ਨੌਜਵਾਨ ਸੋਚ : ਕਰੋਨਾ ਸੰਕਟ ਤੇ ਸਥਾਨਕ ਸੰਸਥਾਵਾਂ

ਨੌਜਵਾਨ ਸੋਚ : ਕਰੋਨਾ ਸੰਕਟ ਤੇ ਸਥਾਨਕ ਸੰਸਥਾਵਾਂ

ਲੋਕ ਸਥਾਨਕ ਸੰਸਥਾਵਾਂ ਨੂੰ ਸਹਿਯੋਗ ਦੇਣ

ਕੋਰੋਨਾ ਵਰਗੀ ਮਹਾਂਮਾਰੀ ਨੇ ਨਾ ਕੇਵਲ ਸਾਡੇ ਦੇਸ਼ ਨੂੰ ਬਲਕਿ ਪੂਰੀ ਦੁਨੀਆਂ ਨੂੰ ਆਪਣੀਂ ਲਪੇਟ ਵਿਚ ਲਿਆ ਹੋਇਆ ਹੈ। ਪਰ ਇਸ ਸੰਕਟ ਦੇ ਸਮੇਂ ਇੱਕ ਦੂਜੇ ਦੀ ਮਦਦ ਦੀ ਬਹੁਤ ਲੋੜ ਹੈ। ਇਸ ਸਮੇਂ ਸਥਾਨਕ ਸੰਸਥਾਵਾਂ ਤੇ ਸਥਾਨਕ ਲੋਕਾਂ ਦੇ ਆਪਸੀ ਤਾਲਮੇਲ ਨਾਲ ਕਈ ਮੁਸ਼ਕਲਾਂ ਦੇ ਹੱਲ ਕੀਤਾ ਜਾ ਸਕਦਾ ਹੈ। ਇਸ ਲਈ ਸਥਾਨਕ ਸੰਸਥਾਵਾਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਸਮਝ ਕੇ ਉਨ੍ਹਾਂ ਦੀਆ ਲੋੜਾਂ ਪੂਰੀਆਂ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ ਅਤੇ ਸਥਾਨਕ ਲੋਕ ਵੀ ਆਪਣੀਆਂ ਨਿੱਜੀ ਜ਼ਿੰਮੇਵਾਰੀਆਂ ਨੂੰ ਸਮਝਣ ਅਤੇ ਨਿਯਮਾਂ ਦੀ ਪਾਲਣਾ ਕਰਕੇ ਆਪਣਾ ਬਣਦਾ ਸਹਿਯੋਗ ਦੇਣ ਤਾਂ ਜੋ ਇਸ ਮੁਸ਼ਕਿਲ ਵਕਤ ਇੱਕ ਦੂਜੇ ਨਾਲ ਮਿਲ ਕੇ ਇਸ ਬਿਮਾਰੀ ’ਤੇ ਜਿੱਤ ਪ੍ਰਾਪਤ ਕੀਤੀ ਜਾ ਸਕੇ।
ਕੁਲਵਿੰਦਰ ਕੌਰ, ਕਿੱਲੀ ਨਿਹਾਲ ਸਿੰਘ ਵਾਲਾ, ਬਠਿੰਡਾ।


ਸਥਾਨਕ ਸੰਸਥਾਵਾਂ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ

ਮੌਜੂਦਾ ਦੌਰ ਵਿਚ ਕਰੋਨਾ ਦੇ ਚੱਲ ਰਹੇ ਸੰਕਟ ਦੌਰਾਨ ਸਿਹਤ ਵਿਭਾਗ ਪੰਜਾਬ ਵੱਲੋਂ ਇਸ ਮਾਰੂ ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਪਰ ਦੇਖਣ ਵਿਚ ਆਇਆ ਹੈ ਕਿ ਬਹੁਤੇ ਲੋਕ ਇਨ੍ਹਾਂ ਹਦਾਇਤਾਂ ਪ੍ਰਤੀ ਬਹੁਤੇ ਜਾਗਰੂਕ ਨਹੀਂ। ਅਜਿਹੇ ਮੌਕੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ, ਨਗਰ ਪੰਚਾਇਤਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਅਤੇ ਹਦਾਇਤਾਂ ਦਾ ਸਹੀ ਪਾਲਣ ਕਰਵਾਉਣ ਲਈ ਆਪਣੇ ਨੁਮਾਇੰਦਿਆਂ ਤੇ ਵਲੰਟੀਅਰਾਂ ਦੀ ਡਿਊਟੀ ਲਗਾਉਣ। ਇਸ ਤੋਂ ਇਲਾਵਾ ਗਰੀਬ ਤੇ ਲੋੜਵੰਦ ਪਰਿਵਾਰ ਜੋ ਕਿ ਸੈਨੀਟਾਈਜ਼ਰ, ਮਾਸਕ ਵਗੈਰਾ ਨਹੀਂ ਖਰੀਦ ਸਕਦੇ, ਉਨ੍ਹਾਂ ਲਈ ਸਥਾਨਕ ਸੰਸਥਾਵਾਂ ਉਕਤ ਚੀਜ਼ਾਂ ਮੁਹੱਈਆ ਕਰਵਾਉਣ।
ਗੁਰਸ਼ਾਂਤ ਸਿੰਘ ਮਰਾਹੜ, ਪਿੰਡ ਤੇ ਡਾਕ. ਕੋਠਾ ਗੁਰੂ, ਤਹਿ. ਫੂਲ, ਜ਼ਿਲ੍ਹਾ ਬਠਿੰਡਾ। ਸੰਪਰਕ: 98555-90387


ਕਰੋਨਾ ਖ਼ਿਲਾਫ਼ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਜ਼ਰੂਰੀ

ਕੋਵਿਡ-19 ਦੀ ਖ਼ਤਰਨਾਕ ਬਿਮਾਰੀ ਦਾ ਅਸਰ ਅੱਜ ਕਰੀਬ ਸਾਰੇ ਸੰਸਾਰ ਉੱਪਰ ਹੈ। ਭਾਰਤ ਵਿਚ ਵੀ ਇਹ ਬਿਮਾਰੀ ਲਗਾਤਾਰ ਵਧਦੀ ਹੀ ਜਾ ਰਹੀ ਹੈ ਅਤੇ ਪੰਜਾਬ ਵਿਚ ਵੀ ਹਰ ਰੋਜ਼ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਪੜ੍ਹਿਆ-ਲਿਖਿਆ ਤਬਕਾ ਇਸ ਬਿਮਾਰੀ ਦੇ ਕਾਰਨਾਂ, ਪ੍ਰਭਾਵਾਂ ਅਤੇ ਬਚਾਅ ਦੇ ਪੱਖਾਂ ਤੋਂ ਲਗਭਗ ਜਾਣੂ ਹੈ ਪਰ ਗਰੀਬੀ ਰੇਖਾ ਦੇ ਥੱਲੇ ਜੀਅ ਰਹੇ ਲੋਕ ਹਾਲੇ ਵੀ ਇਸ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ। ਇਸ ਲਈ ਜ਼ਰੂਰੀ ਹੈ ਕਿ ਪਿੰਡਾਂ ਸ਼ਹਿਰਾਂ ਵਿਚ ਵੱਸਦੇ ਇਸ ਤਰ੍ਹਾਂ ਦੇ ਲੋਕਾਂ ਨੂੰ ਇਸ ਬਿਮਾਰੀ ਦੀ ਗੰਭੀਰਤਾ ਤੋਂ ਜਾਣੂ ਕਰਵਾਉ। ਪੜ੍ਹੇ-ਲਿਖੇ ਵਰਗ ਅਤੇ ਸਥਾਨਕ ਸਰਕਾਰਾਂ ਨੂੰ ਚਾਹੀਦਾ ਹੈ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਜੁੜ ਕੇ ਉਨ੍ਹਾਂ ਨੂੰ ਇਸ ਬਾਰੇ ਖ਼ਬਰਦਾਰ ਕਰਨ।
ਗੁਰਪ੍ਰੀਤ ਸਿੰਘ, ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ।


ਸੰਕਟ ਮੌਕੇ ਵਧੀਆ ਕੰਮ ਲਈ ਸਥਾਨਕ ਸਰਕਾਰਾਂ ਨੂੰ ਸਲਾਮ

ਕਰੋਨਾ ਸੰਕਟ ਵਿਚ ਸਥਾਨਕ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਅਸੀਂ ਜਾਣਦੇ ਹਾਂ ਕਿ ਸਥਾਨਕ ਸਰਕਾਰਾਂ ਦੇ ਕੁਝ ਉੱਚ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਇਸ ਮਹਾਂਮਾਰੀ ਨੇ ਆਪਣੀ ਲਪੇਟ ਵਿਚ ਲਿਆ ਹੈ। ਇਹ ਇਸ ਗੱਲ ਦਾ ਠੋਸ ਸਬੂਤ ਹੈ ਕਿ ਇਨ੍ਹਾਂ ਅਧਿਕਾਰੀਆਂ ਵੱਲੋਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਗਿਆ ਹੈ। ਇਨ੍ਹਾਂ ਅਧਿਕਾਰੀਆਂ ਨੇ ਜ਼ਮੀਨੀ ਪੱਧਰ ‘ਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਸੁਲਝਾਇਆ। ਇਸ ਲਈ ਸਾਨੂੰ ਇਨ੍ਹਾਂ ਯੋਧਿਆਂ ਨੂੰ ਸਲਾਮ ਕਰਨਾ ਬਣਦਾ ਹੈ ਤੇ ਇਨ੍ਹਾਂ ਦੀ ਤੰਦਰੁਸਤੀ ਲਈ ਕਾਮਨਾ ਕਰਨੀ ਚਾਹੀਦੀ ਹੈ ਕਿਉਂਕਿ ਇਹ ਆਪਣੀ ਅਤੇ ਆਪਣੇ ਪਰਿਵਾਰ ਦੀ ਫ਼ਿਕਰ ਛੱਡ ਕੇ ਆਪਣੀ ਜ਼ਿੰਮੇਵਾਰੀ ਨੂੰ ਪਹਿਲ ਦੇ ਰਹੇ ਹਨ।
ਸੌਰਵ ਦਾਦਰੀ, ਕੀਰਤਪੁਰ ਸਾਹਿਬ, ਰੂਪਨਗਰ। ਸੰਪਰਕ: 84277-31983

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All