ਮੁੜ ਜਾਗਿਆ ਪੰਜਾਬੀ ਜਜ਼ਬਾ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਮਾਰੂ ਕਾਨੂੰਨਾਂ ਨਾਲ ਸਿਰਫ ਪੰਜਾਬੀ ਹੀ ਨਹੀਂ ਹੋਰ ਵੀ ਪੂਰੀ ਦੁਨੀਆਂ ਵਿੱਚ ਕਾਫੀ ਰੋਹ ਉਠਿਆ ਹੈ। ਪਰ ਮੈਂ ਸਮਝਦੀ ਹਾਂ ਕਿ ਪੰਜਾਬ ਦਾ ਨੌਜਵਾਨ ਵਰਗ ਇਸ ਤੋਂ ਪਹਿਲਾਂ ਆਪਣੇ ਸੱਭਿਆਚਾਰ ਨਾਲੋਂ ਟੁੱਟ ਕੇ ਫੁਕਰੇ ਗਾਇਕਾਂ, ਹਥਿਆਰਾਂ, ਨਸ਼ਿਆਂ, ਗੈਂਗਸਟਰਾਂ ਆਦਿ ਦੇ ਚੱਕਰ ਵਿਚ ਉਲਝ ਗਿਆ ਸੀ। ਪਰ ਇਨ੍ਹਾਂ ਮਾਰੂ ਕਾਨੂੰਨਾਂ ਦੇ ਪਾਸ ਹੋਣ ਨੇ ਨੌਜਵਾਨ ਵਰਗ ਦੇ ਖ਼ੂਨ ਵਿਚ ਉਬਾਲ ਲਿਆਂਦਾ ਤੇ ਉਨ੍ਹਾਂ ਵਿੱਚ ਉਹ ਵਿਰਾਸਤੀ ਪੰਜਾਬੀ ਜਜ਼ਬਾ ਠਾਠਾਂ ਮਾਰਨ ਲੱਗ ਪਿਆ ਹੈ। ਇਹ ਪੰਜਾਬ ਲਈ ਸ਼ੁਭ ਸੰਕੇਤ ਹੈ ਕਿ ਪੰਜਾਬ ਦੁਆਰਾ ਤੋਂ ਜ਼ਿੰਦਾ ਹੋ ਗਿਆ ਹੈ। ਮੈਂ ਕਾਮਨਾ ਕਰਦੀ ਹਾਂ ਕਿ ਇਹ ਜਜ਼ਬਾ ਹੁਣ ਹਮੇਸ਼ਾ ਕਾਇਮ ਰਹੇਗਾ ਤੇ ਇਸ ਸਦਕਾ ਪੰਜਾਬ ਸੋਨੇ ਦੀ ਚਿੜੀ ਕਹਾਵੇਗਾ।
ਰਾਜਨਦੀਪ ਕੌਰ ਮਾਨ, ਪਿੰਡ ਤੇ ਡਾਕ. ਮਚਾਕੀ ਮੱਲ ਸਿੰਘ, ਜ਼ਿਲ੍ਹਾ ਫਰੀਦਕੋਟ। ਸੰਪਰਕ: 62393-26166
ਅੱਜ ਮੁੱਕਣੀ ਕਾਲੀ ਰਾਤ, ਜਵਾਨੀ ਜਾਗੀ ਹੈ
ਕਿਸਾਨੀ ਸੰਘਰਸ਼ ਅਜਿਹੇ ਜਨ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ, ਜੋ ਵਿਸ਼ਵ ਇਤਹਾਸ ਦੀਆਂ ਸਿਰਕੱਢ ਕ੍ਰਾਂਤੀਆਂ ਵਿੱਚ ਆਪਣੇ ਨਵੇਂ ਪੰਨੇ ਜੋੜਨ ਲੱਗਾ ਹੈ। ਸੋਸ਼ਲ ਮੀਡੀਆ ਇਸ ਅੰਦੋਲਨ ਲਈ ਵਰਦਾਨ ਸਾਬਤ ਹੋਇਆ, ਜਿਸ ਨਾਲ ਨੌਜਵਾਨ ਵਰਗ ਨੂੰ ਭਾਰੀ ਉਤਸ਼ਾਹ ਮਿਲਿਆ। ਇਸ ਅੰਦੋਲਨ ਵਿੱਚ ਜਿਸ ਤਰ੍ਹਾਂ ਨੌਜਵਾਨਾਂ ਨੇ, ਕਿਸਾਨ ਆਗੂਆਂ ਦੇ ਦੱਸੇ ਰਾਹ ’ਤੇ ਅੱਗੇ ਵਧਣ ਦਾ ਕੰਮ ਕੀਤਾ, ਉਹ ਕਾਬਿਲੇ ਤਾਰੀਫ਼ ਹੈ। ਨੌਜਵਾਨਾਂ ਦੇ ਜੋਸ਼ੀਲੇ ਕਦਮਾਂ ਕਰਕੇ ਹਾਕਮਾਂ ਦੇ ਮੱਥੇ ’ਤੇ ਪੈ ਰਹੀਆਂ ਚਿੰਤਾ ਦੀਆਂ ਲਕੀਰਾਂ ਵਿੱਚੋਂ ਇਨਕਲਾਬ ਦੀ ਝਲਕ ਸਾਫ਼ ਦੇਖੀ ਜਾ ਸਕਦੀ ਹੈ। ਅੱਜ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਊਧਮ ਸਿੰਘ ਇਸ ਜਵਾਨੀ ’ਤੇ ਫਖ਼ਰ ਮਹਿਸੂਸ ਕਰਦੇ ਹੋਣਗੇ। ਇਹ ਕੈਸੀ ਖੁਸ਼ਹਾਲੀ, ਕਿਹੋ ਜਿਹੀ ਅਜ਼ਾਦੀ ਹੈ/ ਅੱਜ ਮੁੱਕਣੀ ਕਾਲੀ ਰਾਤ, ਜਵਾਨੀ ਜਾਗੀ ਹੈ…।
ਅਮਨ ਜੱਖਲਾਂ, ਸੰਗਰੂਰ। ਸੰਪਰਕ: 94782-26980
ਅੰਦੋਲਨ ਵਿੱਚ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ
ਹੱਕਾਂ ਲਈ ਵਿੱਢੇ ਸੰਘਰਸ਼ਾਂ ਵਿੱਚ ਬਜ਼ੁਰਗਾਂ ਦੀ ਦੂਰਅੰਦੇਸ਼ ਸੋਚ ਅਤੇ ਤਜਰਬਿਆਂ ਦੀ ਉਸਾਰੂ ਸੇਧ ਨਾਲ ਨੌਜਵਾਨੀ ਦੀ ਤਾਕਤ ਦਾ ਸੁਮੇਲ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਘਰਸ਼ ਅਜਿਹੀ ਹੀ ਮਿਸਾਲ ਨਸ਼ਰ ਕਰਦਾ ਹੈ। ਇਸ ਅੰਦੋਲਨ ਵਿੱਚ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਅਤੇ ਦਿਲਚਸਪੀ ਨੇ ਪੰਜਾਬ ਦੀ ਜਵਾਨੀ, ਜਿਸ ਸਬੰਧੀ ਵਿਹਲੜ ਅਤੇ ਨਸ਼ਈ ਹੋਣ ਦੀ ਧਾਰਨਾ ਵੱਡੇ ਪੱਧਰ ’ਤੇ ਪ੍ਰਚਲਿਤ ਸੀ, ਨੇ ਇਸ ਧਾਰਨਾ ਨੂੰ ਤੋੜ ਕੇ ਨੌਜਵਾਨਾਂ ਦੀ ਸ਼ਖ਼ਸੀਅਤ ਦੇ ਉਸਾਰੂ ਪੱਖ ਨੂੰ ਜੱਗ ਜ਼ਾਹਰ ਕੀਤਾ ਹੈ। ਇਹ ਅੰਦੋਲਨ ਹਰ ਉਮਰ ਵਰਗ ਦੇ ਲੋਕਾਂ ਦੇ ਸਿਦਕ ਅਤੇ ਸਿਰੜ ਦੀ ਤਸਵੀਰ ਪੇਸ਼ ਕਰ ਰਿਹਾ ਹੈ। ਜੇ ਨੌਜਵਾਨ ਜੋਸ਼ ਦੀ ਵਰਤੋਂ ਆਪਣੇ ਬਜ਼ੁਰਗਾਂ ਦੀ ਅਗਵਾਈ ਵਿੱਚ ਕਰਨਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਜਿੱਤ ਦੇ ਪਰਚਮ ਲਹਿਰਾਉਂਦੇ ਹੋਏ ਆਪਣੇ ਘਰੀਂ ਪਰਤਾਂਗੇ।
ਰਜਨਦੀਪ ਕੌਰ, ਉੱਪਲੀ, ਸੰਗਰੂਰ।
ਕਿਸਾਨ ਅੰਦੋਲਨ ਬਣਿਆ ਨਵਚੇਤਨਾ ਦੀ ਚਿਣਗ
ਕਿਸਾਨ ਅੰਦੋਲਨ ਨਾ ਕੇਵਲ ਪੰਜਾਬੀਆਂ ਬਲਕਿ ਵਿਸ਼ਵ ਭਰ ਦੇ ਭਾਰਤੀਆਂ ਲਈ ਨਵਚੇਤਨਾ ਦੀ ਚਿਣਗ ਹੋ ਨਿੱਬੜਿਆ ਹੈ। ਆਜ਼ਾਦੀ ਦੀ ਲੜਾਈ ਤੋਂ ਬਾਅਦ ਸ਼ਾਇਦ ਹੀ ਭਾਰਤ ਦਾ ਕੋਈ ਅਜਿਹਾ ਅੰਦੋਲਨ ਹੈ ਜਿਸ ਨੂੰ ਐਨੇ ਵੱਡੇ ਪੱਧਰ ’ਤੇ ਲੋਕ ਸਮਰਥਨ ਮਿਲਿਆ ਹੋਵੇ। ਪਹਿਲਾਂ ਜਿੰਨੇ ਵੀ ਅੰਦੋਲਨ ਜਾਂ ਸੰਘਰਸ਼ ਸਰਕਾਰ ਵਿਰੁੱਧ ਵਿੱਢੇ ਗਏ ਉਨ੍ਹਾਂ ਵਿੱਚ ਜ਼ਿਆਦਾਤਰ ਬਜ਼ੁਰਗ ਹੀ ਸ਼ਾਮਲ ਹੁੰਦੇ ਸਨ ਪਰ ਕਿਸਾਨ ਅੰਦੋਲਨ ਵਿਚ ਨੌਜਵਾਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰ ਕੇ ਕਿਸਾਨੀ ਸੰਘਰਸ਼ ਨੂੰ ਇਕ ਨਿਸ਼ਚਿਤ ਅਤੇ ਸਹੀ ਰਾਹ ’ਤੇ ਲੈ ਕੇ ਜਾਣ ਵਿੱਚ ਨੌਜਵਾਨਾਂ ਦਾ ਖ਼ਾਸ ਯੋਗਦਾਨ ਰਿਹਾ। ਇਸ ਸੰਘਰਸ਼ ਨਾਲ ਨੌਜਵਾਨਾਂ ਵਿੱਚ ਨਵੀਂ ਚੇਤਨਾ ਆਈ, ਉਨ੍ਹਾਂ ਨੂੰ ਆਪਣੇ ਹੱਕਾਂ ਲਈ ਲੜਨਾ ਤੇ ਆਪਣੀ ਹੋਂਦ ਦੀ ਅਹਿਮੀਅਤ ਦਾ ਪਤਾ ਲੱਗਿਆ। ਕਿਸਾਨ ਅੰਦੋਲਨ ਨੇ ਸਾਬਤ ਕਰ ਦਿੱਤਾ ਕਿ ਸਾਡੇ ਨੌਜਵਾਨ ਸੁੱਤੇ ਹੋਏ ਨਹੀਂ ਹਨ, ਉਹ ਆਪਣੇ ਹੱਕਾਂ ਲਈ ਖੜ੍ਹਨਾ ਤੇ ਲੜਨਾ ਜਾਣਦੇ ਹਨ।
ਗੁਲਾਫਸਾ ਬੇਗਮ, ਨਵੀਂ ਦਾਣਾ ਮੰਡੀ ਸੁਨਾਮ, ਸੰਗਰੂਰ। ਸੰਪਰਕ: 98148-26006
ਕਿਸਾਨ ਅੰਦੋਲਨ ਨੇ ਨੌਜਵਾਨਾਂ ’ਚ ਲਿਆਂਦੀ ਤਬਦੀਲੀ
ਜੋਸ਼ ਤੇ ਜਜ਼ਬੇ ਨਾਲ ਭਰੇ ਨੌਜਵਾਨਾਂ ਨੂੰ ਲੋੜ ਹੁੰਦੀ ਹੈ ਸੁਚੱਜੀ ਤੇ ਚੰਗੇ ਮਾਰਗ ਦਰਸ਼ਨ ਵਾਲੀ ਅਗਵਾਈ ਦੀ। ਇਸੇ ਤਰ੍ਹਾਂ ਜਦੋਂ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਲਿਆਂਦੇ ਗਏ ਤਾਂ ਇਸਦਾ ਵਿਰੋਧ ਕਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਵੱਡੀ ਪੱਧਰ ’ਤੇ ਨੌਜਵਾਨਾਂ ਨੂੰ ਅੱਗੇ ਲਿਆ ਕੇ ਸੰਘਰਸ਼ੀ ਜਾਗ ਲਾਇਆ ਜਿਸ ਤੋਂ ਬਾਅਦ ਨੌਜਵਾਨਾਂ ਅੰਦਰ ਚੇਤਨਾ ਦੀ ਚਿਣਗ ਲੱਗੀ। ਜਿਹੜਾ ਨੌਜਵਾਨ ਵਰਗ ਨਸ਼ਿਆਂ ਦੇ ਰਾਹ ਤੁਰਿਆ ਜਾ ਰਿਹਾ ਸੀ, ਉਸਦੇ ਹੱਥ ਕਿਸਾਨੀ ਵਾਲਾ ਝੰਡਾ ਫੜਾ ਕੇ ਇਨਕਲਾਬੀ ਸੋਚ ਦਾ ਧਾਰਨੀ ਬਣਿਆ। ਦੇਖਿਆ ਜਾਵੇ ਤਾਂ ਜਿਹੜੇ ਨੌਜਵਾਨ ਮੁੰਡੇ-ਕੁੜੀਆਂ ਕਦੇ ਸਟੇਜਾਂ ਕੋਲੋਂ ਨਹੀਂ ਲੰਘੇ ਸਨ ਉਹ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਖਿਲਾਫ਼ ਆਪਣੇ ਭਾਸ਼ਨਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਲੱਗੇ। ਕਿਸਾਨੀ ਸੰਘਰਸ਼ ਦਾ ਬਿਗਲ ਨੌਜਵਾਨਾਂ ਵਿੱਚ ਬਹੁਤ ਵੱਡੀ ਤਬਦੀਲੀ ਲਿਆਉਣ ਵਿੱਚ ਸਫ਼ਲ ਹੋਇਆ ਹੈ।
ਸੁਖਰਾਜ ਸਿੰਘ ਧਨੌਲਾ, ਧਨੌਲਾ, ਬਰਨਾਲਾ।
ਸੰਪਰਕ: 97810-48055
ਨੌਜਵਾਨਾਂ ਨੇ ਆਪਣੇ ਅੰਦਰਲੀ ਤਾਕਤ ਪਛਾਣੀ
ਇੱਕ ਖਾਸ ਮਕਸਦ ਲਈ ਸ਼ੁਰੂ ਹੋਇਆ ਕਿਸਾਨ ਸੰਘਰਸ਼ ਅੱਜ ਸਹਿਜ ਹੀ ਜਨ ਅੰਦੋਲਨ ਬਣ ਚੁੱਕਿਆ ਹੈ। ਇਸ ਅੰਦੋਲਨ ਦਾ ਸਿੱਟਾ ਜੋ ਵੀ ਨਿਕਲੇ ਪਰ ਇਸ ਦੇ ਅਜੋਕੀ ਪੀੜ੍ਹੀ ਉੱਪਰ ਦੂਰਗਾਮੀ ਪ੍ਰਭਾਵ ਪੈਣਗੇ। ਪੰਜਾਬ ਅਤੇ ਪੰਜਾਬੀਆਂ ਬਾਰੇ ਜੋ ਕੁੱਝ ਇਤਿਹਾਸ ਵਿੱਚ ਲਿਖਿਆ ਹੈ ਉਹ ਫਿਰ ਸੱਚ ਸਾਬਤ ਹੋ ਰਿਹਾ ਹੈ। ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ ਅਤੇ ਨੌਜਵਾਨਾਂ ਵਿੱਚ ਫਿਰ ਉਹੀ ਜੋਸ਼ ਭਰ ਰਿਹਾ ਹੈ ਜਿਸ ਲਈ ਪੰਜਾਬੀ ਜਾਣੇ ਜਾਂਦੇ ਹਨ। ਨੌਜਵਾਨਾਂ ਨੇ ਆਪਣੇ ਅੰਦਰਲੀ ਤਾਕਤ ਨੂੰ ਪਛਾਣਿਆ ਅਤੇ ਇਸ ਸੰਘਰਸ਼ ਨੂੰ ਨਵੀਂ ਸੇਧ ਦਿੱਤੀ ਹੈ ਅਤੇ ਆਪਣੇ ਉੱਤੇ ਲੱਗੇ ‘ਉੜਤਾ ਪੰਜਾਬ’ ਦੇ ਦਾਗ ਨੂੰ ਧੋ ਦਿੱਤਾ ਹੈ। ਹੁਣ ਜ਼ਰੂਰਤ ਹੈ ਇਸ ਜੋਸ਼ ਅਤੇ ਹੋਸ਼ ਨੂੰ ਬਰਕਰਾਰ ਰੱਖਣ ਦੀ ਤਾਂ ਜੋ ਸਮਾਜ ਅਤੇ ਸਰਕਾਰ ਅੰਦਰ ਆਈਆਂ ਕੁਰੀਤੀਆਂ ਅਤੇ ਭਰਿਸ਼ਟਾਚਾਰ ਦਾ ਖਾਤਮਾ ਕੀਤਾ ਜਾ ਸਕੇ।
ਅਰਸ਼ਦੀਪ ਕੌਰ ਬਾਵਾ, ਤਪਾ ਮੰਡੀ, ਬਰਨਾਲਾ।
ਮੌਜੂਦਾ ਸੰਘਰਸ਼ ਜਾਗਦੀਆਂ ਜ਼ਮੀਰਾਂ ਦੀ ਮਿਸਾਲ
ਕਿਸਾਨ ਸੰਘਰਸ਼ ਅੱਜ ਦੇਸ਼ ਭਰ ਵਿਚ ਵੱਡੇ ਪੱਧਰ ’ਤੇ ਜਾਰੀ ਹੈ ਤੇ ਸਮੁੱਚਾ ਨੌਜਵਾਨ ਵਰਗ ਇਸ ਵਿੱਚ ਵਧ ਚੜ੍ਹ ਕੇ ਆਪਣਾ ਯੋਗਦਾਨ ਪਾ ਰਿਹਾ ਹੈ। ਯੋਗਦਾਨ ਹੀ ਨਹੀਂ ਬਲਕਿ ਨੌਜਵਾਨ ਵਰਗ ਨੇ ਆਪਣਾ ਆਪ ਇਸ ਸੰਘਰਸ਼ ਲਈ ਸਮਰਪਿਤ ਕਰ ਦਿੱਤਾ ਹੈ। ਦੇਸ਼ ਦੇ ਨੌਜਵਾਨਾਂ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਉਨ੍ਹਾਂ ਆਪਣੇ ਵੱਡਮੁੱਲੇ ਵਿਰਸੇ ਨੂੰ ਨਹੀਂ ਵਿਸਾਰਿਆ ਅਤੇ ਲੋੜ ਪੈਣ ‘ਤੇ ਉਹ ਜਾਨ ਦੀ ਬਾਜ਼ੀ ਲਗਾਉਣ ਤੋਂ ਵੀ ਪਿੱਛੇ ਨਹੀਂ ਹੱਟਣਗੇ। ਇਹ ਅੰਦੋਲਨ ਨੇ ਏਨਾ ਵਿਸ਼ਾਲ ਰੂਪ ਧਾਰ ਲਿਆ ਹੈ ਕਿ ਇਸ ਵਿਚ ਦੇਸ਼-ਵਿਦੇਸ਼ ਦੀਆਂ ਮਹਾਨ ਹਸਤੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ। ਕੜਾਕੇ ਦੀ ਠੰਢ ਵੀ ਅੰਦੋਲਨਕਾਰੀਆਂ ਦਾ ਜੋਸ਼ ਠੰਢਾ ਨਹੀਂ ਕਰ ਸਕੀ। ਇਹ ਸੰਘਰਸ਼ ਜਾਗਦੀਆਂ ਜ਼ਮੀਰਾਂ ਦੀ ਇਕ ਉਦਾਹਰਣ ਹੈ।
ਨੂਰਦੀਪ ਕੋਮਲ, ਸੰਗਰੂਰ। ਸੰਪਰਕ: 98146-34446
(ਇਹ ਵਿਚਾਰ ਚਰਚਾ ਅਗਲੇ ਵੀਰਵਾਰ ਵੀ ਜਾਰੀ ਰਹੇਗੀ)