ਰਤਨ ਸਿੰਘ ਢਿੱਲੋਂ
ਅੰਬਾਲਾ, 28 ਜੁਲਾਈ
ਰਾਤ ਤੋਂ ਪੈ ਰਹੀ ਬਰਸਾਤ ਦੇ ਪਾਣੀ ਵਿੱਚ ਸ਼ਹਿਰ ਡੁੱਬ ਗਿਆ ਹੈ। ਕੱਪੜਾ ਮਾਰਕੀਟ ਦੀਆਂ ਦੁਕਾਨਾਂ ਵਿੱਚ ਦੋ-ਦੋ ਫੁੱਟ ਪਾਣੀ ਖੜ੍ਹਾ ਹੋ ਗਿਆ ਹੈ। ਨਦੀ ਮੁਹੱਲੇ ਵਿੱਚੋਂ ਪਾਣੀ ਦੀ ਨਿਕਾਸੀ ਲਈ ਨਿਗਮ ਦੇ ਕਰਮਚਾਰੀ ਪੂਰਾ ਜ਼ੋਰ ਲਾ ਰਹੇ ਹਨ। ਸਭ ਤੋਂ ਬੁਰਾ ਹਾਲ ਸੈਕਟਰ 8 ਅਤੇ 9 ਵਿੱਚ ਹੋਇਆ ਹੈ ਜਿੱਥੇ ਲੋਕਾਂ ਨੇ ਕਰੋੜਾਂ ਰੁਪਏ ਲਾ ਕੇ ਕੋਠੀਆਂ ਉਸਾਰੀਆਂ ਹਨ। ਡੀਸੀ ਸਮੇਤ ਹੋਰ ਅਧਿਕਾਰੀਆਂ ਅਤੇ ਨਗਰ ਸੇਵਕ (ਵਿਧਾਇਕ) ਦੇ ਦਾਅਵੇ ਖੋਖਲੇ ਸਾਬਤ ਹੋਏ ਹਨ ਕਿ ਇਸ ਵਾਰ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਨਹੀਂ ਵੜੇਗਾ ਤੇ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਪਾਣੀ ਦਾ ਕਹਿਰ ਹੈ। ਬਲਦੇਵ ਨਗਰ ਦੇ ਹੇਠਲੇ ਹਿੱਸੇ ’ਚ ਵੀ ਕਾਫ਼ੀ ਪਾਣੀ ਲੋਕਾਂ ਦੇ ਘਰਾਂ ’ਚ ਵੜ ਗਿਆ।
ਛਾਉਣੀ ਦਾ ਹਾਲ ਵੀ ਸ਼ਹਿਰ ਵਰਗਾ ਹੀ ਹੈ। ਛਾਉਣੀ ਤੇ ਸ਼ਹਿਰ ਦੇ ਵਿਕਾਸ ’ਤੇ ਵਿਅੰਗ ਕਸਦਿਆਂ ਇਨੈਲੋ ਦੇ ਸੂਬਾ ਤਰਜਮਾਨ ਉਂਕਾਰ ਸਿੰਘ ਨੇ ਕਿਹਾ, ‘ਹੱਥਾਂ ’ਚ ਜੁੱਤੀਆਂ, ਗੋਡਿਆਂ ਤੱਕ ਪਾਣੀ-ਇਹੋ ਹੈ ਅੰਬਾਲਾ ਦੇ ਵਿਕਾਸ ਦੀ ਕਹਾਣੀ’। ਉਨ੍ਹਾਂ ਕਿਹਾ ਕਿ ਛਾਉਣੀ ਵਾਸੀਆਂ ਦੀ ਬਦਕਿਸਮਤੀ ਹੈ ਕਿ ਤਿੰਨ ਵਾਰ ਸਮੇਤ ਕੁਲ 6 ਵਾਰ ਵਿਧਾਇਕ ਰਹਿਣ ਵਾਲੇ ਅੱਜ ਤੱਕ ਪਾਣੀ ਦੀ ਨਿਕਾਸੀ ਦਾ ਇਲਾਜ ਨਹੀਂ ਕਰ ਸਕੇ। ਨਿਕਾਸੀ ਨਾ ਹੋਣ ਦਾ ਕਾਰਨ ਅੱਜ ਦੇ ਹੁਕਮਰਾਨਾਂ ਵੱਲੋਂ ਅੰਗਰੇਜ਼ਾਂ ਦੇ ਸਮੇ ਦੀਆਂ ਡਿੱਗੀਆਂ, ਤਲਾਵਾਂ ਤੇ ਖੂਹਾਂ ਦਾ ਬੰਦ ਕਰਨਾ ਤੇ ਅੱਖਾਂ ਬੰਦ ਕਰਕੇ ਬਿਨਾਂ ਪਲਾਨਿੰਗ ਦੇ ਕਰੋੜਾਂ ਦਾ ਜਨਧਨ ਬਰਬਾਦ ਕਰਨਾ ਹੈ।
ਸ਼ਹਿਰ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਵਿਧਾਇਕ ਅਸੀਮ ਗੋਇਲ ਅਤੇ ਨਗਰ ਨਿਗਮ ਮੇਅਰ ਸ਼ਕਤੀ ਰਾਣੀ ਸ਼ਰਮਾ ਨੇ ਵਰ੍ਹਦੇ ਮੀਂਹ ਵਿਚ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਵਿਧਾਇਕ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਮੇਅਰ ਸ਼ਕਤੀ ਰਾਣੀ ਸ਼ਰਮਾ ਨੇ ਵੀ ਆਪਣੀ ਟੀਮ ਨਾਲ ਸ਼ਹਿਰ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਨਿਗਮ ਦੇ ਅਧਿਕਾਰੀਆਂ ਨੂੰ ਬਰਸਾਤੀ ਪਾਣੀ ਦੀ ਨਿਕਾਸੀ ਦੇ ਉਚਿੱਤ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਮੇਅਰ ਨੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਕਿਹਾ ਕਿ ਲਾਪਰਵਾਹ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।