ਮਹਾਵੀਰ ਮਿੱਤਲ
ਜੀਂਦ, 18 ਅਪਰੈਲ
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਆਦਿੱਤਿਆ ਦਹੀਆ ਨੇ ਕਿਹਾ ਕਿ ਕਿਸਾਨਾਂ ਨੂੰ ਫਸਲ ਵੇਚਣ ਵਿੱਚ ਕੋਈ ਪ੍ਰੇਸ਼ਾਨੀ ਨਾ ਪੇਸ਼ ਆਵੇ, ਇਸ ਲਈ ਜ਼ਿਲ੍ਹੇ ਦੀਆਂ 35 ਅਨਾਜ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਫ਼ਸਲ ਦੀ ਖਰੀਦ ਤੇਜ਼ੀ ਨਾਲ ਕਰਵਾਈ ਜਾ ਰਹੀ ਹੈ। ਕੱਲ੍ਹ ਸ਼ਾਮ ਤੱਕ ਜੀਂਦ ਜ਼ਿਲ੍ਹੇ ਦੀਆਂ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਲਗਪਗ 2,83,622 ਟਨ ਕਣਕ ਦੀ ਆਮਦ ਹੋ ਚੁੱਕੀ ਸੀ।
ਮੰਡੀਆਂ ਵਿੱਚ ਆਈ ਕਣਕ ਦੀ ਅਧਿਕਾਰਤ ਖਰੀਦ ਸਰਕਾਰੀ ਖਰੀਦ ਏਜੰਸੀਆਂ ਤੋਂ ਕਰਵਾ ਲਈ ਗਈ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਕਣਕ ਦੀ ਆਮਦ ਦੇ ਮਾਮਲੇ ਵਿੱਚ ਉਚਾਨਾ ਦੀ ਅਨਾਜ ਮੰਡੀ ਪਹਿਲੇ ਨੰਬਰ ਉੱਤੇ ਚੱਲ ਰਹੀ ਹੈ। ਇਸ ਮੰਡੀ ਵਿੱਚ ਹੁਣ ਤੱਕ 46,479 ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਦੂਸਰੇ ਨੰਬਰ ਉੱਤੇ ਨਰਵਾਣਾ ਦੀ ਅਨਾਜ ਮੰਡੀ ਹੈ ਜਿੱਥੇ 34,779 ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਸਫੀਦੋਂ ਦੀ ਅਨਾਜ ਮੰਡੀ 34,547 ਟਨ ਕਣਕ ਨਾਲ ਤੀਸਰੇ ਸਥਾਨ ਉੱਤੇ ਰਹੀ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਪਹੁੰਚੀ ਕਣਕ ਨੂੰ ਡੀਐੱਫਐੱਸਸੀ, ਹੈਫੇਡ, ਐੱਫਸੀਆਈ ਅਤੇ ਐੱਚਡਬਲਿਊਸੀ ਖਰੀਦ ਏਜੰਸੀਆਂ ਰਾਹੀਂ ਖਰੀਦਿਆ ਜਾ ਚੁੱਕਿਆ ਹੈ। ਡੀਸੀ ਨੇ ਸਾਰੀਆਂ ਖਰੀਦ ਏਜੰਸੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਫਸਲ ਖਰੀਦਣ ਦੇ ਕੰਮ ਨੂੰ ਤੇਜ਼ੀ ਨਾਲ ਕਰਦੇ ਰਹਿਣ ਅਤੇ ਨਾਲ ਹੀ ਲਿਫਟਿੰਗ ਦਾ ਕੰਮ ਵੀ ਜਾਰੀ ਰੱਖਣ।
ਫ਼ਤਿਹਾਬਾਦ ਜ਼ਿਲ੍ਹੇ ਵਿੱਚ 2,95,712 ਟਨ ਕਣਕ ਦੀ ਖਰੀਦ
ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿੱਚ ਹੁਣ ਤੱਕ 2,95,712 ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਫ਼ਤਿਹਾਬਾਦ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਖੁਰਾਕ ਸਪਲਾਈ ਨੇ 85969.8 ਟਨ, ਹੈਫੇਡ ਨੇ 138825 ਟਨ, ਐੱਚਡਬਲਿਊਸੀ ਨੇ 50210 ਟਨ, ਐੱਫਸੀਆਈ ਨੇ 20710 ਟਨ ਕਣਕ ਦੀ ਖਰੀਦ ਕੀਤੀ ਹੈ। ਮੰਡੀਆਂ ਵਿੱਚ ਖ਼ਰੀਦੀ ਹੋਈ ਕਣਕ ਦੀ ਚੁਕਾਈ ਨਾ ਹੋਣ ’ਤੇ ਠੇਕੇਦਾਰ ਨੂੰ ਤਾੜਨਾ ਕੀਤੀ ਗਈ ਹੈੇ।