200 ਸਾਲ ਪੁਰਾਣੇ ਮੰਦਰ ਦਾ 108 ਫੁੱਟ ਉੱਚਾ ਗੁੰਬਦ ਡਿੱਗਿਆ
ਸੇਵਾਦਾਰ ਦੀ ਮੌਤ; ਮੂਰਤੀਆਂ ਨੂੰ ਵੀ ਨੁਕਸਾਨ ਪੁੱਜਾ, ਮੁੱਖ ਮੰਤਰੀ ਦੇ ਨੁਮਾਇੰਦੇ ਨੇ ਮੌਕੇ ਦਾ ਜਾਇਜ਼ਾ ਲਿਆ
ਇਥੋਂ ਨੇੜਲੇ ਪਿੰਡ ਬਾਬੈਨ ਵਿਚ ਅੱਜ ਤੜਕੇ ਚਾਰ ਵਜੇ 200 ਸਾਲ ਪੁਰਾਣੇ ਸ਼ਿਵਾਲਾ ਮੰਦਰ ਦਾ ਗੁੰਬਦ ਡਿੱਗ ਗਿਆ। ਗੁੰਬਦ ਦਾ ਲਗਪਗ 20 ਸਾਲ ਪਹਿਲਾਂ ਨਵੀਨੀਕਰਣ ਕੀਤਾ ਗਿਆ ਸੀ। ਗੁੰਬਦ ਦੀ ਉੱਚਾਈ 108 ਫੁੱਟ ਸੀ। ਗੁੰਬਦ ਦੇ ਅੱਜ ਅਚਾਨਕ ਢਹਿਣ ਕਾਰਨ ਮੰਦਰ ਦੇ ਨੇੜੇ ਸੌਂ ਰਹੇ ਸੇਵਾਦਾਰ ਬਾਬਾ ਨਟਰਾਜਨ ਗਿਰੀ ਦੀ ਮਲਬੇ ਹੇਠ ਦਬਣ ਕਾਰਨ ਮੌਤ ਹੋ ਗਈ।
ਉਹ ਉੱਤਰ ਪ੍ਰਦੇਸ਼ ਦੇ ਹਸਤਿਨਾਪੁਰ ਦਾ ਰਹਿਣ ਵਾਲਾ ਸੀ ਤੇ ਲਗਪਗ ਪੰਜ ਸਾਲਾਂ ਤੋਂ ਮੰਦਰ ਵਿਚ ਰਹਿ ਰਿਹਾ ਸੀ। ਮਲਬਾ ਮੰਦਰ ਦੇ ਗਰਭ ਗ੍ਰਹਿ ਵਿਚ ਡਿੱਗ ਪਿਆ, ਜਿਸ ਕਾਰਨ ਮੂਰਤੀਆਂ ਨੂੰ ਵੀ ਨੁਕਸਾਨ ਪੁੱਜਾ। ਜਿਵੇਂ ਹੀ ਘਟਨਾ ਦਾ ਪਤਾ ਲੱਗਿਆ ਤਾਂ ਵੱਡੀ ਗਿਣਤੀ ਲੋਕ ਇੱਕਠੇ ਹੋ ਗਏ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੱਖ ਮੰਤਰੀ ਦਫਤਰ ਦੇ ਪ੍ਰਤੀਨਿਧ ਕੈਲਾਸ਼ ਸੈਣੀ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਇਸ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਮੰਦਰ ਦੀ ਇਮਾਰਤ ਨੇੜੇ ਜਾਣ ਤੋਂ ਬਚਣ। ਗੁੰਬਦ ਡਿੱਗਣ ਦੀ ਆਵਾਜ਼ ਸੁਣ ਕੇ ਮੰਦਰ ਦੇ ਹੋਰ ਪੁਜਾਰੀ ਤੇ ਸੇਵਾਦਾਰ ਮੌਕੇ ’ਤੇ ਪੁੱਜੇ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਮਲਬੇ ਨੂੰ ਹਟਾਉਣਾ ਸ਼ੁਰੂ ਕੀਤਾ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਨਟਰਾਜਨ ਗਿਰੀ ਨੂੰ ਮਲਬੇ ’ਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
