ਨੌਜਵਾਨ ਸੋਚ: ਭਗਤੀ ਲਹਿਰ ਚਿੰਤਨ ਪਰੰਪਰਾ : The Tribune India

ਨੌਜਵਾਨ ਸੋਚ: ਭਗਤੀ ਲਹਿਰ ਚਿੰਤਨ ਪਰੰਪਰਾ

ਨੌਜਵਾਨ ਸੋਚ: ਭਗਤੀ ਲਹਿਰ ਚਿੰਤਨ ਪਰੰਪਰਾ

ਭਗਤੀ ਲਹਿਰ ਦੇ ਮਹਾਨ ਸੰਤ ਭਗਤ ਰਵਿਦਾਸ ਜੀ

ਮੱਧਕਾਲੀ ਭਾਰਤ ਵਿੱਚ ਚੱਲੀ ਭਗਤੀ ਲਹਿਰ ਵਿੱਚ ਸੰਤ ਰਵਿਦਾਸ ਜੀ ਦਾ ਬਹੁਤ ਵਡਮੁੱਲਾ ਯੋਗਦਾਨ ਹੈ। ਉਨ੍ਹਾਂ ਉਸ ਵੇਲੇ ਦੀਆਂ ਸਮਾਜਿਕ ਅਤੇ ਧਾਰਮਿਕ ਕੁਰੀਤੀਆਂ, ਜਾਤੀਵਾਦ, ਨਾਬਰਾਬਰੀ, ਬ੍ਰਹਮਣਵਾਦ, ਕਰਮ ਕਾਂਡ ਅਤੇ ਧਾਰਮਿਕ ਕੱਟੜਤਾ ਖਿਲਾਫ ਆਵਾਜ਼ ਬੁਲੰਦ ਕੀਤੀ। ਰਵਿਦਾਸ ਜੀ ਕ੍ਰਾਂਤੀਕਾਰੀ ਸੋਚ ਦੇ ਮਾਲਕ ਸਨ। ਉਹ ਆਪਣੀ ਬਾਣੀ ਵਿੱਚ ਲਿਖਦੇ ਹਨ: ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨੁ।। ਛੋਟ ਬੜੇ ਸਬ ਸੰਗ ਬਸੈ, ਰਵਿਦਾਸ ਰਹੈਂ ਪ੍ਰਸੰਨ।। ਰਵਿਦਾਸ ਜੀ ਆਪਣੀ ਬਾਣੀ ਵਿੱਚ ਅਜਿਹੇ ਰਾਜ ਦੀ ਕਲਪਨਾ ਕਰਦੇ ਹਨ ਜਿੱਥੇ ਹਰ ਕਿਸੇ ਨੂੰ ਭਰਪੂਰ ਭੋਜਨ ਮਿਲੇ, ਉੱਚ ਪੱਧਰੀ ਅਧਿਕਾਰ ਮਿਲਣ, ਕੋਈ ਭੁੱਖਾ ਨਾ ਰਹੇ। ਜਿੱਥੇ ਹੇਠਲੇ ਅਤੇ ਉੱਚ ਵਰਗ ਵਿੱਚ ਕੋਈ ਵਿਤਕਰਾ ਨਾ ਹੋਵੇ, ਫਿਰ ਰਵਿਦਾਸ ਜੀ ਖ਼ੁਸ਼ ਹੋਣਗੇ। ਇਸੇ ਤਰ੍ਹਾਂ ਉਨ੍ਹਾਂ ‘ਬੇਗਮਪੁਰਾ’ ਦਾ ਸੰਕਲਪ ਦਿੱਤਾ – ਭਾਵ ਬੇ-ਗ਼ਮ-ਪੁਰਾ ਅਰਥਾਤ ਅਜਿਹਾ ਸ਼ਹਿਰ ਜਿੱਥੇ ਕੋਈ ਗ਼ਮ ਨਾ ਹੋਵੇ, ਕੋਈ ਦੁੱਖ ਤਕਲੀਫ਼ ਨਾ ਹੋਵੇ। ਪੰ ਅੱਜੋਕੇ ਸਮੇਂ ਵਿੱਚ ਸੰਤਾਂ-ਮਹਾਂਪੁਰਸ਼ਾਂ ਨੂੰ ਉਨ੍ਹਾਂ ਦੇ ਜਨਮ ਦਿਨ ਸਮੇਂ ਹੀ ਯਾਦ ਕੀਤਾ ਜਾਂਦਾ ਹੈ, ਉਹ ਵੀ ਮਹਿਜ਼ ਰਸਮੀ ਢੰਗ ਨਾਲ। ਉਨ੍ਹਾਂ ਦੇ ਵਿਚਾਰਾਂ ਤੇ ਸਿੱਖਿਆਵਾਂ ਨੂੰ ਮੰਨਣ ਅਤੇ ਉਨ੍ਹਾਂ ਉਤੇ ਚੱਲਣ ਬਾਰੇ ਸ਼ਾਇਦ ਹੀ ਕੋਈ ਸੋਚਦਾ ਹੋਵੇ। ਇਸ ਤਰ੍ਹਾਂ ਅਸੀਂ ਮਹਾਨ ਮਹਾਂਪੁਰਸ਼ਾਂ ਦੀਆਂ ਮਹਾਨ ਸਿੱਖਿਆਵਾਂ ਦਾ ਲਾਹਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਾਂ ਅਤੇ ਇਸੇ ਕਾਰਨ ਅੱਜ ਵੀ ਸਮਾਜ ਵਿਚ ਉਹ ਕੁਰੀਤੀਆਂ ਕੁਰੀਤੀਆਂ ਜਾਰੀ ਹਨ, ਜਿਨ੍ਹਾਂ ਖ਼ਿਲਾਫ਼ ਉਨ੍ਹਾਂ ਆਪਣੀ ਆਵਾਜ਼ ਬੁਲੰਦ ਕੀਤੀ।

ਗੁਰਮੀਤ ਸਿੰਘ ਰੌਣੀ, ਲੁਧਿਆਣਾ। ਸੰਪਰਕ: 99148-90230


ਭਗਤੀ ਲਹਿਰ ਵਿੱਚੋਂ ‘ਭਗਤੀ ਅੰਦੋਲਨ’ ਪੈਦਾ ਹੋਇਆ

ਭਗਤੀ ਲਹਿਰ ਦਾ ਆਰੰਭ ਅੱਠਵੀਂ ਸਦੀ ਵਿੱਚ ਦੱਖਣੀ ਭਾਰਤ ਵਿੱਚ ਹੋਇਆ। ਇਸ ਲਹਿਰ ਨੂੰ ਦੱਖਣੀ ਭਾਰਤ ਵਿੱਚ ਚਲਾਉਣ ਵਾਲੇ ‘ਰਾਮਾਨੁਜ’ ਜੀ ਤੇ ਉੱਤਰੀ ਭਾਰਤ ਵਿੱਚ ‘ਰਾਮਾਨੰਦ’ ਜੀ ਹੋਏ ਹਨ। ਭਗਤੀ ਲਹਿਰ ਨਾਲ ਜੁੜੇ ਭਗਤਾਂ ਨੇ ਵੀ ਨਾਥ-ਜੋਗੀਆਂ ਤੇ ਸੂਫੀਆਂ ਵਾਂਗ ਆਪਣੀ ਰਚਨਾ ਦਾ ਉਚਾਰਨ ਰਾਗਾਂ ਵਿੱਚ ਕੀਤਾ, ਜਿਨ੍ਹਾਂ ਉਪਰ ਪੰਜਾਬੀ ਭਾਸ਼ਾ ਦਾ ਪ੍ਰਭਾਵ ਵੀ ਵੇਖਿਆ ਜਾ ਸਕਦਾ ਹੈ। ਭਗਤੀ ਲਹਿਰ ਦਾ ਮੁੱਖ ਉਦੇਸ਼ ਵਿਚ ਸਮਾਜਿਕ ਗੁਲਾਮੀ, ਊਚ ਨੀਚ, ਵਹਿਮ ਭਰਮ, ਜਾਤ ਪਾਤ ਵਰਗੀਆਂ ਕੁਰੀਤੀਆਂ ਤੇ ਠੱਲ੍ਹ ਪਾਉਣਾ ਸੀ। ਭਗਤੀ ਕਾਵਿ ਦੋ ਪ੍ਰਮੁੱਖ ਧਾਰਾਵਾਂ ‘ਨਿਰਗੁਣ ਧਾਰਾ’ ਅਤੇ ‘ਸਰਗੁਣ ਧਾਰਾ’ ਵਿੱਚ ਵੰਡਿਆ ਹੋਇਆ ਹੈ। ਪੰਜਾਬ ਵਿੱਚ ਭਗਤੀ ਕਾਵਿ ਦਾ ਪ੍ਰਧਾਨ ਰੂਪ ਨਿਰਗੁਣ ਧਾਰਾ ਵਾਲਾ ਹੀ ਮਿਲਦਾ ਹੈ। ਭਗਤੀ ਲਹਿਰ ਦੇ ਭਗਤਾਂ - ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਧੰਨਾ ਜੀ ਤੇ ਹੋਰ ਮਹਾਂਪੁਰਸ਼ਾਂ ਨੇ ਆਪਣੇ ਯਤਨਾਂ ਅਤੇ ਰਚਨਾਵਾਂ ਰਾਹੀਂ ਇਸ ਭਗਤੀ ਲਹਿਰ ਨੂੰ ਬਹੁਤ ਪ੍ਰਭਾਵਿਤ ਕੀਤਾ। ਭਗਤ ਕਬੀਰ ਜੀ ਰਾਮਾਨੰਦ ਜੀ ਦੇ ਚੇਲੇ ਸਨ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਕਬੀਰ ਜੀ ਦਾ ਜਨਮ 1398 ਈ. (ਸੰਮਤ 1455) ਵਿੱਚ ਬਨਾਰਸ ਵਿਚ ਹੋਇਆ। ਸਾਰੇ ਭਗਤਾਂ ਵਿੱਚੋਂ ਕਬੀਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਹੈ। ਉਨ੍ਹਾਂ 17 ਰਾਗਾਂ ਵਿੱਚ 225 ਸ਼ਬਦ ਉਚਾਰੇ। ਇਸ ਤੋਂ ਇਲਾਵਾ ‘ਬਾਵਣ ਅੱਖਰੀ’, ‘ਵਾਰ ਸੱਤਵੀਂ’, ਤੇ ‘ਸਲੋਕ ਭਗਤ ਕਬੀਰ ਜੀਉ ਕੇ’ ਸਿਰਲੇਖ ਹੇਠ 243 ਸਲੋਕ ਹਨ।

ਰਾਜਵੀਰ ਕੌਰ ਚਹਿਲ, ਅਸਿਸਟੈਂਟ ਪ੍ਰੋਫੈਸਰ ਪੰਜਾਬੀ, ਬਾਬਾ ਫਰੀਦ ਕਾਲਜ ਆਫ ਐਜੂਕੇਸ਼ਨ ਦਿਉਣ, ਜ਼ਿਲ੍ਹਾ ਬਠਿੰਡਾ।


ਭਗਤੀ ਲਹਿਰ ਦੇ ਮੋਹਰੀ ਸੰਤ ਸਨ ਨਾਮਦੇਵ ਜੀ

ਮੱਧਕਾਲੀਨ ਭਾਰਤ ਵਿੱਚ ਭਗਤੀ ਲਹਿਰ ਸ਼ੁਰੂ ਹੋਈ, ਜਿਸ ਦਾ ਮੁੱਖ ਉਦੇਸ਼ ਸਮਾਜ ਵਿੱਚ ਪ੍ਰਚਲਿਤ ਬੁਰਾਈਆਂ ਨੂੰ ਖਤਮ ਕਰਨਾ ਸੀ। ਇਸ ਲਹਿਰ ਦੇ ਮੂਲ ਸਿਧਾਂਤ ਇੱਕ ਪਰਮਾਤਮਾ ਵਿਚ ਵਿਸ਼ਵਾਸ, ਗੁਰੂ ’ਤੇ ਵਿਸ਼ਵਾਸ, ਆਤਮ ਸਮਰਪਣ ਕਰਨਾ, ਸ਼ੁੱਧ ਜੀਵਨ ਜਿਊਣਾ, ਜਾਤਪਾਤ ਕੋਈ ਵਿੱਚ ਵਿਸ਼ਵਾਸ ਨਾ ਕਰਨਾ, ਖੋਖਲੇ ਰੀਤੀ ਰਿਵਾਜਾਂ ਨੂੰ ਨਾ ਮੰਨਣਾ ਆਦਿ ਸ਼ਾਮਲ ਸਨ। ਇਸ ਲਹਿਰ ਵਿਚ ਸੰਤ ਰਾਮਾਨੁਜ, ਰਾਮਾਨੰਦੁ, ਕਬੀਰ, ਗੁਰੂ ਨਾਨਕ ਦੇਵ, ਸੰਤ ਰਵਿਦਾਸ, ਚੈਤੰਨਯ ਮਹਾਪ੍ਰਭੂ, ਸੰਤ ਨਾਮਦੇਵ ਸਮੇਤ ਹੋਰ ਸੰਤਾਂ ਨੇ ਯੋਗਦਾਨ ਪਾਇਆ। ਭਗਤ ਨਾਮਦੇਵ ਦਾ ਜਨਮ 1270 ਈਸਵੀ ਨੂੰ ਪਿੰਡ ਨਰਸੀ ਬਾਮਨੀ (ਮਹਾਰਾਸ਼ਟਰ) ਵਿੱਚ ਹੋਇਆ। ਉਨ੍ਹਾਂ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਪਰਮਾਤਮਾ ਸਰਬ-ਸ਼ਕਤੀਮਾਨ ਅਤੇ ਸਰਬ-ਵਿਆਪਕ ਹੈ। ਉਨ੍ਹਾਂ ਜਾਤ-ਪਾਤ, ਤੀਰਥ ਯਾਤਰਾ, ਮੂਰਤੀ ਪੂਜਾ, ਯੱਗ ਬਲੀ, ਵਰਤ ਰੱਖਣ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਹਿੰਦੀ ਅਤੇ ਮਰਾਠੀ ਭਾਸ਼ਾਵਾਂ ਵਿਚ ਭਜਨਾਂ ਦੀ ਰਚਨਾ ਕੀਤੀ। ਆਦਿ ਗ੍ਰੰਥ ਵਿਚ ਨਾਮਦੇਵ ਜੀ ਦੇ 18 ਰਾਗਾਂ ਵਿੱਚ ਕੁਲ 61 ਸ਼ਬਦ ਦਰਜ ਹਨ। ਜੀਵਨ ਦਾ ਅੰਤਮ ਸਮਾਂ ਉਨ੍ਹਾਂ ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁਮਾਣ ਵਿੱਚ ਬਤੀਤ ਕੀਤਾ ਤੇ 80 ਵਰ੍ਹਿਆਂ ਦੀ ਉਮਰ ਵਿੱਚ 1350 ਈਸਵੀਂ ਵਿੱਚ ਉਹ ਜੋਤੀ ਜੋਤ ਸਮਾ ਗਏ।

ਕਮਲਜੀਤ ਕੌਰ ਗੁੰਮਟੀ, ਜ਼ਿਲ੍ਹਾ ਬਰਨਾਲਾ।

ਸੰਪਰਕ: 98769-26873

(ਇਹ ਵਿਚਾਰ ਚਰਚਾ ਅਗਲੇ ਅੰਕ ਵਿਚ ਜਾਰੀ ਰਹੇਗੀ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All