‘ਆਪ’ ਵੱਲੋਂ ਹਰਿਆਣਾ ’ਚ 22 ਜ਼ਿਲ੍ਹਾ ਇੰਚਾਰਜ ਨਿਯੁਕਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਜੂਨ
ਹਰਿਆਣਾ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਹਰਿਆਣਾ ‘ਆਪ’ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੁਪਤਾ ਵੱਲੋਂ ਸੂਬੇ ਵਿੱਚ 22 ਜ਼ਿਲ੍ਹਿਆਂ ਦੇ ਇੰਚਾਰਜ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵੱਲੋਂ ਅੱਗੇ ਜ਼ਿਲ੍ਹਾ ਇਕਾਈਆਂ ਦਾ ਗਠਨ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਵੇਗਾ। ‘ਆਪ’ ਨੇ ਅੰਬਾਲਾ ਦਾ ਇੰਚਾਰਜ ਆਦਰਸ਼ਪਾਲ, ਭਿਵਾਨੀ ਦਾ ਭੀਮ ਸਿੰਘ ਮਹੇਸ਼ਵਾਲ, ਚਰਖੀ ਦਾਦਰੀ ਦਾ ਵਿਕਾਸ ਨੇਹਰਾ, ਫਰੀਦਾਬਾਦ ਦਾ ਦੀਪਕ ਜੌਨ, ਫਤਿਹਾਬਾਦ ਦਾ ਰਣਵੀਰ ਲੋਹਾਨ, ਗੁਰੂਗ੍ਰਾਮ- ਡਾ. ਨੀਤੂ ਮਾਨ, ਹਿਸਾਰ ਦਾ ਅਨਿਲ ਰਾਂਗਾ, ਕਰਨਾਲ ਦਾ ਕ੍ਰਿਸ਼ਨ ਬਜਾਜ, ਕੁਰੂਕਸ਼ੇਤਰ ਦਾ ਜੈਪਾਲ ਸ਼ਰਮਾ, ਮਹਿੰਦਰਗੜ੍ਹ ਦਾ ਸਤੀਸ਼ ਯਾਦਵ, ਮੇਵਾਤ ਦਾ ਰਾਜਿੰਦਰ ਸ਼ਰਮਾ, ਪਲਵਲ ਦਾ ਰਾਜਿੰਦਰ ਸ਼ਰਮਾ, ਪੰਚਕੂਲਾ ਦਾ ਗੁਰਪਾਲ ਸਿੰਘ ਅਤੇ ਯਮੁਨਾਨਗਰ ਦਾ ਰਮੇਸ਼ ਦਹੀਆ ਨੂੰ ਲਗਾਇਆ ਹੈ।
ਪੰਜਾਬ ਵਿੱਚ ਪੰਜ ਸੋਸ਼ਲ ਮੀਡੀਆ ਵਿੰਗ ਦੇ ਕੋਆਰਡੀਨੇਟਰ ਤੇ ਸਕੱਤਰ ਐਲਾਨੇ
‘ਆਪ’ ਨੇ ਪੰਜਾਬ ਵਿੱਚ ਸੋਸ਼ਲ ਮੀਡੀਆ ਟੀਮ ਨੂੰ ਮਜ਼ਬੂਤ ਕਰਨ ਲਈ ਪੰਜ ਸੋਸ਼ਲ ਮੀਡੀਆ ਜ਼ੋਨਾਂ ਦੇ ਕੋਆਰਡੀਨੇਟਰ ਤੇ ਸਕੱਤਰ ਐਲਾਨੇ ਹਨ। ਇਹ ਐਲਾਨ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਤੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕੀਤਾ ਹੈ। ‘ਆਪ’ ਵੱਲੋਂ ਦੁਆਬਾ ਜ਼ੋਨ ਦਾ ਕੋਆਰਡੀਨੇਟਰ ਅਤਬਾਰ ਸਿੰਘ ਤੇ ਸਕੱਤਰ ਮਨਮੋਹਨ ਸਿੰਘ ਨੂੰ ਲਗਾਇਆ ਹੈ। ਇਸੇ ਤਰ੍ਹਾਂ ਮਾਝਾ ਦਾ ਕੋਆਰਡੀਨੇਟਰ ਪ੍ਰੀਤ ਢਿੱਲੋਂ ਤੇ ਸਕੱਤਰ ਆਸ਼ੂ ਰੰਧਾਵਾ, ਮਾਲਵਾ ਸੈਂਟਰਲ ਦਾ ਕੋਆਰਡੀਨੇਟਰ ਦੀਪਕ ਬਾਤਿਸ਼ ਤੇ ਸਕੱਤਰ ਇੰਦਰਜੀਤ ਸਿੰਘ, ਮਾਲਵਾ ਪੂਰਬੀ ਦਾ ਕੋਆਰਡੀਨੇਟਰ ਸੁਖਵੀਰ ਸਿੰਘ ਚਹਿਲ ਤੇ ਸਕੱਤਰ ਜਸਦੇਵ ਸਿੰਘ ਔਜਲਾ ਅਤੇ ਮਾਲਵਾ ਪੱਛਮੀ ਦਾ ਕੋਆਰਡੀਨੇਟਰ ਹਰਵਿੰਦਰ ਸਿੰਘ ਤੇ ਸਕੱਤਰ ਸੁਖਵਿੰਦਰ ਸਿੰਘ ਜਵੰਧਾ ਨੂੰ ਲਗਾਇਆ ਹੈ।