ਨੌਜਵਾਨ ਸੋਚ: ਨਸ਼ਿਆਂ ਦਾ ਫੈਲਾਓ ਤੇ ਪੰਜਾਬ ਦੀ ਜਵਾਨੀ

ਨੌਜਵਾਨ ਸੋਚ:   ਨਸ਼ਿਆਂ ਦਾ ਫੈਲਾਓ ਤੇ ਪੰਜਾਬ ਦੀ ਜਵਾਨੀ

ਨਸ਼ੇ: ਸ਼ੌਕ ਤੋਂ ਮੌਤ ਤੱਕ ਦਾ ਸਫ਼ਰ

ਪੰਜਾਬ ਦੀ ਜਵਾਨੀ ਦਿਨੋ-ਦਿਨ ਨਸ਼ੇ ਦੀ ਦਲਦਲ ਵਿਚ ਫਸਦੀ ਜਾ ਰਹੀ ਹੈ। ਨੌਜਵਾਨ ਨਸ਼ੇ ਦੀ ਵਰਤੋਂ ਪਹਿਲਾ ਸ਼ੌਕ ਵਜੋਂ ਕਰਦੇ ਹਨ। ਯਾਰਾਂ-ਦੋਸਤਾਂ ਵਿਚ ਬੈਠ ਕੇ ਨਸ਼ਾ ਕਰਨ ਨੂੰ ਮਹਾਨ ਕੰਮ ਸਮਝਦੇ ਹਨ। ਹੌਲੀ-ਹੌਲੀ ਇਹ ਮਹਾਨਤਾ ਵਾਲਾ ਕੰਮ ਹੀ ਉਨ੍ਹਾਂ ਦੀ ਮਜਬੂਰੀ ਬਣ ਜਾਂਦਾ ਹੈ। ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਹੈ। ਉਹ ਮਾਨਸਿਕ ਪੱਖੋਂ ਵੀ ਬਹੁਤ ਕਮਜ਼ੋਰ ਹੋਣ ਕਾਰਨ ਨਸ਼ਾ ਛੱਡਣ ਵਿਚ ਵੀ ਅਸਮਰੱਥ ਹੋ ਰਹੇ ਹਨ। ਨਸ਼ਾ ਪੰਜਾਬ ਦੀ ਜਵਾਨੀ ਨੂੰ ਬੇਰੁਜ਼ਗਾਰ ਅਤੇ ਬੁਢਾਪੇ ਨੂੰ ਕਰਜ਼ਾਈ ਕਰਦਾ ਜਾ ਰਿਹਾ ਹੈ। ਵਧ ਰਹੇ ਅਪਰਾਧਿਕ ਮਾਮਲਿਆਂ ਦਾ ਮੁੱਖ ਕਾਰਨ ਵੀ ਨਸ਼ਾ ਹੀ ਹੈ। ਇਕੱਲੀ ਸਰਕਾਰ ਜਾਂ ਪੁਲੀਸ ਇਸ ਨੂੰ ਖਤਮ ਨਹੀਂ ਕਰ ਸਕਦੀ, ਸਗੋਂ ਸਾਨੂੰ ਸਭ ਨੂੰ ਨਸ਼ਿਆਂ ਦੇ ਵਿਰੁੱਧ ਲੜਾਈ ਵਿੱਢਣੀ ਪਵੇਗੀ।

ਹੈਪੀ ਬਜਾੜ, ਸ੍ਰੀ ਔਰਬਿੰਦੋ ਕਾਲਜ, ਲੁਧਿਆਣਾ। ਸੰਪਰਕ: 95920-11708

ਨਸ਼ਿਆਂ ਖ਼ਿਲਾਫ਼ ਸਮਾਜਿਕ ਜਥੇਬੰਦੀਆਂ ਲਾਮਬੰਦ ਹੋਣ

ਨਸ਼ਿਆਂ ਨੇ ਪੰਜਾਬ ਨੂੰ ਜੋ ਢਾਹ ਲਾਈ ਹੈ, ਉਸ ਦਾ ਸਿੱਧਾ ਸਬੰਧ ਸਮੇਂ ਦੀਆਂ ਮਾੜੀਆਂ ਸਰਕਾਰੀ ਨੀਤੀਆਂ ਨਾਲ ਜੁੜਿਆ ਹੈ। ਪੰਜਾਬ ਵਿਚ ਨਸ਼ਿਆਂ ਦੀ ਵਿਕਰੀ ਅਤੇ ਮੌਤਾਂ ਦੀ ਗਿਣਤੀ ਪਿੱਛੇ ਸਰਕਾਰੀ ਤੰਤਰ ਦੇ ਭੇਦ ਖੋਲ੍ਹਣ ਦੀ ਸਖਤ ਲੋੜ ਹੈ। ਇਸ ਲਈ ਪੰਜਾਬ ਅਤੇ ਦੇਸ਼ ਭਰ ਦੀਆਂ ਸਮਾਜਿਕ ਜਥੇਬੰਦੀਆਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ। ਆਗੂਆਂ ਪੰਜਾਬ ਦੀ ਜਵਾਨੀ, ਜੋ ਨਸ਼ਿਆਂ ਦੀ ਦਲਦਲ ਵਿਚ ਵਿਚ ਬੁਰੀ ਤਰ੍ਹਾਂ ਫਸ ਚੁੱਕੀ ਹੈ, ਨੂੰ ਕੱਢਣ ਦੇ ਯਤਨ ਕਰਨੇ ਚਾਹੀਦੇ ਹਨ, ਨਾ ਕਿ ਅਹੁਦਿਆਂ ਪਿੱਛੇ ਭੱਜਣਾ ਚਾਹੀਦਾ ਹੈ। ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਨਿਰਪੱਖ ਸੋਚ ਰੱਖਣ ਵਾਲੀਆਂ ਜਥੇਬੰਦੀਆਂ ਦਾ ਸਾਥ ਦੇਣ, ਤਾਂ ਜੋ ਨਸ਼ਿਆਂ ਦੇ ਦਰਿਆ ਨੂੰ ਠੱਲ੍ਹ ਪਾਈ ਜਾ ਸਕੇ।
ਕੁਲਦੀਪ ਸਿੰਘ, ਪਿੰਡ ਨੈਣੇਵਾਲ, ਤਹਿ. ਤਪਾ,
ਜ਼ਿਲ੍ਹਾ ਬਰਨਾਲਾ। ਸੰਪਰਕ: 98769-28188

ਧਾਰਮਿਕ ਅਸਥਾਨਾਂ ਤੋਂ ਨਸ਼ਿਆਂ ਵਿਰੁੱਧ ਪ੍ਰਚਾਰ ਹੋਣਾ ਚਾਹੀਦਾ

ਸਾਡੇ ਧਾਰਮਿਕ ਆਗੂਆਂ ਨੂੰ ਧਾਰਮਿਕ ਅਸਥਾਨਾਂ ਉੱਤੇ ਨਸ਼ਿਆਂ ਵਿਰੁੱਧ ਪ੍ਰਚਾਰ ਕਰਨਾ ਤੇ ਇਹਨੂੰ ਧਰਮ ਵਿਰੋਧੀ ਕਾਰਜ ਦੱਸਣਾ ਚਾਹੀਦਾ ਹੈ। ਲੋਕਾਂ ਨੂੰ ਮੁਕਤੀ ਪ੍ਰਾਪਤੀ ਦੇ ਰਾਹ ਵਜੋਂ ਕੇਵਲ ਦਾਨ, ਸਤਿਸੰਗਤ ਤੇ ਧਾਰਮਿਕ ਅਸਥਾਨਾਂ ਦੀ ਸੇਵਾ ਹੀ ਨਹੀਂ ਦੱਸਣਾ ਚਾਹੀਦਾ, ਸਗੋਂ ਨਸ਼ਿਆਂ ਤੋਂ ਰਹਿਤ ਸੱਚੀ ਤੇ ਸੁੱਚੀ ਲੋਕ ਸੇਵਾ ਕਰਦਿਆ ਗੁਜ਼ਾਰੀ ਜ਼ਿੰਦਗੀ ਦੀ ਮਹਾਨਤਾ ਬਾਰੇ ਵੀ ਦੱਸਣਾ ਚਾਹੀਦਾ ਹੈ। ਸਾਡੇ ਰਾਜਸੀ, ਸਮਾਜੀ ਅਤੇ ਧਾਰਮਿਕ ਆਗੂਆਂ ਨੂੰ ਆਪ ਵੀ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਨ੍ਹਾਂ ਦੀ ਵਰਤੋਂ ਵਿਰੁੱਧ ਸਮਾਜਿਕ ਚੇਤਨਾ ਲਹਿਰ ਚਲਾਉਣੀ ਚਾਹੀਦੀ ਹੈ।
ਜਸਪ੍ਰੀਤ ਕੌਰ, ਬੀਏ ਫਾਈਨਲ, ਐਸਡੀ ਕੰਨਿਆ ਮਹਾਂਵਿਦਿਆਲਾ, ਮਾਨਸਾ।

ਮਾੜੀ ਸੰਗਤ ਕਰਵਾਉਂਦੀ ਨਸ਼ਿਆਂ ਵਰਗੇ ਮਾੜੇ ਕੰਮ

ਪੰਜਾਬ ਅੰਦਰ ਬਿਨਾਂ ਕਿਸੇ ਡਰ ਤੋਂ ਪਸਰ ਰਹੇ ਨਸ਼ੇ ਦੇ ਪੈਰ ਗੰਭੀਰ ਚਿੰਤਾ ਦਾ ਵਿਸ਼ਾ ਹਨ। ਨੌਜਵਾਨ ਵਰਗ ਨਸ਼ੇ ਵਿਚ ਗਲਤਾਨ ਹੋ ਕੇ ਆਪਣੇ ਮਾਂ-ਬਾਪ ਅਤੇ ਰਿਸ਼ਤੇਦਾਰਾਂ ਨੂੰ ਆਰਥਿਕ ਅਤੇ ਮਾਨਸਿਕ ਸੰਕਟ ਵਿਚ ਪਾ ਰਹੇ ਹਨ। ਬੇਸ਼ੱਕ ਨਸ਼ਈ ਦਿਸ਼ਾਹੀਣ ਹੁੰਦੇ ਹਨ ਪਰ ਰੋਜ਼ਾਨਾ ਨਸ਼ੇ ਦੀ ਲੋਰ ਵਿਚ ਰਹਿੰਦੇ ਹੋਏ ਦਿਨ ਰਾਤ ਸਾਥ ਦੇਣ ਵਾਲੀ ਮਾੜੀ ਸੰਗਤ ਕਾਰਨ ਉਹ ਜੁਰਮ ਦੀ ਅਜਿਹੀ ਦਿਸ਼ਾ ਅਪਣਾ ਲੈਂਦੇ ਹਨ ਜਿੱਥੋਂ ਮਾਂ-ਬਾਪ ਲਈ ਔਲਾਦ ਨੂੰ ਵਾਪਸ ਮੋੜ ਲਿਆਉਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਕੋਈ ਵੀ ਜਨਮ ਤੋਂ ਨਸ਼ਈ ਨਹੀਂ ਹੁੰਦਾ, ਸਗੋਂ ਗਲਤ ਵਿਅਕਤੀਆਂ ਤੇ ਗਲਤ ਹਾਲਾਤ ਦਾ ਸ਼ਿਕਾਰ ਹੋ ਕੇ ਨਸ਼ੇੜੀ ਬਣ ਜਾਂਦਾ ਹੈ। ਮਾਂ-ਬਾਪ ਵੱਲੋਂ ਔਲਾਦ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖਣ ਦੀ ਬਜਾਏ, ਸਿਰਫ ਸਹੂਲਤਾਂ ਮੁਹੱਈਆ ਕਰਵਾਉਣ ਦੀ ਪ੍ਰਵਿਰਤੀ ਕਿਸੇ ਹੱਦ ਤੱਕ ਔਲਾਦ ਨੂੰ ਇਸ ਸਥਿਤੀ ਤੱਕ ਲੈਜਾਣ ਲਈ ਜ਼ਿੰਮੇਵਾਰ ਹੁੰਦੀ ਹੈ।
ਅਮਰਿੰਦਰ ਸਿੰਘ ਬਰਾੜ, ਭਾਗਸਰ, ਬਠਿੰਡਾ।

ਨੌਜਵਾਨਾਂ ਦੀ ਰਚਨਾਤਮਕਤਾ ਨੂੰ ਹੱਲਾਸ਼ੇਰੀ ਦੇਣ ਦੀ ਲੋੜ

ਨਸ਼ਿਆਂ ਦੀ ਸਮੱਸਿਆ ਇਕੱਲੇ ਪੰਜਾਬ ਦੀ ਨਹੀਂ, ਸਾਰੀ ਮਨੁੱਖਤਾ ਇਸ ਕੋਹੜ ਨਾਲ ਜੂਝ ਰਹੀ ਹੈ। ਬੇਰੁਜ਼ਗਾਰੀ ਵੀ ਲੋਕਾਂ ਨੂੰ ਨਸ਼ਿਆਂ ਵੱਲ ਧੱਕਦੀ ਹੈ। ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਾਨੂੰ ਪਤਨਸ਼ੀਲ ਸੱਭਿਆਚਾਰ ਦਾ ਬਦਲ ਦੇਣਾ ਹੋਵੇਗਾ, ਨੌਜਵਾਨਾਂ ਵਿਚ ਰਚਨਾਤਮਕਤਾ ਤੇ ਸਿਰਜਣਸ਼ੀਲਤਾ ਨੂੰ ਹੱਲਾਸ਼ੇਰੀ ਦੇਣਾ, ਉਨ੍ਹਾਂ ਅੰਦਰ ਸਮਾਜ ਦੀਆਂ ਸਮੱਸਿਆਵਾਂ ਦੀ ਸਮਝ ਪੈਦਾ ਕਰਨਾ ਤੇ ਉਨ੍ਹਾਂ ਖਿਲਾਫ਼ ਲੜਨ ਦੀ ਦਿਸ਼ਾ ਦੇਣਾ ਜ਼ਰੂਰੀ ਹੈ। ਨਸ਼ਾ ਇੱਕ ਦਿਨ ਵਿਚ ਨਹੀਂ ਆ ਗਿਆ, ਏਸ ਦੇ ਬਹੁਤ ਸਾਰੇ ਕਾਰਨ ਹਨ। ਪੜ੍ਹ-ਲਿਖ ਕੇ ਨੌਕਰੀ ਨਾ ਮਿਲਣਾ, ਕੰਮ ਦਾ ਬੋਝ ਤੇ ਨਸ਼ੇ ਹਰ ਜਗ੍ਹਾ ਆਸਾਨੀ ਨਾਲ ਮਿਲਣੇ। ਪੜ੍ਹੇ ਲਿਖੇ ਨੌਜਵਾਨ, ਮਾਪਿਆਂ ਦੇ ਪੈਸਿਆਂ ਨਾਲ ਪੜ੍ਹਨ ਦੀ ਥਾਂ ਵੇਖੋ-ਵੇਖੀ ਏਸ ਵਹਿਣ ਵਿਚ ਵਹਿ ਜਾਂਦੇ ਹਨ। ਕਈ ਵਾਰ ਬਦਕਿਸਮਤੀ ਹੋਰ ਅੱਗੇ ਲੈ ਜਾਂਦੀ ਹੈ ਤੇ ਆਪਣਾ ਨਸ਼ਾ ਮੁਫ਼ਤ ਕਰਨ ਦੇ ਚੱਕਰ ਵਿਚ ਉਹ ਨਸ਼ੇ ਵੇਚਣ ਲੱਗਦੇ ਹਨ ਤੇ ਇਸ ਦਲਦਲ ਵਿਚ ਖੁੱਭਦੇ ਜਾਂਦੇ ਹਨ।

ਹਰਪ੍ਰੀਤ ਸਿੰਘ, ਬੂਟਾ ਸਿੰਘ ਵਾਲਾ, ਮੁਹਾਲੀ।
(ਇਹ ਵਿਚਾਰ ਚਰਚਾ ਅਗਲੇ ਵੀਰਵਾਰ ਵੀ ਜਾਰੀ ਰਹੇਗੀ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਬਾਈਕਾਟ ਦੌਰਾਨ ਕਿਰਤ ਸੁਧਾਰਾਂ ਸਣੇ ਕਈ ਬਿੱਲ ਪਾਸ

ਬਾਈਕਾਟ ਦੌਰਾਨ ਕਿਰਤ ਸੁਧਾਰਾਂ ਸਣੇ ਕਈ ਬਿੱਲ ਪਾਸ

ਸਰਕਾਰ ਨੂੰ ਰਾਸ ਆਇਆ ਵਿਰੋਧੀ ਧਿਰ ਦਾ ਬਾਈਕਾਟ; ਸੰਸਦ ਦੇ ਦੋਵੇਂ ਸਦਨ ਅਣ...

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਵਿਭਾਗ ਨੇ ਪੰਜਾਬ ਆਉਣ ਵਾਲੀਆਂ ਸਾਰੀਆਂ ਗੱਡੀਆਂ ਕੀਤੀਆਂ ਰੱਦ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਗੁਲਾਮ ਨਬੀ ਆਜ਼ਾਦ ਵੱਲੋਂ ਕੋਵਿੰਦ ਨੂੰ ਬਿੱਲਾਂ ’ਤੇ ਸਹਿਮਤੀ ਨਾ ਦੇਣ ਦੀ...

ਸ਼ਹਿਰ

View All