ਕੈਂਪ ਦੌਰਾਨ 51 ਯੂਨਿਟ ਖੂਨ ਦਾਨ
ਸਮਾਜਿਕ ਸੰਗਠਨ ਬਿਗ ਹੈਲਪ ਇੰਡਿਆ ਫਾਊਂਡੇਸ਼ਨ ਤੇ ਮਾਂ ਅੰਨਾਪੂਰਨਾ ਰਸੋਈ ਬਾਬੈਨ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ। ਇਸ ਦਾ ਸ਼ੁਭ ਆਰੰਭ ਮਾਰਕੀਟ ਕਮੇਟੀ ਬਾਬੈਨ ਦੇ ਸਕੱਤਰ ਗੁਰਮੀਤ ਸਿੰਘ ਸੈਣੀ ਨੇ ਕੀਤਾ। ਇਸ ਮੌਕੇ ਕਲਪਨਾ ਚਾਵਲਾ ਮੈਡੀਕਲ ਕਾਲਜ ਦੀ ਟੀਮ ਨੇ 51 ਯੂਨਿਟ ਖੂਨ ਇੱਕਠਾ ਕੀਤਾ। ਸਾਰੇ ਖੂਨਦਾਨੀਆਂ ਨੂੰ ਬਿਗ ਹੈਲਪ ਇੰਡਿਆ ਫਾਊਂਡੇਸ਼ਨ ਵੱਲੋਂ ਬੈਜ ਲਾ ਕੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਸੈਣੀ ਨੇ ਖੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਮਨੁੱਖੀ ਸੇਵਾ ਕਾਰਜ ਹੈ। ਕਿਸੇ ਵੱਲੋਂ ਦਿੱਤਾ ਗਿਆ ਖੂਨ ਕਿਸੇ ਦੀ ਕੀਮਤੀ ਜਾਨ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖੂਨ ਕਿਸੇ ਫੈਕਟਰੀ ਵਿਚ ਨਹੀਂ ਬਣਦਾ, ਇਹ ਸਿਰਫ ਮਨੁੱਖੀ ਸਰੀਰ ਤੋਂ ਹੀ ਲਿਆ ਜਾ ਸਕਦਾ ਹੈ। ਖੂਨਦਾਨ ਦੀ ਮਹੱਤਤਾ ਨੂੰ ਸਮਝਦੇ ਹੋਏ ਹਰ ਵਿਅਕਤੀ ਨੂੰ ਨਿਯਮਤ ਤੌਰ ’ਤੇ ਖੂਨਦਾਨ ਕਰਨਾ ਚਾਹੀਦਾ ਹੈ। ਕੈਂਪ ਵਿਚ ਇਲਾਕੇ ਦੇ ਨੌਜਵਾਨਾਂ, ਸਮਾਜ ਸੇਵੀਆਂ ਤੇ ਔਰਤਾਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਭਾਜਪਾ ਆਗੂ ਨਾਇਬ ਸਿੰਘ ਪਟਾਕ ਮਾਜਰਾ ਨੇ ਕਿਹਾ ਕਿ ਖੂਨਦਾਨ ਇਕ ਮਹਾਨ ਦਾਨ ਹੈ ਤੇ ਅਜਿਹੇ ਕੈਂਪਾਂ ਰਾਹੀਂ ਸਮਾਜ ਦੇ ਲੋੜਵੰਦ ਵਿਅਕਤੀਆਂ ਦੀ ਮਦਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਖੂਨਦਾਨ ਪ੍ਰਤੀ ਉਤਸ਼ਾਹ ਦੇਖ ਕੇ ਲੱਗਦਾ ਹੈ ਕਿ ਨਵੀਂ ਪੀੜ੍ਹੀ ਹਮੇਸ਼ਾ ਸਮਾਜ ਸਵਾ ਲਈ ਤਿਆਰ ਰਹਿੰਦੀ ਹੈ। ਕਮੇਟੀ ਦੇ ਚੇਅਰਮੈਨ ਡਾ ਪ੍ਰਵੀਨ ਕੁਮਾਰ ਤੇ ਸੋਨੀਆ ਸੈਣੀ ਨੇ ਖੂਨ ਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਸਮਾਜਿਕ ਪ੍ਰੋਗਰਾਮ ਜਾਰੀ ਰਹਿਣਗੇ।