ਤਿਲਕ ਰਾਜ ਚੱਢਾ ਇੰਸਟੀਚਿਊਟ ’ਚ ਕੈਂਪ ਦੌਰਾਨ 264 ਯੂਨਿਟ ਖੂਨਦਾਨ
ਡਾਇਰੈਕਟਰ ਡਾ. ਵੰਦਨਾ ਮਦਾਨ ਵੱਲੋਂ ਖੂਨਦਾਨੀਆਂ ਦਾ ਸਨਮਾਨ
ਤਿਲਕ ਰਾਜ ਚੱਢਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿੱਚ 16ਵਾਂ ਖੂਨਦਾਨ ਕੈਂਪ ਲਾਇਆ ਗਿਆ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਨਵੀਂ ਦਿੱਲੀ ਦੀ ਬਲੱਡ ਟਰਾਂਸਫਿਊਜ਼ਨ ਟੀਮ ਦੇ ਮੁਖੀ ਡਾ. ਅੰਕਿਤ ਅਤੇ ਰੈੱਡ ਕਰਾਸ ਸੁਸਾਇਟੀ ਯਮੁਨਾਨਗਰ ਦੇ ਵਿਸ਼ੇਸ਼ ਸਹਿਯੋਗ ਸਦਕਾ ਇਹ ਕੈਂਪ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ। ਯਮੁਨਾਨਗਰ ਇਲਾਕੇ ਅੰਦਰ ਖੂਨਦਾਨ ਕੈਂਪ ਲਗਾਉਣ ਦੀ ਪਿਰਤ ਸਭ ਤੋਂ ਪਹਿਲਾਂ ਪ੍ਰੋਫੈਸਰ ਤਿਲਕ ਰਾਜ ਚੱਢਾ ਨੇ ਸਾਲ 1972 ਵਿੱਚ ਪਾਈ ਸੀ। ਇਸ ਨੇਕ ਕਾਰਜ ਦੀ ਸ਼ੁਰੂਆਤ ਮੁਕੰਦ ਲਾਲ ਨੈਸ਼ਨਲ ਕਾਲਜ ਦੇ ਵਿਹੜੇ ਵਿੱਚੋਂ ਹੋਈ ਸੀ। ਕੈਂਪ ਦੌਰਾਨ ਸੰਸਥਾ ਦੀ ਡਾਇਰੈਕਟਰ ਡਾ. ਵੰਦਨਾ ਮਦਾਨ ਨੇ ਵਿਦਿਆਰਥੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦਿਆਂ ਸਾਰਿਆਂ ਦਾ ਭਾਰੀ ਹੌਸਲਾ ਵਧਾਇਆ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਗਿਆਨ ਨੇ ਆਧੁਨਿਕ ਯੁੱਗ ਵਿੱਚ ਭਾਵੇਂ ਬਹੁਤ ਤਰੱਕੀ ਕਰ ਲਈ ਹੈ, ਫਿਰ ਵੀ ਅਜੇ ਤੱਕ ਮਨੁੱਖੀ ਖੂਨ ਦਾ ਕੋਈ ਢੁਕਵਾਂ ਬਦਲ ਤਿਆਰ ਨਹੀਂ ਹੋ ਸਕਿਆ।
ਡਾਇਰੈਕਟਰ ਡਾ. ਵੰਦਨਾ ਮਦਾਨ ਨੇ ਪਿਛਲੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਸਾਲ 2009 ਵਿੱਚ ਪਹਿਲੀ ਵਾਰ ਕੈਂਪ ਲੱਗਣ ਮੌਕੇ ਸੰਸਥਾ ਨੇ 141 ਯੂਨਿਟ ਖੂਨਦਾਨ ਕੀਤਾ ਸੀ। ਇਸ ਮਗਰੋਂ ਇਹ ਅੰਕੜਾ ਲਗਾਤਾਰ ਵਧਦਾ ਗਿਆ। ਸਾਲ 2025 ਵਿੱਚ ਕੁੱਲ 253 ਯੂਨਿਟ ਦਾ ਅੰਕੜਾ ਸਾਹਮਣੇ ਆਇਆ। ਮੌਜੂਦਾ ਸਾਲ ਦੇ ਕੈਂਪ ਵਿੱਚ 345 ਦਾਨੀਆਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਅਤੇ ਟੀਮਾਂ ਨੇ 264 ਯੂਨਿਟ ਖੂਨ ਇਕੱਠਾ ਕੀਤਾ। ਇਸ ਦੌਰਾਨ ਖੂਨਦਾਨੀਆਂ ਦਾ ਸਨਮਾਨ ਵੀ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਐਮਰਜੈਂਸੀ ਹਾਲਾਤ, ਸੜਕ ਹਾਦਸਿਆਂ ਜਾਂ ਗੰਭੀਰ ਬਿਮਾਰੀਆਂ ਮੌਕੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਖੂਨ ਦੀ ਤੁਰੰਤ ਲੋੜ ਪੈਂਦੀ ਹੈ। ਇੱਕ ਇਨਸਾਨ ਦਾ ਦਾਨ ਕੀਤਾ ਖੂਨ ਕਈ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢ ਸਕਦਾ ਹੈ। ਇਸ ਲਈ ਹਰੇਕ ਸਿਹਤਮੰਦ ਵਿਅਕਤੀ ਨੂੰ ਇਹ ਨੇਕ ਕਾਰਜ ਜ਼ਰੂਰ ਕਰਨਾ ਚਾਹੀਦਾ ਹੈ। ਇਸ ਮੌਕੇ ਕਈ ਪ੍ਰਮੁੱਖ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਮੁਕੰਦ ਲਾਲ ਸੰਸਥਾਵਾਂ ਦੇ ਚੇਅਰਮੈਨ ਸੇਠ ਅਸ਼ੋਕ ਕੁਮਾਰ, ਜਨਰਲ ਸਕੱਤਰ ਡਾ. ਰਮੇਸ਼ ਕੁਮਾਰ, ਤਿਲਕ ਰਾਜ ਚੱਢਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਜਨਰਲ ਸਕੱਤਰ ਡਾ. ਆਰ ਕੇ ਗਰਗ ਅਤੇ ਬੋਰਡ ਆਫ ਗਵਰਨਰਜ਼ ਦੇ ਮੈਂਬਰ ਮੁਦਿਤ ਅਗਰਵਾਲ ਹਾਜ਼ਰ ਸਨ। ਵੱਖ-ਵੱਖ ਮੁਕੰਦ ਸੰਸਥਾਵਾਂ ਦੇ ਮੁਖੀ ਡਾ. ਐੱਸ ਕੇ ਗਰਗ, ਡਾ. ਵਿਵੇਕ ਸ਼ਰਮਾ, ਮੁਕੰਦ ਲਾਲ ਨੈਸ਼ਨਲ ਕਾਲਜ ਤੋਂ ਡਾ. ਅਨਿਲ ਧਵਨ, ਮੁਕੰਦ ਲਾਲ ਪਬਲਿਕ ਸਕੂਲ ਤੋਂ ਸ਼ਸ਼ੀ ਭੱਠਲਾ ਅਤੇ ਸੀਮਾ ਕਟਾਰੀਆ ਨੇ ਵੀ ਉਚੇਚੇ ਤੌਰ ਉੱਤੇ ਪਹੁੰਚ ਕੇ ਕੈਂਪ ਦੀ ਰੌਣਕ ਵਧਾਈ।

