ਸਮਾਜ ਨੂੰ Caste System ਵਿੱਚੋਂ ਬਾਹਰ ਕੱਢਣ ਦਾ ਸੱਦਾ
ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਸਮਾਗਮ
ਗੁਰੂ ਗ੍ਰੰਥ ਸਾਹਿਬ ਰਿਸੋਰਸ ਸੈਂਟਰ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵੱਲੋਂ ਗੁਰੂ ਰਵਿਦਾਸ ਜੀ ਦੀ 650ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ‘ਭਗਤ ਰਵਿਦਾਸ ਜੀ: ਭਾਉ-ਭਗਤ ਤੋਂ ਬੇਗਮਪੁਰਾ’ ਵਿਸ਼ੇ ਉੱਤੇ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਿੱਖ ਰਿਸਰਚ ਇੰਸਟੀਟਿਊਟ, ਅਮਰੀਕਾ ਦੇ ਸੀਨੀਅਰ ਫੈਲੋ ਹਰਿੰਦਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਲੈਕਚਰ ਦਿੱਤਾ। ਦਿੱਲੀ ਯੂਨੀਵਰਸਿਟੀ ਦੀ ਕਲਚਰ ਕੌਂਸਲ ਦੇ ਡੀਨ ਪ੍ਰੋ. ਰਵਿੰਦਰ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੇ ਸਾਬਕਾ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।
ਸਮਾਗਮ ਦੇ ਆਰੰਭ ਵਿੱਚ ਸਦਨ ਦੇ ਡਾਇਰੈਕਟਰ ਜਨਰਲ ਡਾ. ਮਹਿੰਦਰ ਸਿੰਘ ਨੇ ਗੁਰੂ ਰਵਿਦਾਸ ਜੀ ਦੇ ਯੋਗਦਾਨ ਬਾਰੇ ਚਾਨਣਾ ਪਾਉਂਦਿਆਂ ਸਾਰਿਆਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਨੁੱਖਤਾ ਦੇ ਸੰਕਲਪ ਨੂੰ ਅਪਣਾ ਕੇ ਆਰਥਿਕ ਅਤੇ ਸਮਾਜਿਕ ਬਰਾਬਰੀ ਵਾਲਾ ਸਮਾਜ ਸਿਰਜਣ। ਖੋਜਾਰਥਣ ਹਰਮਨਗੀਤ ਕੌਰ ਨੇ ਵਕਤਿਆਂ ਅਤੇ ਵਿਸ਼ੇ ਦੀ ਸੰਖੇਪ ਜਾਣ-ਪਛਾਣ ਕਰਵਾਈ। ਹਰਿੰਦਰ ਸਿੰਘ ਨੇ ਗੁਰੂ ਰਵਿਦਾਸ ਦੀ ਇਤਿਹਾਸਕ ਪਿੱਠਭੂਮੀ ਤੋਂ ਗੱਲ ਸ਼ੁਰੂ ਕਰਦਿਆਂ ‘ਬੇਗਮਪੁਰਾ’ ਦੇ ਸੰਕਲਪ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਬੇਗਮਪੁਰਾ ਭਾਉ-ਭਗਤੀ ਦੀ ਅਜਿਹੀ ਅਵਸਥਾ ਹੈ, ਜਿੱਥੇ ਦੁੱਖ, ਚਿੰਤਾ ਅਤੇ ਵਧੀਕੀ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਰਤਾਰਪੁਰ, ਖਡੂਰ ਸਾਹਿਬ, ਗੋਇੰਦਵਾਲ ਅਤੇ ਆਨੰਦਪੁਰ ਸਾਹਿਬ ਵਰਗੇ ਸ਼ਹਿਰਾਂ ਨੂੰ ਬੇਗਮਪੁਰੇ ਦੇ ਸੰਕਲਪ ਦਾ ਪ੍ਰਤੱਖ ਪ੍ਰਮਾਣ ਦੱਸਿਆ। ਉਨ੍ਹਾਂ ਜ਼ੋਰ ਦਿੱਤਾ ਕਿ ਇਸ ਅਵਸਥਾ ਨੂੰ ਪ੍ਰਾਪਤ ਕਰਨ ਲਈ ਮਨੁੱਖ ਨੂੰ ਆਪਣੀ ਅੰਤਰ ਚੇਤਨਾ ਵਿਕਸਿਤ ਕਰਨ ਦੀ ਲੋੜ ਹੈ।
ਮੁੱਖ ਮਹਿਮਾਨ ਪ੍ਰੋ. ਰਵਿੰਦਰ ਕੁਮਾਰ ਨੇ ਕਿਹਾ ਕਿ ਗੁਰੂ ਰਵਿਦਾਸ ਨੂੰ ਸਮਝਣ ਲਈ ਭਗਤੀ ਲਹਿਰ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਭਗਤਾਂ ਵੱਲੋਂ ਦਿੱਤੇ ਕਿਰਤ, ਸਮਾਨਤਾ ਅਤੇ ਜਾਤ-ਮੁਕਤ ਸਮਾਜ ਦੇ ਸੁਨੇਹੇ ਨੂੰ ਪ੍ਰਚਾਰਨ ਵਿੱਚ ਅਧਿਆਪਕ ਵਰਗ ਦੀ ਜ਼ਿੰਮੇਵਾਰੀ ਉੱਤੇ ਜ਼ੋਰ ਦਿੱਤਾ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਬਲਬੀਰ ਮਾਧੋਪੁਰੀ ਨੇ ਸਮਾਜ ਨੂੰ ਜਾਤ-ਪਾਤ ਅਤੇ ਵਿਤਕਰੇ ਵਾਲੀ ਸੋਚ ਤੋਂ ਬਾਹਰ ਆਉਣ ਦਾ ਸੱਦਾ ਦਿੱਤਾ।
ਅਖੀਰ ਵਿੱਚ ਸਰੋਤਿਆਂ ਨਾਲ ਸਵਾਲ-ਜਵਾਬ ਦਾ ਸੈਸ਼ਨ ਵੀ ਹੋਇਆ, ਜਿਸ ਮਗਰੋਂ ਸਦਨ ਦੀ ਜਨਰਲ ਸਕੱਤਰ ਡਾ. ਕਿਰਨਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਡਾ. ਪੁਨੀਤਾ ਸਿੰਘ, ਡਾ. ਯਾਦਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਹਿੱਸਾ ਲਿਆ।

