ਨੌਜਵਾਨ ਸੋਚ : ਕਿਸਾਨ ਸੰਘਰਸ਼ ਤੇ ਨੌਜਵਾਨ ਵਰਗ

ਨੌਜਵਾਨ ਸੋਚ : ਕਿਸਾਨ ਸੰਘਰਸ਼ ਤੇ ਨੌਜਵਾਨ ਵਰਗ

ਸੂਰਬੀਰਾਂ ਦੇ ਸੱਚੇ ਵਾਰਸ ਸਾਬਤ ਹੋਏ ਨੌਜਵਾਨ

ਖੇਤੀ ਕਾਨੂੰਨਾਂ ਰਾਹੀਂ ਸਰਕਾਰ ਨੇ ਕਿਸਾਨਾਂ ’ਤੇ ਹੀ ਨਹੀਂ, ਸਗੋਂ ਹਰ ਵਰਗ ਉੱਤੇ ਬੋਝ ਪਾਇਆ ਹੈ ਕਿਉਂਕਿ ਹਰ ਵਰਗ ਕਿਸਾਨਾਂ ਨਾਲ ਜੁੜਿਆ ਹੈ। ਅੱਜ ਖੇਤੀ ਕਾਨੂੰਨਾਂ ਦੇ ਨਾਦਰਸ਼ਾਹੀ ਫੁਰਮਾਨ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ, ਜਿਸ ਖ਼ਿਲਾਫ਼ ਲੋਕ ਉਮੀਦ ਤੋਂ ਵਧ ਕੇ ਸਾਥ ਦੇ ਰਹੇ ਹਨ। ਉਹ ਨੌਜਵਾਨੀ ਜਿਸਨੂੰ ਇਹ ਸਮਝਿਆ ਜਾਂਦਾ ਸੀ ਕਿ ਇਹ ਸ਼ਾਇਦ ਸਿਰਫ ਨਸ਼ਿਆਂ ਨੇ ਖ਼ਤਮ ਕਰ ਦਿੱਤੀ ਹੈ, ਉਹੀ ਜਵਾਨੀ ਅੱਜ ਸੰਘਰਸ਼ ’ਤੇ ਹਿੱਕਾਂ ਤਾਣ ਕੇ ਖੜ੍ਹ ਗਈ। ਪਿੰਡ-ਪਿੰਡ ਵਿੱਚੋਂ ਵੱਡੀ ਗਿਣਤੀ ਨੌਜਵਾਨ ਵਧ-ਚੜ੍ਹ ਕੇ ਸ਼ਾਮਿਲ ਸੰਘਰਸ਼ ਹੋ ਰਹੇ ਹਨ। ਅੱਜ ਫਿਰ ਅਹਿਸਾਸ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ, ਉਨ੍ਹਾਂ ਦੇ ਸਾਹਿਬਜ਼ਾਦਿਆਂ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਵਰਗੇ ਸੂਰਬੀਰਾਂ ਦੇ ਵਾਰਿਸ ਅੱਜ ਵੀ ਜ਼ਿੰਦਾ ਹਨ।
ਬਲਕਾਰ ਸਿੰਘ ਭਾਈ ਰੂਪਾ, ਰਾਮਪੁਰਾ ਫੂਲ, ਬਠਿੰਡਾ। ਸੰਪਰਕ: 87278-92570


ਸੰਘਰਸ਼ੀ ਪਿੜ ਵਿਚ ਡਟੇ ਨੌਜਵਾਨਾਂ ਨੂੰ ਸਲਾਮ

ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਜਿੱਥੇ ਕਈ ਜਥੇਬੰਦੀਆਂ ਨੇ ਜ਼ਬਰਦਸਤ ਸੰਘਰਸ਼ ਵਿੱਢਿਆ ਹੈ, ਉਥੇ ਇਸ ਸੰਘਰਸ਼ ਵਿੱਚ ਨੌਜਵਾਨ ਵਰਗ ਵੀ ਵਧ-ਚੜ੍ਹ ਕੇ ਯੋਗਦਾਨ ਪਾ ਰਿਹਾ ਹੈ, ਕਿਉਂਕਿ ਉਸ ਨੇ ਇਹ ਯੋਗਦਾਨ ਪਾਉਣਾ ਆਪਣਾ ਇਕਲਾਖੀ ਫਰਜ਼ ਤੇ ਅਣਸਰਦੀ ਲੋੜ ਸਮਝਿਆ। ਜਿੱਥੇ ਪਹਿਲਾਂ ਧਰਨਿਆਂ/ ਸੰਘਰਸ਼ਾਂ ਨੂੰ ਬਜ਼ੁਰਗਾਂ ਦਾ ਹੀ ਕੰਮ ਸਮਝਿਆ ਜਾਂਦਾ ਜਾਂਦਾ ਸੀ, ਉਥੇ ਇਸ ਸੰਘਰਸ਼ ਵਿਚ ਨੌਜਵਾਨ ਵਰਗ (ਸਮੇਤ ਮੁਟਿਆਰਾਂ ਦੇ) ਮੂਹਰਲੀ ਕਤਾਰ ਵਿੱਚ ਨਿੱਤਰਿਆ ਹੈ। ਇਸ ਤੋਂ ਸਾਫ਼ ਹੈ ਕਿ ਨੌਜਵਾਨਾਂ ਦਾ ਸਿਆਸਤਦਾਨਾਂ ਤੋਂ ਮੋਹ ਭੰਗ ਹੋ ਚੁੱਕਾ ਹੈ, ਪਰ ਇਸ ਨਾਲ ਆਪਸੀ ਭਾਈਚਾਰਕ ਸਾਂਝ ਵਧੀ ਹੈ। ਪੰਜਾਬੀ ਜਵਾਨੀ ਦੇ ਮੱਥੇ ਤੋਂ ਨਸ਼ੇੜੀ ਹੋਣ ਦਾ ਦਾਗ ਧੋਤਾ ਗਿਆ ਹੈ। ਜਾਤ-ਪਾਤ ਤੋਂ ਉਪਰ ਉਠ ਕੇ ਸੰਘਰਸ਼ੀ ਪਿੜ ਵਿਚ ਡਟੇ ਨੌਜਵਾਨਾਂ ਨੂੰ ਸਲਾਮ ਕਰਨਾ ਬਣਦਾ ਹੈ।
ਅੰਗਰੇਜ਼ ਸਿੰਘ ਵਿੱਕੀ, ਪਿੰਡ ਤੇ ਡਾਕ. ਕੋਟ ਗੁਰੂ, ਬਠਿੰਡਾ। ਸੰਪਰਕ: 98888-70822


ਕਾਲੇ ਕਾਨੂੰਨਾਂ ਨੇ ਦਿੱਤਾ ਨੌਜਵਾਨਾਂ ਨੂੰ ਹਲੂਣਾ

ਪੰਜਾਬ-ਹਰਿਆਣਾ ਦਾ ਨੌਜਵਾਨ ਪਹਿਲਾਂ ਕਿਸਾਨੀ ਸਮੱਸਿਆਵਾਂ ਤੋਂ ਕਾਫ਼ੀ ਅਵੇਸਲਾ ਸੀ ਤੇ ਉਸ ਨੂੰ ਕਿਸਾਨੀ ਸੰਘਰਸ਼ ਮਹਿਜ਼ ਬਜ਼ੁਰਗਾਂ ਦਾ ਕੰਮ ਨਜ਼ਰ ਆਉਦਾ ਸੀ। ਪਰ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਨੇ ਸਾਡੀ ਜਵਾਨੀ ਨੂੰ ਹਲੂਣਾ ਦੇ ਕੇ ਸਰਗਰਮ ਕਰ ਦਿੱਤਾ ਹੈ। ਅੱਜ ਨੌਜਵਾਨ ਸੋਚ ਰਿਹਾ ਹੈ ਕਿ ਅਸਲ ਵਿੱਚ ਇਹ ਸਮੱਸਿਆ ਹੀ ਉਸ ਦੀ ਹੈ ਤੇ ਉਸ ਦੇ ਬਾਪ-ਦਾਦੇ ਤਾਂ ਪਿੱਛੇ ਖੜ੍ਹਨ ਵਾਲੇ ਸਹਾਇਕ ਬਣ ਕੇ ਜੋਸ਼ ਨੂੰ ਹੋਸ਼ ਦੀ ਪੁੱਠ ਚੜ੍ਹਾ ਕੇ ਸੰਘਰਸ਼ ਨੂੰ ਸਹੀ ਦਿਸ਼ਾ ਵੱਲ ਲਿਜਾਂਦੇ ਰਹਿਣ, ਇੰਨਾ ਹੀ ਕਾਫੀ ਹੈ। ਕੌਮੀ ਕਾਨੂੰਨ-ਘਾੜਿਆਂ ਨੇ ਲੋਕ ਸਭਾ ਚੋਣਾਂ ਵਿੱਚ ਮਿਲੇ ਵੱਡੇ ਫਤਵੇ ਦੀ ਲੋਰ ਵਿੱਚ ਦੇਸ਼ ਦੇ ਕਿਸਾਨਾਂ ਦੀ ਸ਼ਕਤੀ ਨਿਗੁਣੀ ਸਮਝੀ, ਪਰ ਅੱਜ ਉਨ੍ਹਾਂ ਦਾ ਅੰਦੋਲਨ ਸਭ ਦੇ ਸਾਮਣੇ ਹੈ, ਜਿਸ ਨੇ ਦਿੱਲੀ ਤਖ਼ਤ ਨੂੰ ਵਖ਼ਤ ਪਾ ਕੇ ਰੱਖ ਦਿੱਤਾ ਹੈ।
ਗੁਰਜਾਪ ਸਿੰਘ, ਸਿਹੌੜਾ, ਲੁਧਿਆਣਾ। ਸੰਪਰਕ: 83606-83252


ਅੰਦੋਲਨ ਨੇ ਨੌਜਵਾਨ ਵਰਗ ਨੂੰ ਸਹੀ ਦਿਸ਼ਾ ਦਿਖਾਈ

ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਨੇ ਸਮੁੱਚੀ ਮਾਨਵਤਾ ਨੂੰ ਇਕ ਝੰਡੇ ਹੇਠ ਲਿਆ ਖੜ੍ਹਾ ਕੀਤਾ ਹੈ। ਪੰਜਾਬ ਦਾ ਕਿਸਾਨ ਹੀ ਨਹੀਂ ਬਲਕਿ ਹੋਰਨਾਂ ਸੂਬਿਆਂ, ਦੇਸ਼-ਵਿਦੇਸ਼ਾਂ ਦੇ ਕਿਸਾਨਾਂ ਦੇ ਨਾਲ-ਨਾਲ ਬਾਕੀ ਭਾਈਚਾਰਾ ਵੀ ਕਿਸਾਨੀ ਅੰਦੋਲਨ ਵਿੱਚ ਕੁੱਦ ਪਿਆ। ਇਸ ਅੰਦੋਲਨ ਨੇ ਨੌਜਵਾਨ ਵਰਗ ਨੂੰ ਸਹੀ ਦਿਸ਼ਾ ਦਿਖਾ ਦਿੱਤੀ। ਪਿਤਾ ਅੰਦੋਲਨ ਦਾ ਹਿੱਸਾ ਤੇ ਪੁੱਤਰ ਖੇਤਾਂ ਵਿੱਚ ਕਣਕ ਬੀਜ ਰਿਹਾ ਹੈ। ਪਿਤਾ ਵੀ ਚਿੰਤਾ ਮੁਕਤ ਤੇ ਪੁੱਤਰ ਵੀ ਕਿ ਇਸ ਜ਼ਮੀਨ ਦੀ ਰਾਖੀ ਲਈ ਬਾਪੂ ਲੜ ਰਿਹਾ ਹੈ। ਜੋ ਨੌਜਵਾਨ ਖੇਤਾਂ ਵਿੱਚ ਕੰਮ ਕਰਨ ਦੀ ਬਜਾਏ ਕਿੱਲੇ ਵੇਚ ਕੇ ਬਾਹਰ ਉਡਾਰੀ ਮਾਰਨੀ ਚਾਹੁੰਦਾ ਸੀ, ਅੱਜ ਉਹ ਅੰਦੋਲਨ ਵਿਚ ਡਟਿਆ ਹੈ। ਨੌਜਵਾਨ ਵਰਗ ਦੀ ਸੋਸ਼ਲ ਮੀਡੀਆ ਤੇ ਜ਼ਮੀਨੀ ਪੱਧਰ ‘ਤੇ ਅੰਦੋਲਨ ਵਿਚ ਸ਼ਮੂਲੀਅਤ ਰੌਸ਼ਨ ਭਵਿੱਖ ਦਾ ਇਸ਼ਾਰਾ ਕਰ ਰਿਹਾ ਹੈ।
ਡਾ. ਕਿਰਨਪ੍ਰੀਤ ਕੌਰ, ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ, ਬਠਿੰਡਾ। ਸੰਪਰਕ: 88729-80008


ਕਿਸਾਨ ਅੰਦੋਲਨ ਨੇ ਨੌਜਵਾਨਾਂ ਵਿਚ ਨਵਾਂ ਜੋਸ਼ ਭਰਿਆ

ਪੰਜਾਬ ਇਸ ਵੇਲੇ ਕੇਂਦਰ ਨਾਲ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਮੌਜੂਦਾ ਕਿਸਾਨ ਅੰਦੋਲਨ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ ਸੁਭਾਵਿਕ ਹੈ। ਪੰਜਾਬ ਵੱਲੋਂ ਪਿਛਲੇ ਸਮੇਂ ਦੌਰਾਨ ਵੀ ਆਪਣੇ ਹੱਕਾਂ ਦੀ ਲੜਾਈ ਵਿਚ ਨੌਜਵਾਨ ਵਰਗ ਦਾ ਮਹੱਤਵਪੂਰਨ ਰੋਲ ਰਿਹਾ ਹੈ। ਵਰਤਮਾਨ ਅੰਦੋਲਨ ਦੀ ਵਿਲੱਖਣਤਾ ਇਹ ਹੈ ਕਿ ਇਸ ਵਿਚ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ਨੂੰ ਸੰਘਰਸ਼ ਦੀ ਸਫ਼ਲਤਾ ਲਈ ਵੱਡੇ ਪਲੇਟਫਾਰਮ ਵਜੋਂ ਵਰਤਿਆ ਜਾ ਰਿਹਾ ਹੈ। ਸੰਘਰਸ਼ ਵਿੱਚ ਨੌਜਵਾਨ ਵਰਗ ਦੀ ਸ਼ਮੂਲੀਅਤ ਸਾਡੇ ਭਵਿੱਖ ਲਈ ਚੰਗਾ ਸੰਕੇਤ ਹੈ। ਕਿਉਂਕਿ ਇਸ ਨਾਲ ਪੰਜਾਬ ਦੇ ਨੌਜਵਾਨ ਉੱਪਰ ਲੱਗਿਆ ਨਸ਼ੇੜੀ ਹੋਣ ਦਾ ਦਾਗ਼ ਫਿੱਕਾ ਪਿਆ ਹੈ। ਖੇਤੀ ਅਜਿਹਾ ਖੇਤਰ ਹੈ ਜਿਸ ਵਿੱਚ ਦੂਜੇ ਖੇਤਰਾਂ ਦੇ ਮੁਕਾਬਲੇ ਵਿਕਾਸ ਦਰ ਵਿੱਚ ਵਾਧਾ ਹੋਇਆ ਹੈ। ਮੌਜੂਦਾ ਕਿਸਾਨ ਸੰਘਰਸ਼ ਨੇ ਦਿਸ਼ਾਹੀਣ ਨੌਜਵਾਨ ਵਰਗ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ।
ਮੇਘਰਾਜ ਜੋਸ਼ੀ, ਗੁੰਮਟੀ, ਬਰਨਾਲਾ। ਸੰਪਰਕ: 98779-93000


ਸੰਘਰਸ਼ ਲਈ ਨੌਜਵਾਨਾਂ ਦਾ ਜੋਸ਼ ਮਿਸਾਲੀ

ਕੇਂਦਰ ਵੱਲੋਂ ਕਿਸਾਨੀ ਵਿਰੁੱਧ ਲਿਆਂਦੇ ਕਾਲੇ ਕਾਨੂੰਨਾਂ ਤੋਂ ਨੌਜਵਾਨ ਵਰਗ ਸੁਚੇਤ ਹੋ ਗਿਆ ਹੈ। ਪਹਿਲਾਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਜ਼ਿਆਦਾਤਾਰ ਬਜ਼ੁਰਗ ਹੀ ਧਰਨਿਆਂ-ਮੁਜ਼ਾਹਰਿਆਂ ਵਿੱਚ ਸ਼ਾਮਲ ਹੁੰਦੇ ਸਨ, ਇਨ੍ਹਾਂ ਵਿਚ ਨੌਜਵਾਨ ਬਹੁਤ ਘੱਟ ਦਿਖਾਈ ਦਿੰਦੇ ਸਨ। ਪਰ ਮੌਜੂਦਾ ਕਿਸਾਨ ਅੰਦੋਲਨ ਵਿਚ ਜੋ ਜੋਸ਼ ਨੌਜਵਾਨ ਵਰਗ ਨੇ ਦਿਖਾਇਆ, ਉਹ ਮਿਸਾਲ ਬਣ ਗਿਆ ਹੈ। ਨਿੱਕੇ ਨਿੱਕੇ ਬੱਚੇ ਵੀ ਸਰਕਾਰ ਵਿਰੁੱਧ ਨਾਅਰੇ ਲਾ ਰਹੇ ਹਨ। ਨੌਜਵਾਨ ਸ਼ੋਸਲ ਮੀਡੀਆ ’ਤੇ ਵੀ ਸਰਕਾਰ ਤੇ ਭਾਜਪਾ ਦੇ ਆਈਟੀ ਸੈੱਲਾਂ ਖ਼ਿਲਾਫ਼ ਡਟੇ ਹੋਏ ਹਨ। ਪੰਜਾਬ ਦੇ ਨੌਜਵਾਨਾਂ ਨੇ ਦਿੱਲੀ ਵਿੱਚ ਜੋ ਮੋਦੀ ਸਰਕਾਰ ਵਿਰੁੱਧ ਪੱਕੇ ਡੇਰੇ ਲਾਏ, ਉਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਇਸ ਵਾਰ ਨੌਜਵਾਨਾਂ ਨੂੰ ਪਤਾ ਲੱਗ ਗਿਆ ਹੈ ਕਿ ਜੇ ਇਹ ਕਾਲੇ ਕਾਨੂੰਨ ਲਾਗੂ ਹੋ ਗਏ ਤਾਂ ਪੰਜਾਬ ਦੀ ਖੇਤੀ ਤਬਾਹ ਹੋ ਜਾਵੇਗੀ।
ਸੁਖਦੇਵ ਸਿੱਧੂ ਕੁਸਲਾ, ਤਹਿ. ਸਰਦੂਲਗੜ੍ਹ, ਮਾਨਸਾ। ਸੰਪਰਕ: 94650-33331


ਕਿਸਾਨ, ਮਜ਼ਦੂਰ ਤੇ ਨੌਜਵਾਨ ਏਕਤਾ ਸ਼ਲਾਘਾਯੋਗ

ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਵਿੱਚ ਖੇਤੀ ਸੰਘਰਸ਼ ਦਾ ਚੱਲਣਾ ਬੇਹੱਦ ਦੁਖਦਾਈ ਗੱਲ ਹੈ। ਇਸ ਸੰਘਰਸ਼ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਨੇ ਜੋ ਏਕਤਾ ਬਣਾਈ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਸੰਘਰਸ਼ ਵਿੱਚ ਪੰਜਾਬ ਦੀ ਨੌਜਵਾਨੀ ਵਧ ਚੜ੍ਹ ਕੇ ਯੋਗਦਾਨ ਪਾ ਰਹੀ ਹੈ। ਹੁਣ ਤੋਂ ਤਿੰਨ ਕੁ ਮਹੀਨੇ ਪਹਿਲਾਂ ਦੇ ਨੌਜਵਾਨ ਅਤੇ ਅੱਜ ਦੇ ਨੌਜਵਾਨ ਵਿੱਚ ਫਰਕ ਦਿਸਣ ਲੱਗਾ ਹੈ। ਪਹਿਲਾਂ ਨੌਜਵਾਨਾਂ ਨੇ ਆਪਣੇ ਅਤੇ ਆਪਣੇ ਦੇਸ਼ ਤੇ ਸਮਾਜ ਦੀ ਖ਼ਾਤਰ ਜਿਊਣਾ ਛੱਡ ਦਿੱਤਾ ਸੀ ਅਤੇ ਆਪਣੇ ਰਸਤਿਆਂ ਤੋਂ ਭਟਕਣ ਲੱਗ ਪਏ ਸਨ, ਬਹੁਤਿਆਂ ਨੂੰ ਨਸ਼ਿਆਂ ਨੇ ਖਾ ਲਿਆ ਅਤੇ ਜੋ ਬਚੇ ਉਹ ਵਿਦੇਸ਼ੀਂ ਉਡਾਰੀ ਮਾਰ ਗਏ। ਕਿਸਾਨੀ ਸੰਘਰਸ਼ ਨੇ ਨੌਜਵਾਨਾਂ ਦੇ ਅੰਦਰਲੇ ਜ਼ਮੀਰ ਨੂੰ ਜਗਾਇਆ ਹੈ ਅਤੇ ਨੌਜਵਾਨਾਂ ਵਿੱਚ ਜੋਸ਼ ਆਇਆ ਹੈ। ਹੁਣ ਉਨ੍ਹਾਂ ਨੂੰ ਆਪਣੀ ਅਸਲੀ ਹੋਂਦ ਦਾ ਪਤਾ ਲੱਗਣ ਲੱਗਾ ਹੈ।
ਪ੍ਰੀਤ ਇੰਦਰ ਕੌਰ, ਤਲਵੰਡੀ ਸਾਬੋ, ਬਠਿੰਡਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All