ਰਜਨੀ ਭਗਾਣੀਆ
ਅਸੀਂ ਸਭ ਜਾਣਦੇ ਹਾਂ ਕਿ ਅੱਜ ਬੇਰੁਜ਼ਗਾਰੀ ਸਿਖਰਾਂ ’ਤੇ ਹੈ ਅਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਤਾਂ ਕੀ ਸਗੋਂ ਪ੍ਰਾਈਵੇਟ ਨੌਕਰੀਆਂ ਵੀ ਨਹੀਂ ਮਿਲ ਰਹੀਆਂ। ਨੌਕਰੀ ਨਾ ਮਿਲਣ ਦੀ ਸੂਰਤ ਵਿਚ ਅਕਸਰ ਨੌਜਵਾਨ ਵਿਹਲੇ ਰਹਿੰਦੇ ਹਨ। ਜੇ ਉਹ ਆਪਣੀ ਕੀਤੀ ਪੜ੍ਹਾਈ ਦੀ ਵਰਤੋਂ ਖੁਦ ਕਰਨ ਤਾਂ ਉਹ ਵਿਹਲੇ ਨਹੀਂ ਰਹਿ ਸਕਦੇ। ਉਹ ਹੱਥੀਂ ਕੰਮ ਕਰ ਕੇ ਵਧੀਆ ਕਮਾ ਤੇ ਖਾ ਸਕਦੇ ਨੇ, ਭਾਵ ਉਹ ਸਵੈ-ਰੁਜ਼ਗਾਰ ਅਪਣਾ ਸਕਦੇ ਹਨ। ਕਾਫ਼ੀ ਨੌਜਵਾਨ ਅਜਿਹਾ ਕਰਦੇ ਵੀ ਹਨ, ਪਰ ਵੱਡੀ ਗਿਣਤੀ ਪੰਜਾਬੀ ਨੌਜਵਾਨ ਹੱਥੀਂ ਕੰਮ ਕਰਨ ਨੂੰ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਣ ਲੱਗ ਪਏ ਹਨ।
ਸਾਨੂੰ ਅਗਰ ਚੰਗੀ ਨੌਕਰੀ ਨਹੀਂ ਮਿਲ ਰਹੀ ਤਾਂ ਅਸੀਂ ਖੁਦ ਦਾ ਹੀ ਕੋਈ ਕੰਮ ਕਰ ਲਈਏ ਤਾਂ ਸਾਡੀ ਬੇਰੁਜ਼ਗਾਰੀ ਖ਼ਤਮ ਹੋ ਸਕਦੀ ਹੈ। ਜਿਵੇਂ ਕਿਸੇ ਨੂੰ ਖਾਣਾ ਬਣਾਉਣਾ ਆਉਂਦਾ ਹੈ, ਉਹ ਆਪਣੇ ਘਰ ਤੋਂ ਹੀ ਟਿਫਨ ਸਰਵਿਸ ਦੇ ਸਕਦੇ ਹਨ, ਜਿਵੇਂ ਕਿ ਆਏ ਦਿਨ ਦਫ਼ਤਰਾਂ ਵਿੱਚ ਮੁਲਾਜ਼ਮਾਂ ਨੂੰ ਦੁਪਹਿਰ ਦੇ ਖਾਣੇ ਦੀ ਲੋੜ ਰਹਿੰਦੀ ਹੈ। ਜੇ ਕੋਈ ਟਾਇਪਿੰਗ, ਕੰਪਿਊਟਰ ਦਾ ਕੰਮ ਆਦਿ ਜਾਣਦਾ ਹੈ ਤਾਂ ਉਹ ਕਿਸੇ ਸਕੂਲ-ਕਾਲਜ ਨਾਲ ਜੁੜ ਕੇ ਲਿਖਣ/ਟਾਈਪਿੰਗ ਆਦਿ ਦਾ ਕੰਮ ਕਰ ਸਕਦਾ ਹੈ। ਇੰਝ ਹੀ ਹੋਰ ਨੌਜਵਾਨ ਘਰ ਵਿਚ ਬਣਾਈਆਂ ਚੀਜ਼ਾਂ ਵੇਚ ਕੇ ਪੈਸਾ ਕਮਾ ਸਕਦੇ ਨੇ।
ਅੱਜ ਕੱਲ੍ਹ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਨ ਦੀ ਬਹੁਤ ਜ਼ਰੂਰਤ ਪੈਂਦੀ ਹੈ। ਪੜ੍ਹੇ ਲਿਖੇ ਲੋਕ ਬੱਚਿਆਂ ਨੂੰ ਟਿਊਸ਼ਨ ਕੇ ਆਪਣੀ ਕੀਤੀ ਪੜ੍ਹਾਈ ਦਾ ਰੁਜ਼ਗਾਰ ਲਈ ਇਸਤੇਮਾਲ ਕਰ ਸਕਦੇ ਹਨ। ਅੱਜ-ਕੱਲ੍ਹ ਮਕਾਨਾਂ ਦੀ ਬਹੁਤ ਉਸਾਰੀ ਹੋ ਰਹੀ ਹੈ। ਇਸ ਲਈ ਲੱਕੜੀ ਦਾ ਕੰਮ, ਪੱਥਰ ਲਗਾਉਣ ਦਾ ਕੰਮ ਜਲਦੀ ਸਿੱਖ ਕੇ ਕੀਤਾ ਜਾ ਸਕਦਾ ਹੈ। ਇਨ੍ਹਾਂ ਕੰਮਾਂ ਵਿੱਚ ਮਿਹਨਤ ਤਾਂ ਜ਼ਰੂਰੀ ਕਰਨੀ ਪੈਂਦੀ ਹੈ ਪਰ ਇਕ ਦਿਨ ਦੀ ਚੰਗੀ ਦਿਹਾੜੀ ਮਿਲ ਜਾਂਦੀ ਹੈ। ਇਸੇ ਤਰ੍ਹਾਂ ਬਿਜਲੀ ਦਾ ਕੰਮ, ਟੂਟੀਆਂ ਦਾ ਭਾਵ ਪਲੰਬਰ ਦਾ ਕੰਮ, ਹਾਰਡਵੇਅਰ ਮਕੈਨਿਕ ਦਾ, ਰੰਗ-ਰੋਗਨ ਦਾ ਕੰਮ ਵੀ ਹੈ, ਜਿਨ੍ਹਾਂ ਨੂੰ ਕਰ ਕੇ ਵਧੀਆ ਦਿਹਾੜੀ ਪਾਈ ਜਾ ਸਕਦੀ ਹੈ। ਅੱਜ-ਕੱਲ੍ਹ ਕਈ ਵਾਰ ਤਾਂ ਅਜਿਹੇ ਕੰਮਾਂ ਲਈ ਮਕੈਨਿਕ ਲੱਭਿਆਂ ਨਹੀਂ ਲੱਭਦੇ। ਜੇ ਇਹ ਕੰਮ ਕੋਈ ਬੇਰੁਜ਼ਗਾਰ ਪਹਿਲਾਂ ਥੋੜ੍ਹਾ ਦੇਖ ਸਿੱਖ ਕੇ ਬਾਅਦ ਵਿਚ ਆਪਣਾ ਕੰਮ ਕਰਦਾ ਹੈ ਤਾਂ ਉਹ ਬੇਰੁਜ਼ਗਾਰ ਨਹੀਂ ਰਹਿ ਸਕਦਾ। ਅੱਜ ਦੇਖਿਆ ਜਾ ਰਿਹਾ ਹੈ ਕਿ ਔਰਤਾਂ ਵੀ ਰਿਕਸ਼ਾ ਚਲਾ ਰਹੀਆਂ ਨੇ, ਪੈਟਰੋਲ ਪੰਪ ’ਤੇ ਵੀ ਔਰਤਾਂ ਕੰਮ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ। ਜਿਵੇਂ ਫਲ-ਸਬਜ਼ੀਆਂ ਵੀ ਵੇਚੀਆਂ ਜਾ ਸਕਦੀਆਂ ਹਨ। ਮਿਹਨਤ ਦਾ ਕੋਈ ਮਿਹਣਾ ਨਹੀਂ ਹੁੰਦਾ। ਅਸੀਂ ਬੇਰੁਜ਼ਗਾਰ ਹਾਂ ਤਾਂ ਆਪਣੀ ਮਿਹਨਤ ਨਾਲ ਕੋਈ ਵੀ ਕੰਮ ਕਰ ਕੇ ਖਾ ਸਕਦੇ ਹਾਂ। ਗੱਲ ਤਾਂ ਇਹ ਹੈ ਕਿ ਸਾਡੇ ਪੰਜਾਬ ਵਿੱਚ ਕਈ ਲੋਕ ਆਪਣੀ ਬੇਰੁਜ਼ਗਾਰੀ ਨਾਲ ਸੰਘਰਸ਼ ਨਹੀਂ ਕਰਦੇ, ਬਲਕਿ ਚਿੱਟੇ ਵਰਗੇ ਨਸ਼ਿਆਂ ਦੀ ਭੇਟ ਚੜ੍ਹ ਜਾਂਦੇ ਨੇ, ਜਿੱਥੇ ਮਾਂ-ਬਾਪ ਨੂੰ ਕਮਾ ਕੇ ਦੇਣਾ ਹੁੰਦਾ ਹੈ ਉਥੇ ਮਾਪਿਆਂ ਤੋਂ ਪੈਸੇ ਮੰਗਦੇ ਨੇ ਤੇ ਕਈ ਵਾਰ ਲੜਾਈ-ਝਗੜੇ ਵੀ ਕਰਦੇ ਹਨ।
ਪੰਜਾਬ ਵਿਚ ਲੋਕ ਅਜਿਹੇ ਕੰਮਾਂ ਤੋਂ ਪਿੱਛੇ ਹਟਦੇ ਜਾ ਰਹੇ ਨੇ। ਕੁਝ ਵਕਤ ਤੋਂ ਦੇਖਿਆ ਜਾ ਰਿਹਾ ਹੈ ਕਿ ਬਾਹਰਲੇ ਸੂਬਿਆਂ ਤੋਂ ਆਏ ਪਰਵਾਸੀ ਲੋਕ ਇਨ੍ਹਾਂ ਕੰਮਾਂ ਨੂੰ ਬੇਝਿਜਕ ਕਰ ਰਹੇ ਨੇ ਚੰਗੀ ਦਿਹਾੜੀ ਕਮਾ ਰਹੇ ਨੇ। ਅੱਜ ਦੁਕਾਨਾਂ, ਸਬਜ਼ੀ ਵੇਚਣ, ਕਿਸਾਨਾਂ ਦੇ ਖੇਤਾਂ ਵਿੱਚ ਫ਼ਸਲਾਂ ਬੀਜਣ ਤੇ ਵੱਢਣ ਆਦਿ ਦੇ ਜ਼ਿਆਦਾਤਰ ਕੰਮ ਬਾਹਰਲੇ ਸੂਬਿਆਂ ਦੇ ਲੋਕ ਹੀ ਕਰਦੇ ਦਿਖਾਈ ਦਿੰਦੇ ਹਨ ਕਿਉਂਕਿ ਸਾਡੇ ਲੋਕ ਇਨ੍ਹਾਂ ਕੰਮਾਂ ਨੂੰ ਛੋਟਾ ਸਮਝਦੇ ਨੇ ਤੇ ਅਜਿਹੇ ਕੰਮ ਨਹੀਂ ਕਰਨਾ ਚਾਹੁੰਦੇ। ਜ਼ਿਆਦਾਤਰ ਪੰਜਾਬੀ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਨੇ ਪਰ ਪਰ ਉਥੇ ਵੀ ਉਨ੍ਹਾਂ ਨੂੰ ਪਹਿਲਾਂ ਦਿਹਾੜੀ ਹੀ ਕਰਨੀ ਪੈਂਦੀ ਹੈ ਤਾਂ ਕਿਉਂ ਨਾ ਆਪਣੇ ਦੇਸ਼ ਵਿੱਚ ਹੀ ਰਹਿ ਕੇ ਹੱਥੀਂ ਕੰਮ ਕਰਕੇ ਖਾਇਆ ਜਾਵੇ। ਆਪਣੀ ਨੌਜਵਾਨ ਜਨਤਾ ਵੇਹਲੀ ਬੈਠੀ ਹੈ, ਜੇ ਕੋਈ ਰੇਹੜੀ ਵਾਲਾ ਵੀ ਸਾਰਾ ਦਿਨ ਮਿਹਨਤ ਕਰਦਾ ਹੈ ਤਾਂ ਉਹ ਵੀ ਸ਼ਾਮ ਤੱਕ 1000 ਤੋਂ 1200 ਰੁਪਏ ਕਮਾ ਲੈਂਦਾ ਹੈ।
ਦਰਅਸਲ ਅਸੀਂ ਆਪਣੇ ਸਹਾਇਕ ਕਿੱਤੇ ਭੁੱਲ ਕੇ ਵੱਡੇ ਕੰਮ ਕਾਰ ਕਰਨੇ ਚਾਹੁੰਦੇ ਹਾਂ। ਪਰ ਉਹ ਜਲਦੀ ਨਹੀਂ ਮਿਲਦੇ। ਨੌਜਵਾਨਾਂ ਨੂੰ ਆਪਣੀ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ ਆਪਣੇ ਸਿੱਖੇ ਹੋਏ ਕੰਮਾਂ ਨੂੰ ਖੁਦ ਕਰਨਾ ਚਾਹੀਦਾ ਹੈ ਤੇ ਅਜਿਹੇ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਜਿਸ ਵਿੱਚ ਇਨ੍ਹਾਂ ਦੀ ਦਿਹਾੜੀ ਵੀ ਬਣੇ। ਫਿਰ ਜੇ ਨੌਜਵਾਨ ਆਪਣੇ ਖੁਦ ਦੇ ਕੰਮਾਂ ਤੋਂ ਸ਼ੁਰੂਆਤ ਕਰ ਲੈਣ ਤਾਂ ਕੋਈ ਵੀ ਨੌਜਵਾਨ ਬੇਰੁਜ਼ਗਾਰ ਨਹੀਂ ਰਹਿ ਸਕਦਾ। ਅੱਜ ਦੇ ਵਕਤ ਸਰਕਾਰੀ ਨੌਕਰੀਆਂ ਬਹੁਤ ਘੱਟ ਨੇ ਤੇ ਬੇਰੁਜ਼ਗਾਰੀ ਜ਼ਿਆਦਾ ਹੈ ਤੇ ਇਸ ਦਾ ਇਕੋ-ਇਕ ਹੱਲ ਸਵੈ-ਰੁਜ਼ਗਾਰ ਕਰਨਾ ਹੀ ਹੈ।
ਸੰਪਰਕ: Ranirajni386@gmail.com