ਨੌਜਵਾਨ ਸੋਚ: ਕਿਸਾਨ ਸੰਘਰਸ਼ ਤੇ ਨੌਜਵਾਨ ਵਰਗ

ਨੌਜਵਾਨ ਸੋਚ:   ਕਿਸਾਨ ਸੰਘਰਸ਼ ਤੇ ਨੌਜਵਾਨ ਵਰਗ

ਮਿੱਟੀ ਦੇ ਵਾਰਸਾਂ ਸਾਂਭ ਲਏ ਮੋਰਚੇ

ਪੰਜਾਬ ਦੇ ਜੰਮੇ ਨਿੱਤ ਮੁਹਿੰਮਾਂ ਦਾ ਸਾਹਮਣਾ ਕਰਨ ਵਾਲੇ ਹਨ। ਇਨ੍ਹਾਂ ਨੂੰ ਨਸ਼ੇੜੀ, ਗੈਂਗਸਟਰ ਅਤੇ ਆਸ਼ਕ ਦੱਸਣ ਵਾਲੇ ਇਹ ਭੁਲੇਖਾ ਦੂਰ ਕਰ ਲੈਣ ਕਿਉਂਕਿ ਇਹ ਆਪਣੀ ਹੋਂਦ ਅਤੇ ਅਣਖ ਦੀ ਖਾਤਰ ਰਣਤੱਤੇ ਵਿਚ ਜੂਝਣ ਵਾਲੇ ਭਗਤ, ਸਰਾਭੇ ਅਤੇ ਊਧਮ ਸਿੰਘ ਦੇ ਪੈਰੋਕਾਰ ਹਨ। ਕਿਸਾਨੀ ਸੰਘਰਸ਼ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਦੱਸ ਰਹੀ ਹੈ ਕਿ ਜਦ ਪੰਜਾਬੀਆਂ ਦੀ ਹੋਂਦ ’ਤੇ ਗੱਲ ਆ ਜਾਵੇ ਤਾਂ ਦਿੱਲੀ ਦੂਰ ਨਹੀਂ ਹੁੰਦੀ। ਹੱਕਾਂ ਲਈ ਲੜਨਾ, ਪਹਿਲਾਂ ਨੀਵਾਂ ਹੋ ਕੇ ਚੱਲਣਾ, ਵੈਰੀ ਨੂੰ ਵੰਗਾਰਨਾ, ਹਰ ਸਮੇਂ ਚੜ੍ਹਦੀ ਕਲਾ ਵਿਚ ਰਹਿਣਾ ਇਨ੍ਹਾਂ ਨੂੰ ਗੁੜ੍ਹਤੀ ਵਿਚ ਮਿਲਿਆ ਹੈ। ਪੰਜਾਬ ਦਾ ਮਹਾਨ ਇਤਿਹਾਸ ਹੈ ਤੇ ਅੱਜ ਪੰਜਾਬ ਦੀ ਜਵਾਨੀ ਤੇ ਕਿਸਾਨੀ ਫਿਰ ਇਤਿਹਾਸ ਰਚ ਰਹੀ ਹੈ।

ਜਗਦੀਪ ਸਿੰਘ ਭੁੱਲਰ, ਪਿੰਡ ਜੋਗਾਨੰਦ, ਬਠਿੰਡਾ। ਸੰਪਰਕ: 70097-28427

ਸਰਕਾਰ ਕਾਲੇ ਕਾਨੂੰਨ ਰੱਦ ਕਰੇ

ਸਰਬੱਤ ਦੇ ਭਲੇ ਲਈ ਪੰਜਾਬ ਹਮੇਸ਼ਾ ਅੱਗੇ ਹੋ ਕੇ ਤੁਰਦਾ ਹੈ। ਕਿਸਾਨੀ ਸੰਘਰਸ਼ ਲੜ ਰਹੇ ਸਾਰੇ ਹੀ ਨੌਜਵਾਨ ਹਨ, ਕਿਉਂਕਿ ਬਜ਼ੁਰਗਾਂ ਵਿਚ ਵੀ ਜੁਆਨੀ ਮੁੜ ਆਈ ਹੈ। ਬਜ਼ੁਰਗ ਮਾਤਾਵਾਂ ਵਿਚ ਮੁਟਿਆਰਾਂ ਵਾਲਾ ਜੋਸ਼ ਆ ਗਿਆ ਹੈ। ਸੰਘਰਸ਼ ਨੇ ਪੰਜਾਬੀਆਂ ਦੀ ਸੋਚ ਬਦਲ ਦਿੱਤੀ, ਗਾਇਕ ਗੀਤਕਾਰ ਉਹੀ ਹਨ ਪਰ ਹੁਣ ਗੀਤ ਪਹਿਲਾਂ ਵਾਲੇ ਨਹੀਂ ਰਹੇ। ਸੰਘਰਸ਼ ਨੇ ਲੋਕਾਂ ਵਿਚ ਆਪਸੀ ਭਾਈਚਾਰਕ ਸਾਂਝ ਪੈਦਾ ਕਰ ਦਿੱਤੀ। ਕਿਸਾਨਾਂ ਦੇ ਬੁਲੰਦ ਹੌਸਲੇ ਵੇਖ ਸਰਕਾਰ ਡਰੀ ਹੋਈ ਹੈ। ਪੰਜਾਬ ਹਰਿਆਣਾ ਦੇ ਲੋਕਾਂ ਦੇ ਏਕੇ ਨੇ ਸਿਆਸੀ ਲੀਡਰਾਂ ਨੂੰ ਭਵਿੱਖ ਪ੍ਰਤੀ ਸੋਚੀਂ ਪਾ ਦਿੱਤਾ ਹੈ।

ਹਰਦੀਪ ਸਿੰਘ ਚੌਹਾਨ, ਪਿੰਡ ਭਲਵਾਨ, ਸੰਗਰੂਰ।

ਕਿਸਾਨ ਅੰਦੋਲਨ ’ਚ ਨੌਜਵਾਨਾਂ ਨੇ ਰਚਿਆ ਇਤਿਹਾਸ

ਖੇਤੀ ਬਿੱਲਾਂ ਖ਼ਿਲਾਫ਼ ਕਿਸਾਨਾਂ ਵੱਲੋਂ ਵਿਢਿਆ ਸੰਘਰਸ਼ ਹੁਣ ਜਨਅੰਦੋਲਨ ਬਣ ਚੁੱਕਾ ਹੈ। ਇਸ ਅੰਦੋਲਨ ਨੂੰ ਨੌਜਵਾਨਾਂ ਦੀ ਵੱਡੀ ਤਾਦਾਦ ’ਚ ਸ਼ਮੂਲੀਅਤ ਨੇ ਭਾਰੀ ਤਾਕਤ ਬਖਸ਼ੀ ਹੈ। ਮੋਹਰੀ ਹੋ ਕੇ ਅੰਦੋਲਨ ਦੀ ਕਮਾਂਡ ਸੰਭਾਲਣਾ, ਕਿਸਾਨੀ ਹਿੱਤਾਂ ਦੀ ਲੜਾਈ ’ਚ ਸ਼ਾਮਲ ਹੋਣ ਆਏ ਕਿਸਾਨਾਂ ਤੇ ਹੋਰ ਵੱਖ ਵੱਖ ਵਰਗਾਂ ਦੇ ਲੋਕਾਂ ਦੀ ਲੰਗਰ ਤੇ ਹੋਰ ਸੇਵਾ ਕਰਕੇ, ਨੌਜਵਾਨ ਵਰਗ ਨੇ ਦੁਨੀਆ ਦੇ ਸਾਹਮਣੇ ਮਿਸਾਲ ਪੇਸ਼ ਕੀਤੀ ਹੈ। ਇਸ ਇਤਿਹਾਸਕ ਤੇ ਫ਼ੈਸਲਾਕੁਨ ਕਿਸਾਨੀ ਅੰਦੋਲਨ ’ਚ ਨੌਜਵਾਨਾਂ ਦੀ ਭੂਮਿਕਾ ਅਹਿਮ ਤੇ ਮਹੱਤਵਪੂਰਣ ਹੈ। ਦੇਸ਼ ਵਿਦੇਸ਼ ’ਚ ਜਿਸ ਤਰ੍ਹਾਂ ਨੌਜਵਾਨ ਅੱਗੇ ਹੋ ਕਿ ਸੰਘਰਸ਼ ’ਚ ਹਿੱਸਾ ਪਾ ਰਹੇ ਹਨ, ਉਸ ਨਾਲ ਇਹ ਅੰਤਰਰਾਸ਼ਟਰੀ ਅੰਦੋਲਨ ਬਣ ਗਿਆ ਹੈ।

ਲੈਕਚਰਾਰ ਅਜੀਤ ਸਿੰਘ ਖੰਨਾ, ਕਿਸ਼ੋਰੀ ਲਾਲ ਜੇਠੀ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ

ਸਕੂਲ ਖੰਨਾ, ਲੁਧਿਆਣਾ। ਸੰਪਰਕ: 84376-60510

ਨੌਜਵਾਨ ਤੁਰੇ ਭਗਤ-ਸਰਾਭੇ ਦੇ ਰਾਹ

ਸਾਡੀ ਥਾਲੀ ਵਿੱਚ ਰੋਟੀ ਦੇਣ ਵਾਲਾ ਅੰਨਦਾਤਾ ਤੇ ਹਰ ਕੰਮ ਵਿੱਚ ਆਪਣਾ ਖੂਨ-ਪਸੀਨਾ ਵਹਾਉਣ ਵਾਲਾ ਮਜ਼ਦੂਰ ਅੱਜ ਨਾਵਾਜਬ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਲਈ ਮਜਬੂਰ ਹੈ। ਸਾਡੇ ਨੌਜਵਾਨ ਇਸ ਮੌਕੇ ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਨਾਲ ਖੜ੍ਹੇ ਹਨ, ਜੋ ਪੰਜਾਬੀ ਨੌਜਵਾਨਾਂ ਨੂੰ ਨਸ਼ੇੜੀ ਤੇ ਬਾਹਰ ਜਾਣ ਦੇ ਸ਼ੌਕੀਨ ਕਹਿਣ ਵਾਲਿਆਂ ਨੂੰ ਕਰਾਰਾ ਜਵਾਬ ਹੈ। ਪੰਜਾਬੀ ਹਜ਼ਾਰਾਂ ਕਿਲੋਮੀਟਰ ਟਰੈਕਟਰਾਂ, ਟਰੱਕਾਂ-ਗੱਡੀਆਂ ਚਲਾ ਕੇ, ਮੀਂਹ-ਹਨੇਰੀਆਂ, ਪੁਲੀਸ-ਫੌਜਾਂ ਤੇ ਸਰਕਾਰੀ ਬੈਰੀਅਰਾਂ ਦੀ ਪ੍ਰਵਾਹ ਕੀਤੇ ਬਿਨਾਂ ਹਾਕਮਾਂ ਨਾਲ ਮੱਥਾ ਲਾਉਣ ਦੀ ਹਿੰਮਤ ਵੀ ਰੱਖਦੇ ਹਨ। ਇਨ੍ਹਾਂ ਦਿਖਾ ਦਿੱਤਾ ਕਿ ਉਹ ਭਗਤ, ਸਰਾਭੇ, ਊਧਮ ਸਿੰਘ ਵਰਗੇ ਸ਼ਹੀਦਾਂ ਦੇ ਵਾਰਿਸ ਹਨ।

ਵਿਸ਼ਾਲ ਲੁਧਿਆਣਾ, ਬਸੰਤ ਵਿਹਾਰ ਕਲੋਨੀ, ਨੂਰਵਾਲਾ ਰੋਡ, ਲੁਧਿਆਣਾ। ਸੰਪਰਕ: 81464-49478

ਨੌਜਵਾਨਾਂ ਨੂੰ ਭਟਕਾਉਣ ਲਈ ਸਰਕਾਰਾਂ ਚੱਲਦੀਆਂ ਚਾਲਾਂ

ਜਦ ਵੀ ਕਿਸੇ ਤਾਕਤ ਨੇ ਸਾਡੀ ਅਣਖ ਨੂੰ ਵੰਗਾਰਿਆ, ਤਾਂ ਨੌਜਵਾਨਾਂ ਨੇ ਡਟ ਕੇ ਹਰ ਸੰਕਟ ਦਾ ਸਾਹਮਣਾ ਕੀਤਾ। ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਰੇ ਦੇਸ਼ ਦੇ ਕਿਸਾਨ ਸੰਘਰਸ਼ ਕਰ ਰਹੇ ਹਨ, ਜਿਸ ਵਿੱਚ ਨੌਜਵਾਨ ਵਰਗ ਵਧ-ਚੜ੍ਹ ਕੇ ਯੋਗਦਾਨ ਪਾ ਰਿਹਾ ਹੈ। ਸਰਕਾਰਾਂ ਸਮੇਂ ਸਮੇਂ ਨੌਜਵਾਨਾਂ ਨੂੰ ਭਟਕਾਉਣ ਵਾਸਤੇ ਕੋਝੀਆਂ ਚਾਲਾਂ ਚਲਦੀਆਂ ਰਹਿੰਦੀਆਂ ਨੇ ਪਰ ਇਹ ਸਾਡੇ ਖੂਨ ਵਿੱਚੋਂ ਅਣਖ ਤੇ ਬਹਾਦਰੀ ਕਦੇ ਖਤਮ ਨਹੀਂ ਕਰ ਸਕਦੀਆਂ। ਸਰਕਾਰ ਨੇ ਕਿਸਾਨੀ ਸੰਘਰਸ਼ ਅੱਗੇ ਬਹੁਤ ਸਾਰੀਆਂ ਰੁਕਾਵਟਾਂ ਪੈਦਾ ਕੀਤੀਆਂ, ਦਿੱਲੀ ਜਾਣ ਵਾਲੇ ਸਾਰੇ ਰਸਤੇ ਬੰਦ ਕੀਤੇ, ਪਰ ਨੌਜਵਾਨਾਂ ਨੇ ਬਹੁਤ ਹੀ ਹਿੰਮਤ ਤੇ ਬਹਾਦਰੀ ਨਾਲ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਦਿੱਲੀ ਦੀ ਹਿੱਕ ਤੇ ਸੰਘਰਸ਼ ਆਰੰਭ ਕੀਤਾ ਹੈ।

ਨਵਜਿੰਦ ਕੌਰ, ਪਿੰਡ ਗੰਗਾ, ਜ਼ਿਲ੍ਹਾ ਬਠਿੰਡਾ।

ਕਿਸਾਨ ਸੰਘਰਸ਼, ਇੱਕ ਚਿਣਗ

ਹਕੂਮਤ ਵਿਰੁੱਧ ਇੱਕ ਵਾਰ ਫਿਰ ਪੰਜਾਬ, ਦੇਸ਼ ਦੀ ਰਾਜਧਾਨੀ ਦੀ ਹੱਦ ‘ਤੇ ਬੈਠਾ ਪੂਰੇ ਦੇਸ਼ ਦੀ ਅਗਵਾਈ ਕਰ ਰਿਹਾ ਹੈ। ਹਕੂਮਤ ਨੇ ਆਪਣੇ ਕਾਰਪੋਰੇਟ ਭਾਈਵਾਲਾਂ ਨਾਲ ਯਾਰੀ ਨਿਭਾਉਣ ਲਈ ਖੇਤੀ ਕਾਨੂੰਨਾਂ ਵਾਲਾ ਪੱਤਾ ਖੇਡ ਕੇ ਉਨ੍ਹਾਂ ਲਈ ਪਹੀ ਪੱਧਰੀ ਕਰ ਹੀ ਦਿੱਤੀ ਸੀ ਕਿ ਖੇਤਾਂ ਦੇ ਜਾਏ ਜਾਗ ਪਏ। ਇਸ ਅੰਦੋਲਨ ਵਿੱਚ ਨੌਜਵਾਨੀ ਦੀ ਸ਼ਮੂਲੀਅਤ ਨੇ ਪੰਜਾਬ ਦੀ ਧੁਆਂਖੀ ਹੋਈ ਫਿਜ਼ਾ ਵਿੱਚ ਹਾਂਦਰੂ ਊਰਜਾ ਦਾ ਸੰਚਾਰ ਕੀਤਾ ਹੈ। ਸਿਰਫ ਕਿਸਾਨ ਕੇਂਦਰਿਤ ਨਾ ਹੋ ਕੇ ਬੁੱਧੀਜੀਵੀਆਂ ਦੀ ਰਿਹਾਈ, ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਅਤੇ ਹੋਰ ਸੰਵਿਧਾਨਕ ਮੰਗਾਂ ਕਾਰਨ ਇਸ ਸੰਘਰਸ਼ ਨੂੰ ਖ਼ੂਬਸੂਰਤੀ ਮਿਲੀ ਹੈ। ਇਹੀ ਕਾਰਨ ਹੈ ਕਿ ਬੌਖ਼ਲਾਇਆ ਹੋਇਆ ਸਾਮਰਾਜ ਘੋਲ਼ੀਆਂ ਨੂੰ ਟੁਕੜੇ ਟੁਕੜੇ ਗੈਂਗ, ਖਾਲਿਸਤਾਨੀ, ਨਕਸਲੀਏ, ਵਿਰੋਧੀ ਪਾਰਟੀਆਂ ਦੇ ਭੜਕਾਏ ਹੋਏ ਆਦਿ ਗ਼ਲਤ ਲਕਬਾਂ ਨਾਲ ਨਿਵਾਜ ਰਿਹਾ ਹੈ। ਹਕੂਮਤ ਇਸ ਏਕੇ ਅੱਗੇ ਜਲਦ ਝੁਕੇਗੀ।

ਸੁਮਨਦੀਪ ਕੌਰ, ਪੰਜਾਬੀ ਯੂਨੀਵਰਸਿਟੀ ਪਟਿਆਲਾ।

ਸਰਕਾਰ ਤਾਨਾਸ਼ਾਹ ਨਾ ਬਣੇ

ਭਾਰਤ ਦੀ ਸਰਕਾਰ ਨੂੰ ਆਪਣਾ ਤਾਨਾਸ਼ਾਹੀ ਰਵੱਈਆ ਛੱਡ ਦੇਣਾ ਚਾਹੀਦਾ ਹੈ। ਹੁਕਮਰਾਨਾਂ ਦੇ ਅੜੀਅਲ ਵਤੀਰੇ ਦੇ ਭਿਆਨਕ ਸਿੱਟੇ ਸੂਬੇ ਦੇ ਕਿਸਾਨਾਂ ਨੂੰ ਭੋਗਣੇ ਪੈਣਗੇ। ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਆਪਣੇ ਹੱਕਾਂ ਲਈ ਸੜਕਾਂ ‘ਤੇ ਠੰਢ ਵਿੱਚ ਰਾਤਾਂ ਗੁਜ਼ਾਰ ਰਿਹਾ ਹੈ। ਸਾਰੇ ਦੇਸ਼ ਦੀ ਖੇਤੀ ਦੇ ਹਾਲਾਤ ਵੱਖੋ-ਵੱਖਰੇ ਹਨ, ਇਸ ਲਈ ਸਭ ਵਾਸਤੇ ਇਕੋ ਰੰਗਤ ਵਾਲਾ ਕਾਨੂੰਨ ਲਾਗੂ ਕਰਨਾ ਠੀਕ ਨਹੀਂ ਹੋਵੇਗਾ। ਸਰਕਾਰ ਨੂੰ ਇਹ ਕਾਨੂੰਨ ਵਾਪਿਸ ਲੈਣਾ ਚਾਹੀਦਾ ਹੈ ਅਤੇ ਇਸ ਦੀ ਥਾਂ ਉਹ ਇਕ ਸੇਧ ਦੇਵੇ ਤੇ ਹਰ ਇਕ ਸੂਬਾ ਆਪਣਾ ਕਾਨੂੰਨ ਆਪ ਬਣਾ ਸਕੇ।

ਜਗਦੀਪ ਸਿੰਘ ਝਿੰਗੜਾਂ, ਮੁਹਾਲੀ। ਸੰਪਰਕ: 97799-16963

ਨੌਜਵਾਨਾਂ ਨੇ ਕੀਤੀ ਸੋਸ਼ਲ ਮੀਡੀਆ ਦੀ ਸਹੀ ਵਰਤੋਂ

ਖੇਤੀ ਕਾਨੂੰਨਾਂ ਖ਼ਿਲਾਫ ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਇਸ ਸਮੇਂ ਦੁਨੀਆਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਦੋਲਨ ਬਣ ਚੁੱਕਾ ਹੈ। ਕਿਸਾਨਾਂ ਦੇ ਨਾਲ ਹੁਣ ਪੰਜਾਬ ਦਾ ਹਰ ਵਰਗ ਭਾਵੇਂ ਉਹ ਨੌਜਵਾਨ ਹੋਣ, ਭਾਵੇਂ ਬੱਚੇ ਤੇ ਬਜ਼ੁਰਗ, ਹਰ ਕੋਈ ਵਧ ਚੜ੍ਹ ਕੇ ਇਸ ਸੰਘਰਸ਼ ‘ਚ ਹਿੱਸਾ ਪਾ ਰਹੇ ਨੇ। ਇਸ ਨੌਜਵਾਨਾਂ ਨੇ ਸੋਸ਼ਲ ਮੀਡੀਆ ਨੂੰ ਸਹੀ ਤਰੀਕੇ ਵਰਤ ਕੇ ਇਸ ਸੰਘਰਸ਼ ਨੂੰ ਦੁਨੀਆਂ ਦੇ ਹਰ ਕੋਨੇ ਤੱਕ ਪਹੁੰਚਾ ਦਿੱਤਾ। ਅੱਜ ਵੀ ਨਿੱਤ ਅਸੀਂ ਧਰਨੇ ਦੀਆਂ ਵਾਇਰਲ ਵੀਡੀਓ ਵੇਖ ਰਹੇ ਹਾਂ। ਨੌਜਵਾਨਾਂ ਦਾ ਜੋਸ਼ ਤੇ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਨੇ ਇਸ ਅੰਦੋਲਨ ਨੂੰ ਕਾਫ਼ੀ ਹਲੂਣਾ ਦਿੱਤਾ ਜਿਸ ਨਾਲ ਵਿਸ਼ਵ ਭਰ ਨੇ ਇਸ ਅੰਦੋਲਨ ਨੂੰ ਨੇੜਿਓਂ ਵੇਖ ਲਿਆ। ਹੁਣ ਤਕ ਪੰਜਾਬ ਦੇ ਨੌਜਵਾਨਾਂ ਨੂੰ ਸਿਰਫ ਨਸ਼ੇੜੀ ਕਹਿ ਕੇ ਬਦਨਾਮ ਕੀਤਾ ਜਾਂਦਾ ਸੀ, ਜਿਸ ਨੂੰ ਨੌਜਵਾਨਾਂ ਨੇ ਗ਼ਲਤ ਸਾਬਤ ਕਰ ਦਿੱਤਾ।

ਗੁਰਬਾਜ ਸਿੰਘ ਪਨੂੰ, ਮਾੜੀ ਪੰਨਵਾਂ, ਗੁਰਦਾਸਪੁਰ।

(ਇਹ ਵਿਚਾਰ ਚਰਚਾ ਅਗਲੇ ਵੀਰਵਾਰ ਵੀ ਜਾਰੀ ਰਹੇਗੀ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All