ਐੱਮ 3 ਐੱਮ ਫਾਊਂਡੇਸ਼ਨ ਵੱਲੋਂ ਸਥਾਪਤ ‘ਆਈ ਐਮ ਪਾਵਰ ਅਕੈਡਮੀ ਫਾਰ ਸਕਿੱਲਜ਼’ ਪੇਂਡੂ ਅਤੇ ਛੋਟੇ ਸ਼ਹਿਰਾਂ ਦੇ ਨੌਜਵਾਨਾਂ ਨੂੰ ਮੁਫ਼ਤ ਹੁਨਰ ਸਿਖਲਾਈ ਪ੍ਰਦਾਨ ਕਰ ਕੇ ਉਨ੍ਹਾਂ ਨੂੰ ਰੁਜ਼ਗਾਰ ਅਤੇ ਸਵੈ-ਨਿਰਭਰਤਾ ਨਾਲ ਜੋੜਨ ਲਈ ਅਹਿਮ ਕੰਮ ਕਰ ਰਹੀ ਹੈ। ਇਹ ਸੰਸਥਾ ਇਸ ਸਮੇਂ ਬਾਬੈਨ, ਬਿਹੋਲੀ ਅਤੇ ਖੈਰਾ ਵਿੱਚ ਤਿੰਨ ਹੁਨਰ ਸਿਖਲਾਈ ਕੇਂਦਰ ਸਫ਼ਲਤਾਪੂਰਵਕ ਚਲਾ ਰਹੀ ਹੈ, ਜਿੱਥੇ ਨੌਜਵਾਨਾਂ ਨੂੰ ਵੱਖ-ਵੱਖ ਰੁਜ਼ਗਾਰ ਮੁਖੀ ਕਿੱਤਿਆਂ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ। ਹੁਣ ਤੱਕ ਲਗਭਗ 800 ਨੌਜਵਾਨ ਮਰਦ ਅਤੇ ਔਰਤਾਂ ਇਨ੍ਹਾਂ ਕੇਂਦਰਾਂ ਤੋਂ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ 526 ਨੇ ਵੱਖ-ਵੱਖ ਨਾਮੀ ਕੰਪਨੀਆਂ ਵਿੱਚ ਨੌਕਰੀ ਜਾਂ ਸਵੈ-ਰੁਜ਼ਗਾਰ ਦੇ ਮੌਕੇ ਹਾਸਲ ਕਰ ਲਏ ਹਨ। ਸਿਖਲਾਈ ਮੁਕੰਮਲ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਅਧਿਕਾਰਤ ਸਰਟੀਫਿਕੇਟ ਅਤੇ ਨੌਕਰੀ ਦੀ ਪਲੇਸਮੈਂਟ ਵਿੱਚ ਪੂਰੀ ਮਦਦ ਦਿੱਤੀ ਜਾਂਦੀ ਹੈ।
ਇਸ ਉਸਾਰੂ ਪਹਿਲਕਦਮੀ ਦੇ ਹਿੱਸੇ ਵਜੋਂ ਬਾਬੈਨ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ 62 ਨੌਜੁਆਨਾਂ ਨੂੰ ‘ਜ਼ੈਪਟੋ’ ਕੰਪਨੀ ਵੱਲੋਂ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਨੌਜਵਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਕੰਪਨੀ ਵੱਲੋਂ ਕੰਮ ਵਾਲੀ ਥਾਂ ਤੱਕ ਆਉਣ-ਜਾਣ ਲਈ ਵਿਸ਼ੇਸ਼ ਬੱਸ ਸੇਵਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਅਕੈਡਮੀ ਦੀ ਟੀਮ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਸਿਰਫ਼ ਨੌਜਵਾਨਾਂ ਨੂੰ ਸਿਖਲਾਈ ਦੇਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਸਿਖਲਾਈ ਤੋਂ ਲੈ ਕੇ ਸਫ਼ਲ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੁਕਾਮ ਤੱਕ ਪਹੁੰਚਾਉਣਾ ਹੈ। ਇਸੇ ਮੰਤਵ ਲਈ ਸੰਸਥਾ ਵੱਖ-ਵੱਖ ਕੰਪਨੀਆਂ ਨਾਲ ਤਾਲਮੇਲ ਕਰ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਾਲ-ਨਾਲ ਆਵਾਜਾਈ ਵਰਗੀਆਂ ਜ਼ਰੂਰੀ ਸਹੂਲਤਾਂ ਵੀ ਦਿਵਾ ਰਹੀ ਹੈ।

