ਪੱਤਰ ਪ੍ਰੇਰਕ
ਯਮੁਨਾਨਗਰ, 18 ਸਤੰਬਰ
ਖਾਰਵਨ ਦਾਦੂਪੁਰ ਰੋਡ ’ਤੇ ਤਿਰੂਪਤੀ ਬਾਲਾਜੀ ਪਲਾਈਵੁੱਡ ਤੋਂ ਚਾਰ ਵਿਅਕਤੀਆਂ ਨੇ ਪਿਸਤੌਲ ਦਿਖਾ ਕੇ 15 ਲੱਖ ਰੁਪਏ ਲੁੱਟ ਲਏ। ਜਾਂਦੇ ਸਮੇਂ ਇਹ ਮੁਲਜ਼ਮ ਵਪਾਰੀ ਦੇ ਗਲੇ ’ਚ ਪਾਈ ਹੋਈ ਸੋਨੇ ਦੀ ਚੇਨ ਵੀ ਲੈ ਗਏ। ਕੁਝ ਸਮੇਂ ਬਾਅਦ ਵਪਾਰੀ ਦਾ ਮੋਬਾਈਲ ਖਾਰਵਨ ਲਾਗਿਓਂ ਹੀ ਬਰਾਮਦ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਅਣਪਛਾਤੇ ਲੁਟੇਰਿਆਂ ਖ਼ਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਗਾਧਰੀ ਦੀ ਇੰਦਰਾ ਮਾਰਕੀਟ ਸਥਿਤ ਸਿਵਲ ਲਾਈਨ ਨਿਵਾਸੀ ਅੰਕਿਤ ਗੋਇਲ ਅਤੇ ਉਸ ਦੇ ਭਰਾ ਅਨੁਜ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੀ ਦਾਦੂਪੁਰ ਰੋਡ ’ਤੇ ਤਿਰੂਪਤੀ ਬਾਲਾਜੀ ਪਲਾਈਵੁੱਡ ਫੈਕਟਰੀ ਹੈ। ਅੱਜ ਜਿਵੇਂ ਹੀ ਉਹ ਫੈਕਟਰੀ ਪਹੁੰਚੇ ਤਾਂ 10 ਮਿੰਟ ਬਾਅਦ ਇੱਕ ਬੋਲੈਰੋ ਗੱਡੀ ਵਿਚੋਂ ਚਾਰ ਵਿਅਕਤੀ ਆਏ, ਜਿਨ੍ਹਾਂ ਵਿਚੋਂ ਇੱਕ ਦੇ ਹੱਥ ਵਿੱਚ ਪਿਸਤੌਲ ਸੀ। ਉਹ ਦੋਵਾਂ ਭਰਾਵਾਂ ਨੂੰ ਧਮਕੀਆਂ ਦੇਣ ਲੱਗੇ। ਉਨ੍ਹਾਂ ਨੇ ਅੰਕਿਤ ਗੋਇਲ ਦੇ ਮੱਥੇ ’ਤੇ ਪਿਸਤੌਲ ਤਾਣ ਕੇ ਉਸ ਨੂੰ ਨਕਦੀ ਦੇਣ ਲਈ ਕਿਹਾ। ਡਰਦੇ ਮਾਰੇ ਕਾਰੋਬਾਰੀ ਨੇ 15 ਲੱਖ ਰੁਪਏ ਵਾਲਾ ਬੈਗ ਉਨ੍ਹਾਂ ਨੂੰ ਸੌਂਪ ਦਿੱਤਾ, ਜਾਂਦੇ ਸਮੇਂ ਉਹ ਨੇ ਅਨੁਜ ਗੋਇਲ ਦੇ ਗਲੇ ’ਚੋਂ ਚੇਨ ਵੀ ਖੋਹ ਕੇ ਲੈ ਗਏ। ਮੁਲਜ਼ਮ ਦੋਵਾਂ ਭਰਾਵਾਂ ਦੇ ਆਈਫੋਨ ਵੀ ਲੈ ਗਏ। ਬਦਮਾਸ਼ਾਂ ਨੇ ਖਾਰਵਨ ਪਿੰਡ ਨੇੜੇ ਇੱਕ ਫੋਨ ਸੁੱਟ ਦਿੱਤਾ । ਉਨ੍ਹਾਂ ਦੱਸਿਆ ਕਿ ਜਿਸ ਬਲੈਰੋ ਕਾਰ ਵਿਚ ਬਦਮਾਸ਼ ਲੁੱਟਣ ਆਏ ਸਨ, ਉਸ ਦੀ ਨੰਬਰ ਪਲੇਟ ਵੀ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਮੂੰਹ ‘ਤੇ ਕੋਈ ਕੱਪੜਾ ਨਹੀਂ ਬੰਨ੍ਹਿਆ ਹੋਇਆ ਸੀ ਅਤੇ ਉਹ ਉੱਤਰ ਪ੍ਰਦੇਸ਼ ਦੀ ਭਾਸ਼ਾ ਬੋਲ ਰਹੇ ਸਨ। ਸਦਰ ਜਗਾਧਰੀ ਥਾਣਾ ਇੰਚਾਰਜ ਕੁਸੁਮ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।