ਨੌਜਵਾਨ ਸੋਚ : ਕਿਸਾਨ ਸੰਘਰਸ਼ ਤੇ ਨੌਜਵਾਨ ਵਰਗ

ਨੌਜਵਾਨ ਸੋਚ : ਕਿਸਾਨ ਸੰਘਰਸ਼ ਤੇ ਨੌਜਵਾਨ ਵਰਗ

ਮੁਸ਼ਕਲਾਂ ਖ਼ਿਲਾਫ਼ ਜੂਝਣਾ ਪੰਜਾਬੀਆਂ ਦੀ ਵਿਰਾਸਤ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਖੇਤੀ ਦੀ ਮਿਹਨਤ, ਮੁਸ਼ਕਲਾਂ ਅਤੇ ਰੱਬ ’ਤੇ ਭਰੋਸਾ ਪੰਜਾਬੀਆਂ ਦੇ ਰਗ ਰਗ ਵਿੱਚ ਹੈ। ਏਹੀ ਕਾਰਨ ਹੈ ਕਿ ਪੰਜਾਬੀ ਹਰ ਮੁਸ਼ਕਲ ਵਿੱਚ ਅਡੋਲ ਰਹੇ ਹਨ ਅਤੇ ਹਰ ਮੁਸ਼ਕਲ ਦਾ ਸਾਹਮਣਾ ਪੁਰਾਣੇ ਸਮਿਆਂ ਤੋਂ ਹੀ ਡਟ ਕੇ ਕਰਦੇ ਆ ਰਹੇ ਹਨ। ਅੱਜ ਦੇ ਹਾਲਾਤ ਵੀ ਨੌਜਵਾਨਾਂ ਨੂੰ ਮਾਤ ਨਹੀਂ ਪਾ ਸਕੇ ਤੇ ਆਪਣੇ ਕਾਰ–ਵਿਹਾਰ ਨੂੰ ਛੱਡ ਕੇ ਇਹ ਆਪਣੇ ਹੱਕਾਂ ਲਈ ਦਿੱਲੀ ਜਾ ਖਲੋਤੇ ਹਨ। ਪੰਜਾਬ ਦੇ ਜਿਸ ਨੌਜਵਾਨ ਵਰਗ ’ਤੇ ਨਸ਼ਿਆਂ ਦਾ ਕਲੰਕ ਲੱਗ ਰਿਹਾ ਸੀ, ਅੱਜ ਉਹ ਆਪਣੇ ਬਜ਼ੁਰਗਾਂ ਨਾਲ ਕਿਸਾਨ ਸੰਘਰਸ਼ ਵਿੱਚ ਨਿੱਤਰ ਰਹੇ ਹਨ। ਏਨਾ ਹੀ ਨਹੀਂ ਨੌਜਵਾਨ ਕੁੜੀਆਂ, ਬੱਚੀਆਂ ਤੇ ਬਜ਼ੁਰਗ ਔਰਤਾਂ ਵੀ ਕਿਸਾਨ ਅੰਦੋਲਨ ਵਿੱਚ ਦਾਖ਼ਲ ਹੋ ਚੁੱਕੀਆਂ ਹਨ, ਜਿਨ੍ਹਾਂ ਸਾਡੇ ਸਿੱਖ ਇਤਿਹਾਸ ਦੇ ਗੌਰਵ ਨੂੰ ਮੁੜ ਦੁਹਰਾ ਦਿੱਤਾ ਹੈ।

ਜਸਵੰਤ ਕੌਰ ਮਣੀ, ਖੋਜਾਰਥੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਸੰਪਰਕ: 98888-70822

ਸਰਕਾਰ ਨੇ ਕਿਸਾਨ ਅੰਦੋਲਨ ਤੋਂ ਅੱਖਾਂ ਫੇਰੀਆਂ

ਪੂਰੇ ਦੇਸ਼ ਦੇ ਕਿਸਾਨ ਹੱਕਾਂ ਲਈ ਲੜ ਰਹੇ ਹਨ। ਇਸ ਸੰਘਰਸ਼ ਵਿੱਚ ਲਗਾਤਾਰ ਕਿਸਾਨਾਂ-ਮਜ਼ਦੂਰਾਂ ਦੀਆਂ ਜਾਨਾਂ ਜਾ ਰਹੀਆਂ ਹਨ, ਪਰ ਸਰਕਾਰ ਸੁੱਤੀ ਪਈ ਹੈ। ਦੇਸ਼ ਦੀ ਇਸ ਹਾਲਤ ਲਈ ਕਿਤੇ ਨਾ ਕਿਤੇ ਅਸੀਂ ਖੁਦ ਵੀ ਜ਼ਿੰਮੇਵਾਰ ਹਾਂ ਕਿਉਂਕਿ ਅਸੀਂ ਬਿਨਾਂ ਸੋਚੇ ਸਮਝੇ ਅਜਿਹੀਆਂ ਸਰਕਾਰਾਂ ਚੁਣਦੇ ਹਾਂ ਅਤੇ ਅਜਿਹੇ ਆਗੂਆਂ ਦੀਆਂ ਗੱਲਾਂ ਵਿੱਚ ਆ ਜਾਂਦੇ ਹਾਂ। ਆਪਣੇ ਹੱਕ ਲਈ ਲੜਨਾ ਸਾਡੇ ਖੂਨ ਵਿੱਚ ਹੈ। ਕਿਸਾਨਾਂ ਦੀ ਇਸ ਹਾਲਤ ਨੂੰ ਦੇਖਦਿਆਂ ਸਾਨੂੰ ਸਭ ਨੂੰ ਹਰ ਸੰਭਵ ਢੰਗ ਨਾਲ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਦੇਸ਼ ਵਿੱਚ ਅਜਿਹੀਆਂ ਸਰਕਾਰਾਂ ਦੀ ਕੋਈ ਥਾਂ ਨਹੀਂ ਜੋ ਦੇਸ਼ ਨੂੰ ਗੁਲਾਮ ਬਣਾ ਦੇਣ। ਲੋੜ ਹੈ ਦੇਸ਼ ਨੂੰ ਬਦਲਣ ਦੀ ਸਰਕਾਰ ਨੂੰ ਬਦਲਣ ਦੀ ਅਤੇ ਸਮੇਂ ਨੂੰ ਬਦਲਣ ਦੀ। ਸਾਨੂੰ ਇਕੱਠੇ ਹੋ ਕੇ ਦੇਸ਼ ਦੀ ਹਾਲਤ ਸੁਧਾਰਨੀ ਚਾਹੀਦੀ ਹੈ ਅਤੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ।
ਗਗਨਦੀਪ ਕੌਰ, ਮਾਨਸਾ।

ਕਿਸਾਨ ਸੰਘਰਸ਼ ਤੇ ਪੰਜਾਬੀ ਗਾਇਕੀ ਦਾ ਕਫ਼ਾਰਾ

ਸੰਗੀਤ ਅਜ਼ਲਾਂ ਤੋਂ ਹੀ ਰੂਹ ਦੀ ਖੁਰਾਕ ਰਿਹਾ ਹੈ। ਕਿਸਾਨ ਸੰਘਰਸ਼ ਵਿਚ ਪੰਜਾਬੀ ਗੀਤ-ਸੰਗੀਤ ਦਾ ਨਵਾਂ ਤੇ ਸਵਾਗਤਯੋਗ ਰੂਪ ਦੇਖਣ ਨੂੰ ਮਿਲਿਆ ਹੈ। ‘ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾ’ (ਕੰਵਰ ਗਰੇਵਾਲ), ‘ਮੇਰੀ ਏਕ ਗੁਜ਼ਾਰਿਸ਼ ਹੈ ਕਾਨੂੰਨ ਬਨਾਨੇ ਵਾਲੋਂ ਕੋ’ (ਡਾ. ਸਤਿੰਦਰ ਸਰਤਾਜ) ਵਰਗੀ ਗਾਇਕੀ ਨੌਜਵਾਨ ਪੀੜ੍ਹੀ ਨੂੰ ਹੱਕਾਂ ਪ੍ਰਤੀ ਜਾਗਰੂਕ ਕਰ ਰਹੀ ਹੈ। ਪਰ ਲੰਮੇ ਸਮੇਂ ਤੋਂ ਪੰਜਾਬੀ ਗੀਤਕਾਰੀ ਅਤੇ ਗਾਇਕਾਂ ਖਾਸਕਰ ’ਤੇ ਨਵੀਂ ਪੀੜ੍ਹੀ ਉੱਤੇ ਸੱਭਿਆਚਾਰ ਨੂੰ ਗੰਧਲਾ ਕਰਨ ਦਾ ਦੋਸ਼ ਲੱਗਦਾ ਰਿਹਾ ਹੈ। ਕਿਸਾਨੀ ਅੰਦੋਲਨ ’ਚ ਲੱਗਦੈ ਇਨ੍ਹਾਂ ਗਾਇਕਾਂ ਨੇ ਕਫ਼ਾਰਾ (ਪਛਤਾਵਾ) ਕਰ ਲਿਆ ਏ। ਕੁਝ ਗਾਇਕਾਂ ਦੀ ਕਲਮ ਅਵਾਮ ਦੇ ਦਰਦ ਬਿਆਨਦੀ ਨਜ਼ਰ ਆ ਰਹੀ ਹੈ। ਇਸ ਸੰਗੀਤ ਨੇ ਕਿਤੇ-ਨਾ-ਕਿਤੇ ਨਵਾਂ ਜਜ਼ਬਾ ਭਰਿਆ ਏ। ਭੁੱਲਿਆਂ-ਭਟਕਿਆਂ ਨੂੰ ਕਮਰਸ਼ੀਅਲ ਸੋਚ ਤਹਿਤ ਹੀ ਸਹੀ, ਕਿਤੇ ਨਾ ਕਿਤੇ ਆਪਣੀਆਂ ਜੜ੍ਹਾਂ/ਧਰਾਤਲ ਨਾਲ ਜੋੜਿਆ ਜ਼ਰੂਰ ਹੈ।
ਅਮੀਨਾ, ਪਿੰਡ ਵਾ ਡਾਕ. ਬਹਿਰਾਮਪੁਰ ਜ਼ਿਮੀਂਦਾਰੀ, ਤਹਿ. ਵਾ ਜ਼ਿਲ੍ਹਾ ਰੂਪਨਗਰ।

ਸੰਘਰਸ਼ ਤੇ ਨੌਜਵਾਨ ਬਣੇ ਇੱਕ ਦੂਜੇ ਦੀ ਸ਼ਕਤੀ

ਜੇ ਕਹਿ ਦੇਈਏ ਕਿ ਕਿਸਾਨੀ ਸੰਘਰਸ਼ ਨੂੰ ਦਿੱਲੀ ਦੀਆਂ ਬਰੂਹਾਂ ਤੱਕ ਲੈ ਜਾਣ ਵਾਲੇ ਨੌਜਵਾਨ ਹੀ ਹਨ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਹੋਸ਼, ਜੋਸ਼ ਅਤੇ ਸਬਰ ਨਾਲ ਜਬਰ ਦੇ ਦੰਦ ਭੋਰਦੇ ਨੌਜਵਾਨਾਂ ਨੇ ਪੰਜਾਬ ਹਿਤੈਸ਼ੀ ਲੋਕਾਂ ਦੇ ਦਿਲਾਂ ਵਿੱਚੋਂ ‘ਪੰਜਾਬ ਦੀ ਜਵਾਨੀ ਨਸ਼ਿਆਂ ਦੇ ਰਾਹ’ ਵਾਲਾ ਤੌਖਲਾ ਵੀ ਬੈਰੀਕੇਡਾਂ ਅਤੇ ਭਾਰੇ ਪੱਥਰਾਂ ਦੇ ਨਾਲ ਹੀ ਦੂਰ ਵਗਾਹ ਮਾਰਿਆ। ਊਧਮ ਸਿੰਘ, ਕਰਤਾਰ ਸਿੰਘ ਸਰਾਭੇ ਤੇ ਭਗਤ ਸਿੰਘ ਦੇ ਵਾਰਿਸ ਹਾਂ। ਪੰਜਾਬ ਦੇ ਹੀਰੇ ਨੌਜਵਾਨਾਂ ਉੱਤੇ ਅੱਜ ਸਾਰੇ ਸੰਸਾਰ ਦੀ ਨਿਗਾਹ ਟਿਕੀ ਹੋਈ ਹੈ। ਅੱਥਰੂ ਗੈਸ ਦੇ ਗੋਲ਼ੇ, ਡਾਂਗਾਂ ਤੇ ਪਾਣੀ ਦੀਆਂ ਬੁਛਾੜਾਂ ਸੁੱਟਣ ਵਾਲਿਆਂ ਨੂੰ ਲੰਗਰ ਛਕਾ ਕੇ ਉਨ੍ਹਾਂ ਜਿੱਥੇ ਬਾਬੇ ਨਾਨਕ ਵੱਲੋਂ ਵੀਹਾਂ ਰੁਪਈਆਂ ਨਾਲ ਚਲਾਏ ਅਤੁੱਟ ਤੇ ਨਿਰਪੱਖ ਲੰਗਰ ਵਿਚ ਹਿੱਸਾ ਪਾਇਆ, ਉਥੇ ਹੀ ਦਿਖਾ ਦਿੱਤਾ ਕਿ ਭਾਈ ਘਨੱਈਆ ਅੱਜ ਵੀ ਇੱਥੇ ਹੀ ਹੈ ਸਾਡੇ ਵਿਚਕਾਰ।
ਅਨੰਤ ਗਿੱਲ ਭਲੂਰ, ਜ਼ਿਲ੍ਹਾ ਮੋਗਾ।

ਨੌਜਵਾਨ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲੱਗੇ

ਕਿਸਾਨੀ ਸੰਘਰਸ਼ ਜਿੱਥੇ ਪੰਜਾਬ ਦੇ ਪਿੰਡਾਂ ਤੋਂ ਚੱਲ ਕੇ ਦਿੱਲੀ ਤੱਕ ਪਹੁੰਚ ਚੁੱਕਾ ਹੈ, ਉੱਥੇ ਹੀ ਇਸ ਨਾਲ ਪੂਰੇ ਦੇਸ਼ ਵਿਚ ਏਕਤਾ ਦੀ ਲਹਿਰ ਉੱਠੀ ਹੈ। ਪੰਜਾਬ ਦੇ ਨੌਜਵਾਨਾਂ ਨੇ ਇਸ ਸੰਘਰਸ਼ ਵਿੱਚ ਵੱਧ ਚੜ੍ਹ ਕੇ ਅੱਗੇ ਆਉਂਦਿਆਂ ਪੰਜਾਬ ਹੀ ਨਹੀਂ, ਬਾਕੀ ਸੂਬਿਆਂ ਦੀ ਨੌਜਵਾਨ ਪੀੜ੍ਹੀ ਨੂੰ ਵੀ ਜੂਝਣ ਲਈ ਪ੍ਰੇਰਿਤ ਕੀਤਾ ਹੈ। ਪੰਜਾਬ ਵਿੱਚ ਪਹਿਲਾਂ ਤੋਂ ਹੀ ਹਰ ਸੰਘਰਸ਼ ਵਿੱਚ ਨੌਜਵਾਨ ਪੀੜ੍ਹੀ ਦਾ ਬਹੁਮੁੱਲਾ ਯੋਗਦਾਨ ਰਿਹਾ ਹੈ। ਇਸੇ ਤਰ੍ਹਾਂ ਇਸ ਕਿਸਾਨੀ ਸੰਘਰਸ਼ ਵਿੱਚ ਨੌਜਵਾਨ ਪੀੜ੍ਹੀ ਨੇ ਅੱਗੇ ਆ ਕੇ ਫਿਰ ਤੋਂ ਇਤਿਹਾਸ ਰਚਿਆ ਹੈ ਅਤੇ ਪੰਜਾਬ ਦੀ ਹੁਣ ਦੀ ਬਣੀ ਇੱਕ ਤਸਵੀਰ (ਜਵਾਨੀ ਨਸ਼ਿਆਂ ਨੇ ਖਾ ਲਈ) ਨੂੰ ਗ਼ਲਤ ਸਾਬਿਤ ਕਰ ਦਿਖਾਇਆ ਹੈ। ਇਸ ਦੇ ਨਾਲ ਹੀ ਜੋ ਸੁਪਨਾ ਸ਼ਹੀਦ ਭਗਤ ਸਿੰਘ ਨੇ ਨੌਜਵਾਨ ਵਰਗ ਲਈ ਦੇਖਿਆ ਸੀ, ਉਹ ਸੁਪਨਾ ਵੀ ਹੁਣ ਸਾਕਾਰ ਹੁੰਦਾ ਜਾਪਦਾ ਹੈ।
ਕਮਲਪ੍ਰੀਤ ਕੌਰ ਜੰਗਪੁਰਾ, ਮੁਹਾਲੀ।

ਕਿਸਾਨੀ ਸੰਘਰਸ਼ ’ਚ ਨੌਜਵਾਨਾਂ ਦੀ ਅਹਿਮ ਭੂਮਿਕਾ

ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ, ਰਾਜਸਥਾਨ, ਹਰਿਆਣਾ ਤੇ ਹੋਰ ਰਾਜਾਂ ਦੇ ਬਜ਼ੁਰਗ, ਨੌਜਵਾਨ, ਬੱਚੇ ਤੇ ਔਰਤਾਂ ਦਿੱਲੀ ਦੀਆਂ ਵੱਖ-ਵੱਖ ਹੱਦਾਂ ‘ਤੇ ਡਟੇ ਹੋਏ ਹਨ। ਦਿੱਲੀ ’ਚ 26-27 ਨਵੰਬਰ ਨੂੰ ਸ਼ੁਰੂ ਹੋਏ ਕਿਸਾਨੀ ਸੰਘਰਸ਼ ਨੇ ਹੁਣ ਵਿਸ਼ਾਲ ਰੂਪ ਲੈ ਲਿਆ ਹੈ, ਜਿਸ ਵਿੱਚ ਨੌਜਵਾਨਾਂ ਦੀ ਖ਼ਾਸ ਭੂਮਿਕਾ ਹੈ ਕਿਉਂਕਿ ਜਿੱਥੇ ਨੌਜਵਾਨਾਂ ਨੇ ਲੰਗਰ, ਸੌਣ ਆਦਿ ਦਾ ਪ੍ਰਬੰਧ ਕੀਤਾ, ਉੱਥੇ ਹੀ ਨੌਜਵਾਨ ਬੁਲਾਰਿਆਂ ਦੀਆਂ ਜੋਸ਼ੀਲੀਆਂ ਤਕਰੀਰਾਂ ਨੇ ਵੀ ਸੰਘਰਸ਼ ਵਿਚ ਆਪਣਾ ਰੋਲ ਨਿਭਾਇਆ ਹੈ। ਇਸ ਸੰਘਰਸ਼ ਵਿੱਚ ਨੌਜਵਾਨਾਂ ਨੇ ਹੀ ਮੋਦੀ ਪੱਖੀ ਮੀਡੀਆ ਦੇ ਪੋਲ ਖੋਲ੍ਹੇ ਅਤੇ ਸੋਸ਼ਲ ਸਾਈਟਾਂ ’ਤੇ ਕਿਸਾਨੀ ਸੰਘਰਸ਼ ਲਈ ਅਹਿਮ ਜ਼ਿੰਮੇਵਾਰੀ ਨਿਭਾਈ। ਨੌਜਵਾਨ ਹਰ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਜੇ ਨੌਜਵਾਨ ਜਾਗਰੂਕ, ਹਿੰਮਤੀ ਤੇ ਮਿਹਨਤੀ ਹੋਵੇਗਾ ਤਾਂ ਹਰ ਸੰਘਰਸ਼ ਦੀ ਜਿੱਤ ਹੋਵੇਗੀ।
ਸੁਰਿੰਦਰਪਾਲ ਸਿੰਘ, ਪਿੰਡ ਤੇ ਡਾਕ. ਬੱਲੂਆਣਾ, ਜ਼ਿਲ੍ਹਾ ਬਠਿੰਡਾ। ਸੰਪਰਕ: 85560-22530

ਕਿਸਾਨ ਅੰਦੋਲਨ ਬਣਿਆ ਜਨ ਅੰਦੋਲਨ

ਦਿੱਲੀ ਕਿਸਾਨ ਮੋਰਚੇ ਦੇ ਆਗੂਆਂ ਨੇ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਸੰਸਦ ਵੱਲ ਮਾਰਚ ਵਾਲੇ ਪ੍ਰੋਗਰਾਮ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ, ਜੋ ਇਕ ਫਰਵਰੀ ਲਈ ਤੈਅ ਸੀ। ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਇਹ ਸਹੀ ਫੈਸਲਾ ਸੀ। ਆਗੂਆਂ ਨੂੰ ਚਾਹੀਦਾ ਹੈ ਕਿ ਇਕ ਪ੍ਰੋਗਰਾਮ ਖ਼ਤਮ ਹੋਣ ਤੋਂ ਪਹਿਲਾਂ ਦੂਜਾ ਪ੍ਰੋਗਰਾਮ ਨਾ ਐਲਾਨਿਆ ਜਾਵੇ, ਕਿਉਂਕਿ ਪਹਿਲਾਂ ਪ੍ਰੋਗਰਾਮ ਦੀ ਸੂਚਨਾ ਦੇ ਕੇ ਫਿਰ ਮੁਲਤਵੀ ਕਰਨਾ ਕਿਤੇ ਨਾ ਕਿਤੇ ਅੰਦੋਲਨ ਦਾ ਅਕਸ ਖ਼ਰਾਬ ਜ਼ਰੂਰ ਕਰਦਾ ਹੈ। ਕਿਸਾਨ ਅੰਦੋਲਨ ਉਂਝ ਵੀ ਨੌਜਵਾਨਾਂ, ਮੁਟਿਆਰਾਂ, ਬਜ਼ੁਰਗਾਂ ਅਤੇ ਔਰਤਾਂ ਦੀ ਵੱਡੀ ਸ਼ਮੂਲੀਅਤ ਨਾਲ ਦੇਸ਼ ਭਰ ਵਿਚ ਜਨ ਅੰਦੋਲਨ ਬਣ ਚੁੱਕਾ ਹੈ।ਇਹ ਪੰਜਾਬ ਤੋਂ ਸ਼ੁਰੂ ਹੋ ਕੇ ਹਰਿਆਣਾ ਅਤੇ ਦੇਸ਼ ਦੇ ਬਾਕੀ ਸੂਬਿਆਂ ਵਿਚ ਫੈਲ ਚੁੱਕਾ ਹੈ। ਨੌਜਵਾਨਾਂ ਅੰਦਰ ਉੱਭਰੇ ਜੋਸ਼ ਨੇ ਇਸ ਲਹਿਰ ਨੂੰ ਮਜ਼ਬੂਤ ਕਰ ਇਕ ਨਵੀਂ ਮਿਸਾਲ ਕਾਈਮ ਕੀਤੀ ਹੈ।
ਹਰਮਨਪ੍ਰੀਤ ਸਿੰਘ, ਸਰਹਿੰਦ, ਫ਼ਤਹਿਗੜ੍ਹ ਸਾਹਿਬ। ਸੰਪਰਕ: 98550-10005

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All