ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਕਰਨ ਵਾਲਾ ਮੁਲਜ਼ਮ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ
ਅੰਬਾਲਾ ਅਤੇ ਪੰਚਕੂਲਾ ਵਿੱਚ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਦਰਜ ਹਨ 9 ਮਾਮਲੇ
ਅੰਬਾਲਾ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰੂਪੇਸ਼ ਕੁਮਾਰ, ਵਾਸੀ ਚਿੱਤੌੜਗੜ੍ਹ, ਰਾਜਸਥਾਨ ਵਜੋਂ ਹੋਈ ਹੈ। ਪੁਲੀਸ ਨੇ ਉਸ ਕੋਲੋਂ ਕਰੀਬ 50 ਹਜ਼ਾਰ ਰੁਪਏ ਨਕਦ ਅਤੇ ਪਾਸਪੋਰਟ ਬਰਾਮਦ ਕੀਤਾ ਹੈ।
ਜਾਂਚ ਅਧਿਕਾਰੀ ਸਹਾਇਕ ਸਬ-ਇੰਸਪੈਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਇੱਕ ਮਹਿਲਾ ਨੇ 20 ਜੂਨ 2025 ਨੂੰ ਥਾਣਾ ਅੰਬਾਲਾ ਸ਼ਹਿਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।
ਸ਼ਿਕਾਇਤ ਅਨੁਸਾਰ ਮੁਲਜ਼ਮਾਂ ਨੇ 6 ਫਰਵਰੀ 2024 ਤੋਂ 26 ਅਪਰੈਲ 2025 ਦਰਮਿਆਨ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪੈਸੇ ਲਏ, ਪਰ ਨਾ ਵਿਦੇਸ਼ ਭੇਜਿਆ ਅਤੇ ਨਾ ਹੀ ਰਕਮ ਵਾਪਸ ਕੀਤੀ। ਪੈਸੇ ਮੰਗਣ ’ਤੇ ਧਮਕੀਆਂ ਦੇਣ ਦੇ ਵੀ ਦੋਸ਼ ਹਨ। ਪੁਲੀਸ ਮੁਤਾਬਕ ਮੁਲਜ਼ਮ ਖ਼ਿਲਾਫ਼ ਅੰਬਾਲਾ ਅਤੇ ਪੰਚਕੂਲਾ ਵਿੱਚ ਇਸੇ ਕਿਸਮ ਦੇ ਕਰੀਬ 9 ਮਾਮਲੇ ਦਰਜ ਹਨ। ਮੁਲਜ਼ਮ ਨੂੰ ਅਦਾਲਤ ਨੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।

