AAP Leader Aman Goyal Arrested: ਜ਼ਮੀਨ ਹੜੱਪਣ ਅਤੇ ਜਾਅਲਸਾਜ਼ੀ ਮਾਮਲੇ ’ਚ ਹੋਈ ਗ੍ਰਿਫ਼ਤਾਰੀ
SC ਤੱਕ ਕੇਸ ਹਾਰਨ ਦੇ ਬਾਵਜੂਦ ਪਲਾਟ ’ਤੇ ਕਬਜ਼ੇ ਦੀ ਕੋਸ਼ਿਸ਼; ਮੰਤਰੀ ਦਾ ਭਤੀਜਾ ਦੱਸ ਕੇ ਦਿੰਦਾ ਸੀ ਧਮਕੀਆਂ
ਫਰੀਦਾਬਾਦ ਪੁਲੀਸ ਨੇ ਜ਼ਮੀਨ ਹੜੱਪਣ ਅਤੇ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਦੇ ਗੰਭੀਰ ਦੋਸ਼ਾਂ ਹੇਠ ਆਮ ਆਦਮੀ ਪਾਰਟੀ ਦੇ ਕਥਿਤ ਆਗੂ ਅਮਨ ਗੋਇਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕੀਤੀ ਜਾਵੇਗੀ।
ਪੁਲੀਸ ਅਨੁਸਾਰ ਇਹ ਵਿਵਾਦ ਸੈਕਟਰ-35 ਸਥਿਤ ਪਲਾਟ ਨੰਬਰ 71 ਨਾਲ ਸਬੰਧਤ ਹੈ। ਦਿੱਲੀ ਦੀ ਰਹਿਣ ਵਾਲੀ ਮਾਲਾ ਸ਼ਰਮਾ ਨੇ ਇਹ ਪਲਾਟ ਖ਼ਰੀਦਿਆ ਸੀ, ਪਰ ਕੁਝ ਸਮੇਂ ਬਾਅਦ ਪਲਾਟ ਦੇ ਅਸਲ ਮਾਲਕ ਨੇ ਉਹੀ ਪਲਾਟ ਅਮਨ ਗੋਇਲ ਨੂੰ ਵੀ ਵੇਚ ਦਿੱਤਾ ਅਤੇ ਇਸੇ ਦੌਰਾਨ ਮਾਲਕ ਦੀ ਮੌਤ ਹੋ ਗਈ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਮਾਲਾ ਸ਼ਰਮਾ ਕੋਲ ਪਲਾਟ ਦੀ ਅਸਲ ਰਜਿਸਟਰੀ ਹੈ, ਜਦੋਂਕਿ ਗੋਇਲ ਨੇ ਸਰਟੀਫਾਈਡ ਕਾਪੀ ਰਾਹੀਂ ਇਸ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਮਾਲਾ ਸ਼ਰਮਾ ਨੇ ਇਸ ਧੱਕੇਸ਼ਾਹੀ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ।
ਕਈ ਸਾਲਾਂ ਤੱਕ ਚੱਲੀ ਇਸ ਕਾਨੂੰਨੀ ਲੜਾਈ ਵਿੱਚ ਸੈਸ਼ਨ ਕੋਰਟ ਅਤੇ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਮਾਲਾ ਸ਼ਰਮਾ ਦੇ ਹੱਕ ਵਿੱਚ ਫੈਸਲਾ ਸੁਣਾਇਆ। ਅਦਾਲਤੀ ਫੈਸਲੇ ਦੇ ਬਾਵਜੂਦ, ਪੀੜਤਾ ਨੇ ਦੋਸ਼ ਲਾਇਆ ਕਿ ਅਮਨ ਗੋਇਲ ਖ਼ੁਦ ਨੂੰ ਇੱਕ ਕੈਬਨਿਟ ਮੰਤਰੀ ਦਾ ਭਤੀਜਾ ਦੱਸ ਕੇ ਉਸ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਸੀ।
ਸਰਾਏ ਖਵਾਜਾ ਥਾਣੇ ਦੇ ਐੱਸ.ਐੱਚ.ਓ. ਇੰਸਪੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਗੋਇਲ ਨੇ ਪਲਾਟ ਹੜੱਪਣ ਲਈ ਆਪਣੇ ਦੋਸਤ ਜਤਿੰਦਰ ਪਰਾਸ਼ਰ ਦੇ ਨਾਮ ’ਤੇ ਇੱਕ ਜਾਅਲੀ ਇਕਰਾਰਨਾਮਾ (Agreement) ਤਿਆਰ ਕੀਤਾ ਸੀ। ਜਾਂਚ ਵਿੱਚ ਪਾਇਆ ਗਿਆ ਕਿ ਇਹ ਸਮਝੌਤਾ 2024 ਵਿੱਚ ਜਾਰੀ ਕੀਤਾ ਗਿਆ ਸੀ, ਜਦੋਂਕਿ ਇਸ ਉੱਤੇ ਸਾਰੀ ਕਾਰਵਾਈ ਪਿਛਲੀ ਤਰੀਕ ਯਾਨੀ 2023 ਦੀ ਦਿਖਾਈ ਗਈ ਸੀ। ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਸ਼ਾਮਲ ਹੋਰਨਾਂ ਵਿਅਕਤੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

