Accident: ਹਾਦਸੇ ’ਚ ਹਵਾਈ ਫ਼ੌਜ ਦੇ ਤਿੰਨ ਅਧਿਕਾਰੀ ਜ਼ਖ਼ਮੀ
ਟਰੱਕ ਦੀ ਟੱਕਰ ਕਾਰਨ ਹਾਦਸਾ; ਸਰਸਾਵਾ ਏਅਰ ਫੋਰਸ ਸਟੇਸ਼ਨ ਜਾ ਰਹੇ ਸਨ ਅਧਿਕਾਰੀ
ਯਮੁਨਾਨਗਰ ਵਿੱਚ ਅੱਜ ਸਵੇਰੇ ਕੌਮੀ ਰਾਜ ਮਾਰਗ ’ਤੇ ਕੈਲ ਬਾਈਪਾਸ ਨੇੜੇ ਸੜਕ ਹਾਦਸੇ ਵਿੱਚ ਹਵਾਈ ਸੈਨਾ ਦੇ ਤਿੰਨ ਅਧਿਕਾਰੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਚੰਡੀਗੜ੍ਹ ਏਅਰ ਫੋਰਸ ਸਟੇਸ਼ਨ ਨਾਲ ਸਬੰਧਤ ਸਵਿਫਟ ਡਿਜ਼ਾਇਰ ਕਾਰ ਵਿੱਚ ਚਾਰ ਜਣੇ ਚੰਡੀਗੜ੍ਹ ਕਮਾਂਡ ਤੋਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਸਥਿਤ ਸਰਸਾਵਾ ਏਅਰ ਫੋਰਸ ਸਟੇਸ਼ਨ ਜਾ ਰਹੇ ਸਨ। ਇਸੇ ਦੌਰਾਨ ਹਾਈਵੇਅ ’ਤੇ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਕਾਰ ਵਿੱਚ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਟੱਕਰ ਤੋਂ ਬਾਅਦ ਕਾਰ ਡਿਵਾਈਡਰ ਪਾਰ ਕਰ ਕੇ ਸੜਕ ਦੇ ਦੂਜੇ ਪਾਸੇ ਜਾ ਡਿੱਗੀ। ਕਾਰ ਵਿੱਚ ਸਵਾਰ ਹਵਾਈ ਸੈਨਾ ਦੇ ਤਿੰਨ ਅਧਿਕਾਰੀ ਜ਼ਖ਼ਮੀ ਹੋ ਗਏ, ਜਦੋਂ ਕਿ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸੂਚਨਾ ਮਿਲਣ ਮਗਰੋਂ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਕਾਰ ਚਾਲਕ ਧੀਰੇਂਦਰ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਸਹਾਰਨਪੁਰ ਦੇ ਸਰਸਾਵਾ ਏਅਰ ਫੋਰਸ ਸਟੇਸ਼ਨ ਜਾ ਰਹੇ ਸਨ। ਯਮੁਨਾਨਗਰ ਹਾਈਵੇਅ ’ਤੇ ਕੈਲ ਬਾਈਪਾਸ ਦੇ ਨੇੜੇ ਇੱਕ ਵਾਹਨ ਖਰਾਬ ਹੋਣ ਕਾਰਨ ਜਾਮ ਲੱਗ ਗਿਆ। ਉਹ ਆਪਣੀ ਕਾਰ ਨੂੰ ਇਕ ਪਾਸੇ ਖੜ੍ਹੀ ਕਰ ਕੇ ਜਾਮ ਖੁੱਲ੍ਹਣ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਕਾਰ ਵਿੱਚ ਟੱਕਰ ਮਾਰ ਦਿੱਤੀ ਤੇ ਤਿੰਨ ਅਫ਼ਸਰ ਜ਼ਖ਼ਮੀ ਹੋ ਗਏ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਹਵਾਈ ਸੈਨਾ ਦੇ ਹੋਰ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਗਏ। ਸਬ-ਇੰਸਪੈਕਟਰ ਪਰਮਜੋਤ ਸਿੰਘ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ ਹਵਾਈ ਸੈਨਾ ਦੇ ਤਿੰਨ ਅਧਿਕਾਰੀ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

