DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨੌਜਵਾਨਾਂ ਨੂੰ ਨਸ਼ਿਆਂ ਦੀ ਘੁਣ: ਮਲੂਕ ਮਨ ਪੜ੍ਹਨ ਦੀ ਲੋੜ

ਪੜ੍ਹਾਈ ਨੌਜਵਾਨ ਲਈ ਉਹ ਦੀਵਾ ਹੈ, ਜਿਸ ਨਾਲ ਉਹ ਆਪਣੇ ਭਵਿੱਖ ਨੂੰ ਰੁਸ਼ਨਾ ਸਕਦਾ ਹੈ। ਇਹ ਸਿਰਫ਼ ਕਿਤਾਬਾਂ, ਇਮਤਿਹਾਨਾਂ ਅਤੇ ਅੰਕਾਂ ਦੀ ਤੱਕ ਸੀਮਿਤ ਨਹੀਂ ਹੁੰਦੀ। ਪੜ੍ਹਾਈ ਮਨੁੱਖ ਨੂੰ ਅਨੁਸ਼ਾਸਨ ਸਿਖਾਉਂਦੀ, ਧੀਰਜ ਦਿੰਦੀ, ਸੋਚਣ ਦੀ ਸਮਰੱਥਾ ਬਖ਼ਸ਼ਦੀ ਅਤੇ ਉਸ ਅੰਦਰ...

  • fb
  • twitter
  • whatsapp
  • whatsapp
Advertisement

ਪੜ੍ਹਾਈ ਨੌਜਵਾਨ ਲਈ ਉਹ ਦੀਵਾ ਹੈ, ਜਿਸ ਨਾਲ ਉਹ ਆਪਣੇ ਭਵਿੱਖ ਨੂੰ ਰੁਸ਼ਨਾ ਸਕਦਾ ਹੈ। ਇਹ ਸਿਰਫ਼ ਕਿਤਾਬਾਂ, ਇਮਤਿਹਾਨਾਂ ਅਤੇ ਅੰਕਾਂ ਦੀ ਤੱਕ ਸੀਮਿਤ ਨਹੀਂ ਹੁੰਦੀ। ਪੜ੍ਹਾਈ ਮਨੁੱਖ ਨੂੰ ਅਨੁਸ਼ਾਸਨ ਸਿਖਾਉਂਦੀ, ਧੀਰਜ ਦਿੰਦੀ, ਸੋਚਣ ਦੀ ਸਮਰੱਥਾ ਬਖ਼ਸ਼ਦੀ ਅਤੇ ਉਸ ਅੰਦਰ ਇਹ ਯਕੀਨ ਜਗਾਉਂਦੀ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਕਿਸੇ ਚੰਗੀ ਦਿਸ਼ਾ ਵੱਲ ਮੋੜ ਸਕਦਾ ਹੈ। ਜਦੋਂ ਕੋਈ ਵਿਦਿਆਰਥੀ ਨਸ਼ੇ ਦੀ ਜਕੜ ਵਿੱਚ ਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੀ ਪੜ੍ਹਾਈ ਝਟਕਾ ਖਾਂਦੀ ਹੈ। ਨਸ਼ਾ ਪਹਿਲਾਂ ਕਿਤਾਬਾਂ ਤੋਂ ਧਿਆਨ ਹਟਾਉਂਦਾ ਹੈ, ਫਿਰ ਕਲਾਸ, ਫਿਰ ਸੁਪਨਿਆਂ ਅਤੇ ਆਖ਼ਰ ਵਿੱਚ ਮਨੁੱਖ ਨੂੰ ਖ਼ੁਦ ਤੋਂ ਦੂਰ ਕਰ ਦਿੰਦਾ ਹੈ।

ਹਾਲਾਂਕਿ ਇਸ ਉਮਰ ਵਿੱਚ ਦਿਮਾਗ਼ ਅਜੇ ਵਿਕਸਿਤ ਹੋ ਰਿਹਾ ਹੁੰਦਾ ਹੈ। ਇਸ ਉਮਰ ਵਿੱਚ ਯਾਦ ਰੱਖਣ ਦੀ ਸ਼ਕਤੀ, ਧਿਆਨ ਲਾਉਣ ਦੀ ਸਮਰੱਥਾ, ਫ਼ੈਸਲਾ ਕਰਨ ਦੀ ਸੂਝ ਅਤੇ ਆਪਣੇ ਭਵਿੱਖ ਬਾਰੇ ਸੋਚਣ ਦੀ ਯੋਗਤਾ ਬਹੁਤ ਮਹੱਤਵਪੂਰਨ ਹੁੰਦੀ ਹੈ, ਪਰ ਸ਼ਰਾਬ ਜਾਂ ਹੋਰ ਸਿੰਥੈਟਿਕ ਨਸ਼ੇ ਇਨ੍ਹਾਂ ਸਾਰੀਆਂ ਸਮਰੱਥਾਵਾਂ ਨੂੰ ਕਮਜ਼ੋਰ ਕਰ ਦਿੰਦੇ ਹਨ। ਜਿਹੜਾ ਵਿਦਿਆਰਥੀ ਕਦੇ ਅਧਿਆਪਕ ਦੀ ਗੱਲ ਧਿਆਨ ਨਾਲ ਸੁਣਦਾ ਸੀ, ਉਹ ਕਲਾਸ ਵਿੱਚ ਬੈਠਾ ਵੀ ਗ਼ੈਰਹਾਜ਼ਰ ਹੋਣ ਲੱਗਦਾ ਹੈ। ਉਸ ਦੇ ਸਾਹਮਣੇ ਕਿਤਾਬ ਖੁੱਲ੍ਹੀ ਹੁੰਦੀ ਹੈ, ਪਰ ਮਨ ਕਿਤੇ ਹੋਰ ਭਟਕ ਰਿਹਾ ਹੁੰਦਾ ਹੈ। ਨਸ਼ਾ ਵਿਦਿਆਰਥੀ ਤੋਂ ਅੰਕ ਨਹੀਂ ਖੋਂਹਦਾ ਸਗੋਂ ਉਸ ਤੋਂ ਧਿਆਨ ਵੀ ਖੋਹ ਲੈਂਦਾ ਹੈ। ਹੌਲੀ-ਹੌਲੀ ਉਸ ਨੂੰ ਪੜ੍ਹਿਆ ਹੋਇਆ ਯਾਦ ਨਹੀਂ ਰਹਿੰਦਾ। ਘਰ ਦਾ ਕੰਮ ਅਧੂਰਾ ਰਹਿਣ ਲੱਗਦਾ ਹੈ। ਅਸਾਈਨਮੈਂਟ ਸਮੇਂ ’ਤੇ ਪੂਰੇ ਨਹੀਂ ਹੁੰਦੇ। ਪਹਿਲਾਂ ਜਿਹੜੀ ਗੱਲ ਸਿਰਫ਼ ਇੱਕ ਦਿਨ ਦੀ ਕਮੀ ਲੱਗਦੀ ਹੈ, ਉਹ ਕੁਝ ਸਮੇਂ ਬਾਅਦ ਆਦਤ ਬਣ ਜਾਂਦੀ ਹੈ। ਵਿਦਿਆਰਥੀ ਦੇ ਅੰਕ ਘਟਣ ਲੱਗਦੇ ਹਨ, ਅਧਿਆਪਕਾਂ ਦੀਆਂ ਨਜ਼ਰਾਂ ਬਦਲਣ ਲੱਗਦੀਆਂ ਹਨ, ਘਰ ਵਿੱਚ ਸਵਾਲ ਵਧਣ ਲੱਗਦੇ ਹਨ ਅਤੇ ਵਿਦਿਆਰਥੀ ਅੰਦਰੋਂ ਹੋਰ ਬੇਚੈਨ ਹੋ ਜਾਂਦਾ ਹੈ। ਕਈ ਵਾਰੀ ਉਹ ਬੇਚੈਨੀ ਤੋਂ ਬਚਣ ਲਈ ਵੀ ਨਸ਼ੇ ਵੱਲ ਮੁੜਦਾ ਹੈ। ਅਜਿਹੇ ਵਿੱਚ ਪੜ੍ਹਾਈ ਦੀ ਕਮਜ਼ੋਰੀ ਅਤੇ ਨਸ਼ੇ ਦੀ ਗ੍ਰਿਫ਼ਤ ਇੱਕ-ਦੂਜੇ ਨੂੰ ਹੋਰ ਮਜ਼ਬੂਤ ਕਰਦੀਆਂ ਜਾਂਦੀਆਂ ਹਨ।

Advertisement

ਕਈ ਵਿਦਿਆਰਥੀ ਸੁਸਤੀ, ਬੇਰੁਖ਼ੀ ਜਾਂ ਆਪਣੇ ਵਰਤਾਅ ਨੂੰ ਲੁਕਾਉਣ ਲਈ ਕਲਾਸਾਂ ਛੱਡਣ ਲੱਗ ਪੈਂਦੇ ਹਨ। ਉਹ ਸਕੂਲ ਜਾਂ ਕਾਲਜ ਨਾਲੋਂ ਟੁੱਟਣ ਲੱਗਦੇ ਹਨ ਕਿਉਂਕਿ ਉੱਥੇ ਉਨ੍ਹਾਂ ਨੂੰ ਆਪਣੀ ਨਿੱਘਰਦੀ ਹਾਲਤ ਦਾ ਸਾਹਮਣਾ ਕਰਨਾ ਪੈਂਦਾ ਹੈ। ਨਿਯਮਿਤ ਗ਼ੈਰਹਾਜ਼ਰੀ ਸਿਰਫ਼ ਪੜ੍ਹਾਈ ਨੂੰ ਨਹੀਂ ਮਾਰਦੀ; ਉਹ ਵਿਦਿਆਰਥੀ ਦਾ ਭਰੋਸਾ ਅਤੇ ਉਸ ਦਾ ਭਵਿੱਖ ਵੀ ਖ਼ਤਮ ਕਰ ਦਿੰਦੀ ਹੈ। ਜਦੋਂ ਵਿਦਿਆਰਥੀ ਖ਼ੁਦ ਨੂੰ ਹਾਰਿਆ ਹੋਇਆ ਮੰਨ ਲਵੇ ਤਾਂ ਸਭ ਤੋਂ ਪਹਿਲਾਂ ਉਸ ਦੇ ਸੁਪਨੇ ਟੁੱਟਦੇ ਹਨ। ਨਸ਼ੇ ਨਾਲ ਵਿਹਾਰ ਵਿੱਚ ਵੀ ਵੱਡਾ ਬਦਲਾਅ ਆਉਂਦਾ ਹੈ। ਕੋਈ ਵਿਦਿਆਰਥੀ ਅਚਾਨਕ ਚਿੜਚਿੜਾ ਹੋ ਸਕਦਾ ਹੈ, ਕੋਈ ਬਹੁਤ ਚੁੱਪ, ਕੋਈ ਬੇਪਰਵਾਹ ਤੇ ਕੋਈ ਹਮਲਾਵਰ। ਇਸ ਦੌਰਾਨ ਅਧਿਆਪਕਾਂ ਨਾਲ ਰਿਸ਼ਤਾ ਖ਼ਰਾਬ ਹੋਣ ਲੱਗਦਾ ਹੈ। ਸਾਥੀਆਂ ਨਾਲ ਦੂਰੀ ਪੈ ਜਾਂਦੀ ਹੈ। ਸਕੂਲ ਕਾਲਜ ਕਦੇ ਸਿੱਖਣ ਥਾਂ ਜਾਪਦਾ ਸੀ, ਪਰ ਫਿਰ ਉਸ ਨੂੰ ਸਜ਼ਾ ਵਾਲੀ ਥਾਂ ਲੱਗਣ ਲੱਗਦਾ ਹੈ। ਕਈ ਵਾਰੀ ਝਿੜਕਾਂ, ਮੁਅੱਤਲੀ ਜਾਂ ਹੋਰ ਕਾਰਵਾਈ ਉਸ ਨੂੰ ਹੋਰ ਦੂਰ ਧੱਕ ਦਿੰਦੀ ਹੈ। ਜੇ ਇਸ ਵੇਲੇ ਸਮਝਦਾਰੀ ਨਾਲ ਹੱਥ ਨਾ ਫੜਿਆ ਜਾਵੇ ਤਾਂ ਵਿਦਿਆਰਥੀ ਪੜ੍ਹਾਈ ਤੋਂ ਹੀ ਦੂਰ ਨਹੀਂ ਹੁੰਦਾ ਸਗੋਂ ਸਮਾਜ ’ਚ ਸਹੀ ਰਸਤੇ ਤੋਂ ਵੀ ਭਟਕ ਸਕਦਾ ਹੈ। ਮਾੜੀ ਸੰਗਤ ਇਸ ਭਟਕਣ ਨੂੰ ਹੋਰ ਵਧਾਉਂਦੀ ਹੈ। ਜਦੋਂ ਵਿਦਿਆਰਥੀ ਅਜਿਹੇ ਦੋਸਤਾਂ ਵਿੱਚ ਪੈ ਜਾਂਦਾ ਹੈ ਜਿੱਥੇ ਨਸ਼ੇ ਨੂੰ ਆਮ ਗੱਲ, ਮਰਦਾਨਗੀ ਜਾਂ ਮਜ਼ੇ ਦਾ ਨਾਂ ਦਿੱਤਾ ਜਾਂਦਾ ਹੈ ਤਾਂ ਪੜ੍ਹਾਈ ਹੌਲੀ-ਹੌਲੀ ਪਿੱਛੇ ਰਹਿ ਜਾਂਦੀ ਹੈ। ਉਸ ਦੇ ਅੰਦਰਲੇ ਮਕਸਦ ਦੀ ਥਾਂ, ਟੋਲੀ ਵਿੱਚ ਕਬੂਲ ਹੋਣ ਦੀ ਲੋੜ ਲੈ ਲੈਂਦੀ ਹੈ। ਉਹ ਆਪਣੇ ਸੁਪਨਿਆਂ ਨਾਲੋਂ ਵੱਧ ਇਸ ਗੱਲ ਬਾਰੇ ਸੋਚਣ ਲੱਗਦਾ ਹੈ ਕਿ ਦੋਸਤ ਉਸ ਨੂੰ ਕਿਵੇਂ ਦੇਖਦੇ ਹਨ। ਕਈ ਵਾਰੀ ਸਭ ਤੋਂ ਹੋਣਹਾਰ ਵਿਦਿਆਰਥੀ ਵੀ ਸਿਰਫ਼ ਇਸ ਡਰ ਕਰ ਕੇ ਇਸ ਜਿੱਲ੍ਹਣ ’ਚ ਡਿੱਗ ਪੈਂਦੇ ਹਨ ਕਿ ਕਿਤੇ ਉਹ ‘ਅਲੱਗ’ ਨਾ ਸਮਝੇ ਜਾਣ।

Advertisement

ਸਕੂਲ ਕਾਲਜ ਸਿਰਫ਼ ਇਮਾਰਤਾਂ ਨਹੀਂ ਹੁੰਦੇ। ਉਹ ਵਿਦਿਆਰਥੀਆਂ ਦੇ ਮਨ ਮਸਤਕ ਦੀ ਬਣਤਰ ਦੇ ਘਰ ਹੁੰਦੇ ਹਨ। ਉੱਥੇ ਉਹ ਸਿਰਫ਼ ਵਿਸ਼ੇ ਨਹੀਂ ਪੜ੍ਹਦਾ; ਦੋਸਤੀ, ਮੁਕਾਬਲਾ ਤੇ ਹਾਰ ਸਹਿਣਾ ਸਿੱਖਦਾ ਹੈ ਤੇ ਆਪਣੀ ਪਛਾਣ ਬਣਾਉਂਦਾ ਹੈ, ਪਰ ਨਸ਼ਾ ਇਹ ਸਾਰੇ ਰਿਸ਼ਤੇ ਤੋੜ ਦਿੰਦਾ ਹੈ। ਉਹ ਸੁਰੱਖਿਅਤ ਥਾਂ ਨੂੰ ਸ਼ੱਕ, ਚੁੱਪ ਤੇ ਚਿੰਤਾ ਨਾਲ ਭਰ ਦਿੰਦਾ ਹੈ। ਪੜ੍ਹਾਈ ਸਿਰਫ਼ ਨੌਕਰੀ ਲਈ ਨਹੀਂ ਹੁੰਦੀ, ਪੜ੍ਹਾਈ ਮਨੁੱਖ ਨੂੰ ਅੰਦਰੋਂ ਮਜ਼ਬੂਤ ਕਰਦੀ ਹੈ। ਜਿਹੜੇ ਵਿਦਿਆਰਥੀ ਨਸ਼ੇ ਤੋਂ ਦੂਰ ਰਹਿੰਦੇ ਹਨ, ਉਨ੍ਹਾਂ ਅੰਦਰ ਇੱਕ ਵੱਖਰੀ ਸਥਿਰਤਾ ਹੁੰਦੀ ਹੈ। ਉਹ ਕਲਾਸ ਵਿੱਚ ਧਿਆਨ ਨਾਲ ਬੈਠਦੇ, ਨਿਯਮਿਤ ਸਕੂਲ ਜਾਂਦੇ, ਕੰਮ ਸਮੇਂ ’ਤੇ ਕਰਦੇ ਅਤੇ ਹੌਲੀ-ਹੌਲੀ ਆਪਣੇ ਅੰਦਰ ਵਿਸ਼ਵਾਸ ਪੈਦਾ ਕਰਦੇ ਹਨ। ਖੇਡਾਂ, ਵਾਦ-ਵਿਵਾਦ, ਸਾਹਿਤਕ ਗਤੀਵਿਧੀਆਂ, ਸੱਭਿਆਚਾਰਕ ਪ੍ਰੋਗਰਾਮ ਆਦਿ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰਦੇ ਹਨ। ਇਹ ਤਜਰਬੇ ਉਨ੍ਹਾਂ ਨੂੰ ਸਿਰਫ਼ ਚੰਗਾ ਵਿਦਿਆਰਥੀ ਹੀ ਨਹੀਂ ਸਗੋਂ ਚੰਗਾ ਮਨੁੱਖ ਬਣਾਉਂਦੇ ਹਨ। ਵੇਲਾ ਸੰਭਾਲਣਾ, ਟੀਮ ਵਿੱਚ ਕੰਮ ਕਰਨਾ, ਹਾਰ ਕੇ ਮੁੜ ਉੱਠਣਾ- ਇਹ ਸਭ ਕੁਝ ਕਿਤਾਬਾਂ ਤੋਂ ਬਾਹਰ ਦੀ ਪੜ੍ਹਾਈ ਹੈ।

ਇਸ ਲਈ ਸਕੂਲ/ਕਾਲਜ, ਅਧਿਆਪਕ ਅਤੇ ਮਾਪੇ ਇਕੱਠੇ ਹੋ ਕੇ ਹੀ ਵਿਦਿਆਰਥੀਆਂ ਨੂੰ ਬਚਾ ਸਕਦੇ ਹਨ। ਅਧਿਆਪਕ ਨੂੰ ਸਿਰਫ਼ ਅੰਕ ਨਹੀਂ ਦੇਖਣੇ ਚਾਹੀਦੇ; ਉਸ ਨੂੰ ਬੱਚੇ ਦੀ ਚੁੱਪ, ਅੱਖਾਂ ਦੀ ਥਕਾਵਟ, ਘਟਦੀ ਹਾਜ਼ਰੀ, ਉਸ ਦੇ ਬਦਲਦੇ ਦੋਸਤ ਅਤੇ ਵਿਹਾਰ ਨੂੰ ਵੀ ਪੜ੍ਹਨਾ ਪਵੇਗਾ। ਕਈ ਵਾਰ ਸਮੇਂ ਸਿਰ ਕੀਤੀ ਗਈ ਗੱਲਬਾਤ ਜਾਂ ਕਾਊਂਸਲਿੰਗ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ। ਇਸ ਮਾਮਲੇ ’ਚ ਮਾਪਿਆਂ ਦੀ ਭੂਮਿਕਾ ਵੀ ਘੱਟ ਨਹੀਂ। ਘਰ ਵਿੱਚ ਖੁੱਲ੍ਹੀ ਗੱਲਬਾਤ, ਭਰੋਸਾ ਅਤੇ ਬੱਚੇ ਦੀ ਪੜ੍ਹਾਈ ਵਿੱਚ ਸੱਚੀ ਦਿਲਚਸਪੀ ਬਹੁਤ ਫ਼ਰਕ ਪਾ ਸਕਦੀ ਹੈ। ਮਾਪਿਆਂ ਨੂੰ ਸਿਰਫ਼ ਇਹ ਨਹੀਂ ਪੁੱਛਣਾ ਚਾਹੀਦਾ, ‘‘ਕਿੰਨੇ ਨੰਬਰ ਆਏ?’’ ਕਈ ਵਾਰੀ ਇਹ ਵੀ ਪੁੱਛਣਾ ਚਾਹੀਦਾ ਹੈ, ‘‘ਤੂੰ ਠੀਕ ਹੈਂ?’’ ਕਿਉਂਕਿ ਕਈ ਬੱਚੇ ਅੰਕਾਂ ਤੋਂ ਪਹਿਲਾਂ ਅੰਦਰੋਂ ਡਿੱਗ ਰਹੇ ਹੁੰਦੇ ਹਨ। ਜੇ ਘਰ ਵਿੱਚ ਪਿਆਰ ਦੇ ਨਾਲ ਸਾਵਧਾਨੀ ਹੋਵੇ ਤਾਂ ਬੱਚਾ ਮੁਸੀਬਤ ਆਉਣ ਤੋਂ ਪਹਿਲਾਂ ਹੀ ਆਪਣੀ ਗੱਲ ਕਹਿ ਸਕਦਾ ਹੈ। ਵਿਦਿਅਕ ਸੰਸਥਾਵਾਂ ਵਿੱਚ ਨਸ਼ਿਆਂ ਬਾਰੇ ਜਾਗਰੂਕਤਾ ਸਿਰਫ਼ ਰਸਮੀ ਭਾਸ਼ਣਾਂ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ। ਵਿਦਿਆਰਥੀਆਂ ਨੂੰ ਅਸਲ ਜ਼ਿੰਦਗੀ ਦੀਆਂ ਕਹਾਣੀਆਂ, ਨਸ਼ਾਖੋਰੀ ਬਾਰੇ ਸਮਝ, ਦਿਮਾਗ਼ ਉੱਤੇ ਪੈਣ ਵਾਲੇ ਅਸਰ ਅਤੇ ਮਦਦ ਲੈਣ ਦੇ ਰਸਤੇ ਬਾਰੇ ਸੰਵੇਦਨਸ਼ੀਲ ਢੰਗ ਨਾਲ ਦੱਸਣਾ ਚਾਹੀਦਾ ਹੈ। ਕਾਊਂਸਲਿੰਗ ਸੇਵਾਵਾਂ ਮਜ਼ਬੂਤ ਹੋਣੀਆਂ ਚਾਹੀਦੀਆਂ ਹਨ। ਮੁੜ-ਵਸੇਬਾ ਕੇਂਦਰਾਂ ਅਤੇ ਵਿਦਿਅਕ ਸੰਸਥਾਵਾਂ ਵਿਚਕਾਰ ਐਸਾ ਸੰਪਰਕ ਹੋਵੇ, ਜਿਸ ਸਦਕਾ ਵਿਦਿਆਰਥੀ ਨੂੰ ਸਜ਼ਾ ਦੀ ਥਾਂ ਸਹਾਰਾ ਮਿਲ ਸਕੇ।

ਇਹ ਉਹ ਸਮਾਂ ਹੁੰਦਾ ਹੈ ਜਦੋਂ ਵਿਦਿਆਰਥੀ ਜਾਣਦਾ ਹੈ ਕਿ ਉਸ ਨੂੰ ਕਿਹੜੀ ਗੱਲ ਨਾਲ ਪਿਆਰ ਹੈ, ਉਸ ਅੰਦਰ ਕਿਹੜੀ ਕਾਬਲੀਅਤ ਹੈ ਅਤੇ ਉਹ ਕਿਹੜੇ ਰਾਹ ਤੁਰ ਸਕਦਾ ਹੈ। ਨਸ਼ੇ ਤੋਂ ਦੂਰ ਰਹਿਣਾ ਸਿਰਫ਼ ਸਿਹਤ ਸਬੰਧੀ ਫ਼ੈਸਲਾ ਨਹੀਂ ਸਗੋਂ ਇਹ ਆਪਣੀ ਪੜ੍ਹਾਈ, ਸੁਪਨਿਆਂ, ਮਾਪਿਆਂ ਦੇ ਭਰੋਸੇ ਅਤੇ ਆਪਣੇ ਭਵਿੱਖ ਦੀ ਰੱਖਿਆ ਕਰਨ ਦਾ ਫ਼ੈਸਲਾ ਹੈ।

ਸੰਪਰਕ: 79863-07793

Advertisement
×