ਬਾਬੈਨ ਤੋਂ ਬਰਗਟ ਜਟਾਨ ਤੱਕ ਸੜਕ ’ਤੇ ਕਿਸਾਨਾਂ ਵੱਲੋਂ ਦੋਵੇਂ ਪਾਸੇ ਬਰਮ ਵੱਢਣ ਕਾਰਨ ਹਾਦਸੇ ਵਾਪਰ ਰਹੇ ਹਨ। ਇਸ ਸੜਕ ’ਤੇ ਬਰਮ ਨਾ ਹੋਣ ਕਾਰਨ ਅੱਜ ਬੱਸ ਖੇਤ ਵਿੱਚ ਜਾ ਵੜੀ, ਪਰ ਖ਼ੁਸ਼ਕਿਸਮਤੀ ਨਾਲ ਕੋਈ ਨੁਕਸਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਸੜਕ ਦਾ ਪੱਧਰ ਖੇਤਾਂ ਨਾਲੋਂ ਕਾਫ਼ੀ ਉੱਚਾ ਹੈ, ਜਿਸ ਕਾਰਨ ਹਰ ਵੇਲੇ ਹਾਦਸਿਆਂ ਦਾ ਖ਼ਤਰਾ ਰਹਿੰਦਾ ਹੈ। ਸੜਕ ਤੰਗ ਹੋਣ ਕਾਰਨ ਵਾਹਨਾਂ ਨੂੰ ਇੱਕ-ਦੂਜੇ ਨੂੰ ਕਰਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਥੋੜ੍ਹੀ ਜਿਹੀ ਅਣਗਹਿਲੀ ਕਾਰਨ ਵਾਹਨ ਖੇਤਾਂ ਵਿੱਚ ਪਲਟ ਸਕਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਕੂਲ ਬੱਸਾਂ ਸਣੇ ਕਈ ਵਾਹਨ ਇਸ ਰਸਤੇ ’ਤੇ ਖੇਤਾਂ ਵਿੱਚ ਸੜਕ ਤੋਂ ਡਿੱਗ ਚੁੱਕੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦੇ ਸੜਕ ਦੇ ਦੋਹੀਂ ਪਾਸੀਂ ਕਿਨਾਰੇ ਮਜ਼ਬੂਤ ਨਾ ਕੀਤੇ ਗਏ ਤਾਂ ਭਵਿੱਖ ਵਿੱਚ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਪਿੰਡ ਵਾਸੀ ਸੰਜੂ ਪੂਨੀਆ ਨੇ ਕਿਹਾ ਕਿ ਉਸ ਨੇ ਸੜਕ ਦੇ ਦੋਵੇਂ ਪਾਸੇ ਟੁੱਟੇ ਹੋਏ ਕੰਢਿਆਂ ਬਾਰੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਕੀਤਾ ਹੈ, ਇਸ ਦੇ ਬਾਵਜੂਦ ਵੀ ਅਜੇ ਤੱਕ ਸਮੱਸਿਆ ਦਾ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਰੋਜ਼ਾਨਾ ਇਸ ਸੜਕ ’ਤੇ ਵੱਡੀ ਗਿਣਤੀ ਵਿੱਚ ਛੋਟੇ-ਵੱਡੇ ਵਾਹਨ ਅਤੇ ਸਕੂਲੀ ਵਾਹਨ ਵੀ ਲੰਘਦੇ ਹਨ। ਸੜਕ ਦੇ ਬਰਮ ਨਾ ਹੋਣ ਕਾਰਨ ਕਈ ਵਾਰ ਸਕੂਲੀ ਅਤੇ ਹੋਰ ਵਾਹਨ ਖੇਤਾਂ ਵਿੱਚ ਡਿੱਗ ਚੁੱਕੇ ਹਨ। ਇਸ ਸੜਕ ਤੋਂ ਲੰਘਦਿਆਂ ਚਾਲਕਾਂ ਨੂੰ ਵੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਖ਼ਾਸ ਕਰਕੇ ਜਦੋਂ ਵਾਹਨ ਆਹਮੋ-ਸਾਹਮਣੇ ਤੋਂ ਆਉਂਦੇ ਹਨ।
ਜਗਮਾਲ ਸਿੰਘ, ਪਾਲਾ ਰਾਮ, ਗੁਰਸੇਬ, ਸਚਿਨ ਆਦਿ ਨੇ ਮੰਗ ਕੀਤੀ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਜਲਦੀ ਤੋਂ ਜਲਦੀ ਸੜਕ ਦੇ ਦੋਵੇਂ ਬਰਮਾ ਨੂੰ ਠੀਕ ਕਰਨ ਅਤੇ ਜਿੱਥੇ ਸੜਕ ਟੁੱਟੀ ਹੈ, ਉਥੇ ਮੁਰੰਮਤ ਕਰਵਾਈ ਜਾਵੇ।

