ਹਰਿਆਣਾ ਸਟੇਟ ਮਾਸਟਰ ਖੇਡਾਂ ’ਚ ਭਾਨੋਖੇੜੀ ਨਿਵਾਸੀ 70 ਸਾਲਾ ਸੋਹਣ ਸਿੰਘ ਨੇ ਤਿੰਨ ਮੁਕਾਬਲੇ ਜਿੱਤੇ
ਇਸ ਵਾਰ ਹਰਿਆਣਾ ਰਾਜ ਮਾਸਟਰ ਖੇਡਾਂ ਦੇ ਮੁਕਾਬਲੇ ਦੇ ਹਿੱਸੇ ਵਜੋਂ ਸਰਕਾਰ ਵੱਲੋਂ ਜਗਾਧਰੀ (ਯਮੁਨਾਨਗਰ) ਪੁਲੀਸ ਲਾਈਨ ਮੈਦਾਨ ਵਿੱਚ 30 ਤੋਂ 100 ਸਾਲ ਦੀ ਉਮਰ ਦੇ ਖਿਡਾਰੀਆਂ ਲਈ ਵੱਖ-ਵੱਖ ਇੱਕ-ਰੋਜ਼ਾ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ਵਿੱਚ ਹਰਿਆਣਾ ਦਾ ਫੌਜਾ ਸਿੰਘ ਕਹੇ ਜਾਂਦੇ ਅੰਬਾਲਾ ਸ਼ਹਿਰ ਲਾਗਲੇ ਪਿੰਡ ਭਾਨੋਖੇੜੀ ਦੇ ਸਾਬਕਾ ਸਿਪਾਹੀ 70 ਸਾਲਾ ਸੋਹਣ ਸਿੰਘ ਨੇ ਵੀ ਹਿੱਸਾ ਲਿਆ ਅਤੇ ਤਿੰਨ ਦੌੜ ਮੁਕਾਬਲੇ ਜਿੱਤ ਕੇ ਆਪਣੇ ਖੇਤਰ ਦਾ ਨਾਮ ਰੌਸ਼ਨ ਕੀਤਾ।
ਉਸ ਨੇ 400 ਮੀਟਰ ਦੌੜ ਵਿੱਚ ਚਾਂਦੀ ਦਾ ਅਤੇ 100 ਮੀਟਰ ਤੇ 200 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਯਮੁਨਾਨਗਰ ਦੇ ਐਸਪੀ ਕਮਲਦੀਪ ਗੋਇਲ ਨੇ ਸੋਹਣ ਸਿੰਘ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਮੈਡਲਾਂ ਨਾਲ ਸਨਮਾਨਿਤ ਕੀਤਾ।
ਪ੍ਰੋਗਰਾਮ ਵਿੱਚ ਮਾਸਟਰ ਗੇਮਜ਼ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਸਾਹਨੀ, ਸਕੱਤਰ ਸੁਸ਼ੀਲ ਕੁਮਾਰ ਅਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਭਾਗੀਦਾਰ ਸ਼ਾਮਲ ਹੋਏ।
ਜ਼ਿਕਰਯੋਗ ਹੈ ਭਾਨੋਖੇੜੀ ਦਾ ਸੋਹਣ ਸਿੰਘ ਹੁਣ ਤੱਕ 24 ਤਗਮੇ ਜਿੱਤ ਚੁੱਕਾ ਹੈ ਜਿਨ੍ਹਾਂ ਵਿੱਚ ਸੋਨੇ ਦੇ 10, ਚਾਂਦੀ ਦੇ 8 ਅਤੇ ਕਾਂਸੀ ਦੇ 6 ਤਗਮੇ ਸ਼ਾਮਲ ਹਨ। 11 ਨਵੰਬਰ ਨੂੰ ਅੰਬਾਲਾ ਕੈਂਟ ਦੀ ਸਿੰਘ ਐਜੂਕੇਸ਼ਨ ਸੁਸਾਇਟੀ ਵੱਲੋਂ ਉਸ ਨੂੰ ਵੱਡੀ ਉਮਰ ਵਿਚ ਕੀਤੀਆਂ ਪ੍ਰਾਪਤੀਆਂ ਲਈ ਸਨਮਾਨਿਤ ਵੀ ਕੀਤਾ ਗਿਆ ਹੈ। ਸੋਹਣ ਸਿੰਘ ਦਾ ਕਹਿਣਾ ਹੈ ਕਿ ਇਹ ਸਭ 70 ਸਾਲ ਦੀ ਉਮਰ ਵਿੱਚ ਸੰਭਵ ਨਹੀਂ ਹੁੰਦਾ ਪਰ ਰੋਜ਼ਾਨਾ ਰੁਟੀਨ ਅਤੇ ਧਿਆਨ ਰਾਹੀਂ ਸੰਭਵ ਹੋ ਰਿਹਾ ਹੈ।
