੱਤੇ ਨਾਜਾਇਜ਼ ਕਬਜ਼ੇ ਹਟਾਉਣ ਅਤੇ ਵਾਹਨਾਂ ਦੀ ਪਾਰਕਿੰਗ ਵਿਵਸਥਾ ਠੀਕ ਕਰਨ ਲਈ ਮੁਹਿੰਮ ਚਲਾਉਣ ਲਈ ਕਿਹਾ ਗਿਆ। ਮੀਟਿੰਗ ਵਿੱਚ ਬਿਨਾਂ ਸੂਚਨਾ ਦਿੱਤੇ ਗੈਰ-ਹਾਜ਼ਰ ਰਹਿਣ ਵਾਲੇ ਰੇਲਵੇ ਐਲੀਵੇਟਿਡ ਟਰੈਕ ਨਾਲ ਸਬੰਧਤ ਅਧਿਕਾਰੀ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਉਨ੍ਹਾਂ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਗਏ। ਇਸ ਮੌਕੇ ਏ ਡੀ ਸੀ ਵਿਵੇਕ ਆਰੀਆ, ਐੱਸ ਡੀ ਐੱਮ ਅਨੁਭਵ ਮਹਿਤਾ, ਐੱਸ ਡੀ ਐੱਮ ਅਨਿਲ ਦੂਨ, ਡੀ ਐੱਮ ਸੀ ਅਮਨ ਕੁਮਾਰ ਅਤੇ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਕੰਵਲਜੀਤ ਕੌਰ ਸਮੇਤ ਕਈ ਪਤਵੰਤੇ ਹਾਜ਼ਰ ਸਨ।

Advertisement

Advertisement
×