ਸੁਮੇਲ ਸਿੰਘ ਸਿੱਧੂ*
ਆਉਂਦੇ ਬੁਧਵਾਰ 9 ਸਤੰਬਰ ਨੂੰ ਪਾਸ਼ ਦਾ 71ਵਾਂ ਜਨਮ ਦਿਨ ਫੇਰ ਸਾਡੇ ਨੇੜੇ ਆ ਗਿਆ ਹੈ। ਇਹ ਅਜਿਹਾ ਦਿਨ ਹੈ ਜਦੋਂ ਅਸੀਂ ਆਪਣੇ ਦੌਰ ਵਿਚ ਕਲਾ, ਵਿਚਾਰ ਅਤੇ ਬੁੱਧੀਜੀਵੀਆਂ ਦੇ ਕਿਰਦਾਰ ਨੂੰ ਲੋਕਾਂ ਦੇ ਨਾਲ ਅਤੇ ਇਸ ਧਰਤੀ ਨਾਲ ਜੋੜ ਕੇ ਵਾਚਦੇ ਹਾਂ। ਇਸੇ ਅਭਿਆਸ ਵਿਚੋਂ ਸਾਡੀ ਆਪਣੀ ਸ਼ਨਾਖ਼ਤ ਦੇ ਬਣਨ-ਢਹਿਣ ਦਾ ਅਮਲ ਤੋੜ ਚੜ੍ਹਦਾ ਹੈ। 9 ਸਤੰਬਰ (ਜਾਂ 23 ਮਾਰਚ) ਸਾਡੇ ਲਈ ਅਜਿਹੇ ਇਮਤਿਹਾਨ ਦੀ ਨਿਸ਼ਾਨੀ ਬਣ ਚੁੱਕਾ ਹੈ। ਪਾਸ਼ ਦੇ 63ਵੇਂ ਜਨਮਦਿਨ ਦੇ ਮੌਕੇ ਦਿੱਲੀ ਵਿਚ ਲੱਗੇ ਪੰਜਾਬੀ ਬੋਲੀ ਮੋਰਚਾ ਦੇ 63ਵੇਂ ਦਿਨ ਸਾਡੀ ਸਰਗਰਮੀ ’ਚੋਂ ਉੱਭਰੇ ਸਵਾਲਾਂ ਨੂੰ ਗਹਿਰੇ ਵਿਚਾਰਕ-ਸੰਵਾਦੀ ਸਾਂਚੇ ਵਿਚ ਢਾਲਣ ਲਈ ਅਦਾਰਾ 23 ਮਾਰਚ ਦੀ ਕਾਇਮੀ ਹੋਈ। ਪਾਸ਼ ਦੇ ਸ਼ਬਦਾਂ ਮੁਤਾਬਿਕ ਇਹ ਮੋਰਚਾ ਮਿੱਤਰਾਂ ਦੀ ਨਵੀਂ ਪਹਿਚਾਣ ਘੜ੍ਹਣ ਦਾ ਵੀ ਸੀ। ਸ਼ਹੀਦ ਭਗਤ ਸਿੰਘ ਅਤੇ ਪਾਸ਼ ਦੇ ਚਿੰਤਨੀ ਅਭਿਆਸ ਦਾ ਮਰਮ ਸਮਝਦਿਆਂ ਹੋਇਆਂ, ਜੁਝਾਰੂ ਪੰਜਾਬੀ ਵਿਚਾਰਕ ਪਰੰਪਰਾ ਦੀ ਲੋਅ ਵਿਚ ਸਮਕਾਲ ਦੀਆਂ ਚਿੰਤਨੀ ਚੁਣੌਤੀਆਂ ਨਾਲ ਸਿੱਝਣ ਦਾ ਪਿੜ ਬੰਨ੍ਹਣਾ ਸੀ। ਸੋਚ ਇਹ ਸੀ ਕਿ ਪੰਜਾਬ ਨੇ ਆਪੂੰ ਆਪਣੇ ਮਸਲਿਆਂ ਬਾਰੇ ਕਿਵੇਂ ਸੋਚਿਆ ਹੈ ਅਤੇ ਇਸ ਦੇ ਦਾਨਿਸ਼ਵਰਾਂ ਨੇ – ਧੁਰ ਬਾਬਾ ਫ਼ਰੀਦ ਤੋਂ – ਆਪਣੇ ਲੋਕਾਂ ਨਾਲ ਸੰਵਾਦ ਕਰਦਿਆਂ ਉਨ੍ਹਾਂ ਨੂੰ ਚੇਤੰਨ ਕਰਦਿਆਂ ਆਪਣੀ ਧਰਤੀ ਨਾਲ ਸਚਿਆਰੇ ਸ਼ਬਦਾਂ ਦੀ ਸਾਂਝ ਕਿਵੇਂ ਨਿਭਾਈ ਹੈ? ਇਸ ਤਰੀਕਾਕਾਰ ਦੇ ਹੁਸਨ-ਇਖ਼ਲਾਕ ਦੇ ਇਤਿਹਾਸਕ ਪਾਸਾਰ ਕਿਵੇਂ ਹੋਂਦ ਵਿਚ ਆਏ ਅਤੇ ਇਸ ਅਮਲ ਨੇ ਪੰਜਾਬ ਨੂੰ ਕਿਹੋ-ਜਿਹੀ ਵਿਚਾਰਧਾਰਕ ਇਕਾਗਰਤਾ ਦੀ ਸਹਿਜ-ਸੋਝੀ ਪਰਦਾਨ ਕੀਤੀ? ਮਸਲਾ ਇਹ ਨਿੱਖਰਿਆ ਕਿ ਪੰਜਾਬੀ ਲੋਕਾਂ ਨੂੰ ਇਸ ਵਿਚਾਰਕ ਕਿਰਿਆ ਦਾ ਸਾਂਝੀਵਾਲ ਕਿਵੇਂ ਬਣਾਇਆ ਜਾਵੇ; ਲੋਕਾਈ ਅਤੇ ਵਿਚਾਰ ਦੀ ਟੁੱਟੀ ਗੰਢਣ ਦਾ ਸਿਆੜ ਕਿਵੇਂ ਕੱਢੀਏ; ਅਤੇ ਇਸ ਨੁਕਤੇ ਤੋਂ ਵੇਖਿਆਂ ਪੰਜਾਬੀ ਬੁੱਧੀਜੀਵੀ ਤਬਕੇ ਦੀ ਗਰਦਿਸ਼ ਦਾ ਲੇਖਾ ਕਿਵੇਂ ਕਰੀਏ? ਸਿਰਮੌਰ ਲੇਖਕ ਜਸਵੰਤ ਸਿੰਘ ਕੰਵਲ ਦੀ ਸਦਾਰਤ ਵਿਚ ਹੋਏ ਇਜਲਾਸ ਨੂੰ ਸਵਰਾਜਬੀਰ ਨੇ ਪਾਸ਼ ਦੇ ਕਾਵਿ-ਕਰਮ ਬਾਰੇ ਖ਼ਿਤਾਬ ਕੀਤਾ ਅਤੇ ਸੰਕਲਪੀ ਇਤਿਹਾਸਕਾਰ ਰਾਕੇਸ਼ ਪਾਂਡੇਯ ਨੇ ਪਾਸ਼ ਦੀਆਂ ਕਵਿਤਾਵਾਂ ਦੇ ਕਲਾਸਕੀ ਪਾਸਾਰ ਸਾਹਮਣੇ ਲਿਆਂਦੇ।
ਪਾਸ਼ ਜਦੋਂ ਆਪਣੇ ਦੌਰ ਵਿਚ ‘ਅਰਥਾਂ ਦਾ ਅਪਮਾਨ’ ਕਰਨ ਵਾਲਿਆਂ ਨੂੰ ਅਤੇ ‘ਯਾਰ ਬਣ ਕੇ ਪਲੀਤ’ ਕਰਨ ਵਾਲਿਆਂ ਨੂੰ ਵੰਗਾਰਦਾ ਹੈ ਤਾਂ ਦਰਅਸਲ ਉਹ ਪੰਜਾਬੀ ਬੁੱਧੀਜੀਵੀਆਂ ਵੱਲੋਂ ਲੋਕਾਂ ਨੂੰ ਬੇਵਾਹਰਾ ਕਰ ਦੇਣ ਦਾ ਅਮਲ ਸਾਡੇ ਧਿਆਨ ਵਿਚ ਲਿਆਉਂਦਾ ਹੈ। ਵਿਚਾਰ ਪੱਖੋਂ ਨਿਉਟੇ ਕਰ ਦਿੱਤੇ ਗਏ ਲੋਕ ਜੇ ਹੁਣ ‘ਆਵਾਰਾ ਸ਼ਬਦਾਂ’ ਦੇ ਵੱਗ ਵਰਗੇ ਹੋ ਗਏ ਹੋਣ ਤਾਂ ਇਸ ਦੀ ਅਸਲ ਮਰਜ਼ ਸਾਡੇ ਬੁੱਧੀਜੀਵੀਆਂ ਦੇ ਪਲੀਤ ਚਿੰਤਨ ਵਿਚ ਪਈ ਹੈ।
ਜਦੋਂ ਅਜਿਹੇ ਵਿਹਾਰ ਵਿਚ ਘੱਟੋ ਘੱਟ ਦੋ ਪੀੜ੍ਹੀਆਂ ਮੁਕੰਮਲ ਤੌਰ ’ਤੇ ਲਿੱਪੀਆਂ ਹੋਈਆਂ ਹੋਣ ਤਾਂ ‘ਸ਼ਬਦਾਂ ਦੇ ਆਵਾਰਾ’ ਹੋਣ ਦਾ ਅਮਲ ਹਰਕਤ ਵਿਚ ਆ ਜਾਂਦਾ ਹੈ- ਆਵਾਰਾ ਸ਼ਬਦਾਂ ਦੀ ਮੰਡੀ ਕਿਤਾਬਾਂ, ਸਾਹਿਤਕ ਪੱਤਰਾਂ, ਗੋੋਸ਼ਟੀਆਂ ਵਿਚ ਦੀ ਹੁੰਦੀ ਹੋਈ ਹੁਣ ਸੋਸ਼ਲ ਮੀਡੀਆ/ਗੋਦੀ ਮੀਡੀਆ, ਮਿਊਜ਼ਿਕ ਵੀਡੀਉ ਆਦਿ ਪਿੜਾਂ ਵਿਚ ਹੋਰ ਵਧ ਰਹੀ ਹੈ। ਇਸ ਵਰਤਾਰੇ ਖ਼ਿਲਾਫ਼ ਚਿੰਤਾ ਜ਼ਾਹਰ ਕਰਦਿਆਂ ਹੋਇਆਂ ਵੀ ਲੋਕਾਈ ਤੋਂ ਬੇਮੁੱਖ ਪੰਜਾਬੀ ਬੁੱਧੀਜੀਵੀਆਂ ਦੀ ਕਾਰਗੁਜ਼ਾਰੀ ਦੇ ਜ਼ਿਕਰ ਤੋਂ ਟਾਲਾ ਵੱਟਣਾ; ਦੁਸ਼ਟ ਬੌਧਿਕਤਾ ਦਾ ਰੰਗਲਾ ਪਿੜ; ਸੁਚੱਜੇ ਵਿਚਾਰ ਦੀ ਥਾਂ ਮਸ਼ਕਰੀਆਂ ਦੀ ਬਾਣ; ਮਿਥ ਕੇ ਗਲਤ ਬਿਆਨੀ ਕਰਨ ਦੀ ਸੰਗਠਨੀ-ਸਮਰੱਥਾ- ਇਸੇ ਵਿਹਾਰ ਨੂੰ ਹੀ ਪਾਸ਼ ਨੇ ‘ਅਰਥਾਂ ਦਾ ਅਪਮਾਨ’ ਕਰਨਾ ਆਖਿਆ ਹੈ। ਸਾਫ਼ ਹੈ ਕਿ ਪੰਜਾਬ ਦੇ ਦੁਮੇਲਾਂ ਨੂੰ ਜਿਹੜੀ ਦੰਦਲ ਪਈ ਹੋਈ ਹੈ ਉਸ ਦੇ ਜਾਰੀ ਰਹਿਣ ਵਿਚ ਸਾਡੀ ਭਰਪੂਰ ਦੇਣ ਰਹੀ ਹੈ। ਅਜੇ ਏਨਾ ਹੀ ਕਹਿਣਾ ਹੈ ਕਿ ਸ਼ਬਦਾਂ ਦੇ ਸਨਮਾਨ ਨੂੰ ਖੋਰਨ ਵਿਚ ਪੰਜਾਬੀ ਪੂਰਨੇ 1970ਵਿਆਂ ਤੋਂ ਪਏ ਹੋਏ ਹਨ। ਇਸੇ ਲਈ 70ਵਿਆਂ ਦੇ ਸੂਰਜ ਹੁਣ ਨਾ ਸੇਕ ਛੱਡਦੇ ਹਨ ਨਾ ਸੂਹੇ ਹੀ ਰਹਿ ਗਏ ਹਨ।
ਇਸ ਵਿਹਾਰ ਦੇ ਉਲਟ ਪਾਸ਼ ਰੁੱਖਾਂ ਦੇ ਦਿੱਤੇ ਉਲ੍ਹਾਮੇ ਨੂੰ, ਧਰਤੀ ਦੇ ਪਾਏ ਸਵਾਲ ਨੂੰ ਸਾਡੇ ਸਾਹਮਣੇ ਰੱਖ ਰਿਹਾ ਹੈ ਤੇ ਇਨ੍ਹਾਂ ਪਲੀਤ ਸੂਰਜਾਂ ਦੀ ਥਾਂ ਨਵੇਂ ਸੂਰਜਾਂ ਦੀ ਤਲਾਸ਼ ਕਰਨ ਦਾ ਇਸ਼ਾਰਾ ਕਰਦਾ ਹੈ।
‘ਤੁਸਾਂ ਨੇ ਜਾਣ ਬੁੱਝ ਕੇ ਅਰਥਾਂ ਦਾ ਅਪਮਾਨ ਕੀਤਾ ਹੈ
ਆਵਾਰਾ ਸ਼ਬਦਾਂ ਦਾ ਇਲਜ਼ਾਮ
ਹੁਣ ਕਿਸ ਨੂੰ ਦੇਵੋਗੇ?
ਮੈਨੂੰ ਇਹ ਰੁੱਖ ਪੁੱਛਦੇ ਹਨ
ਕਿ ਉਸ ਸੂਰਜ ਨੂੰ ਕੀ ਕਹੀਏ
ਜਿਹੜਾ ਕਿ ਗਰਮ ਨਾ ਹੋਵੇ
ਜਿਦ੍ਹਾ ਰੰਗ ਲਾਲ ਨਾ ਹੋਵੇ।’
ਸਾਡੇ ਅਜੋਕੇ ਦਿਨਾਂ ਵਿਚ ਕੋਰੋਨਾ ਦੀ ਵਬਾ ਨੇ ਸਾਡੇ ਸ਼ਊਰ ਦੇ, ਸਾਡੇ ਇਖ਼ਲਾਕ ਦੇ, ਸਾਡੀ ਪਲੀਤ ਮਾਨਸਿਕਤਾ ਦੇ ਜਿਹੜੇ ਦੀਦਾਰ ਕਰਵਾਏ ਹਨ ਉੱਥੋਂ ਸਾਡੀ ਕਮਾਈ ਹੋਈ ਅਸ਼ਲੀਲਤਾ ਦਾ ਸਿਰਨਾਵਾਂ ਲੱਭ ਜਾਂਦਾ ਹੈ। ਸਵਾਲ ਬਣਦਾ ਹੈ ਕਿ ਜਿਹੜਿਆਂ ਕੋਲ ਅਜਿਹੇ ਸੰਕਟਾਂ-ਸਾਕਿਆਂ ਨਾਲ ਸਿੱਝਣ-ਸਮਝਣ ਦੀ ਸੂਝ ਦਾ ਤਸਦੀਕਸ਼ੁਦਾ ਦਾਅਵਾ ਸੀ – ਉਹ ਵਿਰੋਧੀ ਸਿਆਸੀ ਦਲ ਹੋਣ, ਲੋਕ ਅੰਦੋਲਨਾਂ ਦੇ ਆਗੂ ਹੋਣ ਜਾਂ ਸਾਡੇ ਬੁੱਧੀਜੀਵੀ ਹੋਣ – ਉਹ ਹੁਣ ਤੱਕ ਵੀ ਕੋਈ ਢੁੱਕਵੀਂ ਸਬੀਲ ਕਿਉਂ ਨਾ ਘੜ੍ਹ ਸਕੇ? ਕੀ ਇਹ ਵਬਾ ਦੀ ਬਿਲਕੁਲ ਅਨੂਠੀ ਕਿਸਮ ਤੇ ਅਣਕਿਆਸੀਆਂ ਪੇਸ਼ਬੰਦੀਆਂ ਕਾਰਨ ਹੋਇਆ ਕਿ ਸਾਡੀ ਆਪਣੀ ਕਮਾਈ ਹੋਈ ਮਨਮੁਖਤਾ ਦਾ ਨਿਸ਼ਾਨ ਹੈ? ਯਾਦ ਰੱਖੀਏ ਕਿ ਪੰਜਾਬੀ ਬੁੱਧੀਜੀਵੀਆਂ ਦੀ ਇਹ ਪਹਿਲੀ ਮਿਸਾਲ ਨਹੀਂ ਹੈ ਜਦੋਂ ਇਹ ਬਾਬਾ ਨਾਨਕ ਦੇ ਐਲਾਨੇ ‘ਗਲੀ ਮੋਰੀ ਆਉ’ ਦੇ ਇਕਰਾਰ ਤੋਂ ਪੱਲਾ ਛੁਡਾਉਂਦਿਆਂ ‘ਕਾਣਿ ਨ ਕੀਜੈ’ ਦੀ ਸ਼ਰਤ ਤੋਂ ਭੱਜੇ ਹਨ। ਲੋਕਾਈ ਦੀ ਅਗਿਆਨਤਾ ਦਾ ਬਹਾਨਾ ਲਾ ਕੇ, ਪੰਜਾਬੀ ਭਾਸ਼ਾ ਦੀ ਸਮਰੱਥਾ ’ਤੇ ਸਵਾਲ ਕਰ ਕੇ, ਆਪਣੀ ਮਹੀਨ ਗਿਆਨ ਦੀ ਓਟ ਲੈ ਕੇ ਆਪਣੇ ਲੋਕਾਂ ਤੋਂ ਭੱਜ ਖੜ੍ਹਣ ਨੂੰ, ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਨੂੰ ਪਾਸ਼ ਸੰਗੀਨ ਜੁਰਮ ਮੰਨਦਾ ਹੈ:
‘ਦੁਸ਼ਮਣ ਤਾਂ ਹਰ ਹੀਲੇ ਗੁਮਰਾਹ ਕਰਦਾ ਹੈ
ਦੁਸ਼ਮਣ ਦਾ ਕੋਈ ਕਦੋਂ ਵਸਾਹ ਕਰਦਾ ਹੈ
ਤੁਸੀਂ ਯਾਰ ਬਣ ਕੇ ਸਦਾ ਸਾਨੂੰ ਪਲੀਤ ਕੀਤਾ ਹੈ
ਤੇ ਫਿੱਟੇ ਮੂੰਹ ਸਾਡੇ
ਜਿਨ੍ਹਾਂ ਹੁਣ ਤੱਕ ਮਾਫ਼ ਕੀਤਾ ਹੈ’
ਜਿਹੜੇ ਲੇਖਕ ਅਤੇ ਬੁੱਧੀਜੀਵੀ ਸਾਡੇ ਲੋਕਾਂ ਨੂੰ ਲਗਾਤਾਰ ਘੂਰਦੇ ਹੀ ਰਹਿੰਦੇ ਹੋਣ; ਆਪਣੇ ਨਿੱਜ ਦੇ ਰੋਸਿਆਂ, ਅਕਾਂਖਿਆਵਾਂ ਤੇ ਵੈਰ ਦੀ ਕੈਂਚੀ ਚਲਾਉਣ ਨੂੰ ਹੀ ਵਿਚਾਰਕ ਮਸਲਿਆਂ ਵਜੋਂ ਮਨਵਾਉਣ ਲਈ ਸ਼ਬਦਾਂ ਨੂੰ ਜ਼ਲੀਲ ਕਰਦੇ ਹੋਣ; ਆਪਣੇ ਤਸਦੀਕਸ਼ੁਦਾ ਗਿਆਨ ਦੇ, ਗਿਆਨਪੀਠੀ ਅਹੁਦਿਆਂ ਦੇ ਵਜ਼ਨ ਸਦਕਾ ਲੋਕਾਂ ਤੋਂ ਗੱਲ ਮਨਵਾਉਣ ਦੇ ਲੱਚਰ ਅਭਿਆਸੀ ਹੋਣ; ਜਿਨ੍ਹਾਂ ਦੇ ਸ਼ਬਦਾਂ ਵਿਚ ਹੁਣ ਅਰਥਾਂ ਦੀ ਫਸਲ ਧਰਤੀ ਦੇ ਢਿੱਡੋਂ ਨਹੀਂ ਸਗੋਂ ਬਾਰਾਂਮਾਸੀ ਜ਼ਹਿਰੀਲੀ ਸਪਰੇਅ ਦੇ ਸਿਰ ’ਤੇ ਖੜ੍ਹੀ ਹੋਵੇ – ਅਜਿਹੇ ਅਰਥਘਾਤੀ ਪੰਜਾਬੀ ਬੁੱਧੀਜੀਵੀਆਂ ਬਾਰੇ ਪਾਸ਼ ਕਹਿੰਦਾ ਹੈ ਕਿ ਇਹ ਨਫ਼ਰ (ਲੋਕ) ਸਾਡੇ ਯਾਰ ਨਹੀਂ ਹਨ ਸਗੋਂ ਦੁਸ਼ਮਣ ਦੇ ਵਾਰ ਨੂੰ ਉਹਲਾ ਦੇਣ ਵਾਲੇ ਹਨ। ਦੁਸ਼ਮਣ ਨੇ ਗੁਮਰਾਹ ਕਰਨਾ ਹੈ, ਉਹਦੀ ਬੇਵਸਾਹੀ ਬਾਰੇ ਕੋਈ ਸ਼ੰਕਾ ਨਹੀਂ ਹੈ, ਪਰ ਅਜਿਹੇ ਪਲੀਤ ਯਾਰਾਂ ਤੋਂ ਸੁਚੇਤ ਹੋਣਾ ਤੇ ਇਨ੍ਹਾਂ ਨਾਲ ਨਜਿੱਠਣਾ ਸਾਡੇ ਨਜ਼ਦੀਕ ‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ’ ਦੀ ਸ਼ਰਤ ਹੈ।
ਸਾਡੇ ਪਲੀਤ ਯਾਰਾਂ ਨੇ, ਖੁਰ ਚੁੱਕੇ ਸੂਰਜਾਂ ਨੇ ਆਪਣੀ ਹਿੰਡ ਮਨਵਾਉਣ ਨੂੰ ਵਿਚਾਰਕ ਸੇਧ ਕਰਾਰ ਦਿੱਤਾ ਹੈ, ਕਾਲ ਨੂੰ ਆਪਣੇ ਪਾਵੇ ਨਾਲ ਬੰਨ੍ਹਣ ਲਈ ਹੰਭਲਾ ਮਾਰਿਆ ਹੈ। ਤਾਂ ਪਾਸ਼ ਦਾ ਆਖਿਆ ਯਾਦ ਰਹੇ: ‘ਬਚਾਅ ਦੀ ਆਖਰੀ ਜੰਗ’ ਲੜਦਾ ਹਨੇਰਾ ‘ਆਪਣੇ ਘੁਰਨਿਆਂ ਸਮੇਤ ਬੇਹੱਦ ਤਰਲ ਹੋ ਚੁੱਕਾ ਹੈ ਹੁਣ।’ ਸਰਮਾਏ ਅਤੇ ਸਰਕਾਰਾਂ ਦੇ ਦੁਰਕਾਰੇ ਹੋਏ ਲੋਕਾਂ ਨੂੰ ਕਦੇ ਭੀੜ, ਕਦੇ ਹਜੂਮ, ਕਦੇ ਪਛੜੇ ਹੋਏ, ਕਦੇ ਅੰਧਵਿਸ਼ਵਾਸੀ ਆਖ ਕੇ ਬੜੇ ਸੁਣੱਖੇ ਸੱਭਿਆਚਾਰਕ ਤਰਕ ਰਾਹੀਂ ਆਪਣੇ ਫਾਸਲੇ ਨੂੰ ਸਹੀ ਸਿੱਧ ਕਰਨਾ ਸਾਡੇ ਸੂਝਵਾਨ ਹੋਣ ਦੀ ਪਹਿਲੀ ਸ਼ਰਤ ਬਣ ਗਈ ਹੈ। ਲੋਕਾਂ ਤੋਂ ਦੂਰੀ ਨੂੰ ਸੱਭਿਆਚਾਰਕ ਕਦਰ ਜਾਂ ਗੁਣ ਬਣਾ ਲਿਆ ਗਿਆ ਹੈ। ‘ਕੱਲਿਆਂ ਦਾ ਕਾਫ਼ਲਾ’, ‘ਮੂਰਖਾਂ ਦੀ ਭੀੜ’, ‘ਸਵੈ ਨਾਲ ਸੰਵਾਦ’ ਵਰਗੇ ਚਾਲੂ ਜੁਮਲਿਆਂ ਦੀ ਖੁਰਾਕ ’ਤੇ ਪਲ ਰਿਹਾ ਨੌਜਵਾਨ ਪਾਠਕ ਵਰਗ ਦਰਅਸਲ ਅਜਿਹੇ ਲੱਚਰ, ‘ਤਰਲ ਹਨੇਰੇ’ ਵਾਲੇ ਪਲੀਤ ਵਿਚਾਰਕ ਪਿੜ ਦੀ ਅਗਲੀ ਕੜੀ ਹੈ। ਇਹ ਵਰਤਾਰਾ ਸਰਮਾਏਦਾਰੀ ਦੇ ਸੱਭਿਆਚਾਰਕ ਅਮਲ ਦੀ ਅਲਾਮਤ ਹੈ ਜਿਸ ਵਿਚ ‘ਲੋਕਾਂ’ ਨਾਲੋਂ ‘ਨਿੱਜ’ ਦੀ ਦੂਰੀ ਹੀ ਵੱਡਾ ਸੱਚ ਹੈ। ਇਹ ਸੱਭਿਆਚਾਰਕ ਅਮਲ ਜਦੋਂ ਭਾਰੂ ਵਿਚਾਰਕ ਲੀਹ ਬਣ ਜਾਏ ਤਾਂ ਪੰਜਾਬੀ ਸਮਾਜ ਦੀ ਦੁਰਦਸ਼ਾ ਦੀ ਸਮਝ ਆਉਣੀ ਸ਼ੁਰੂ ਹੁੰਦੀ ਹੈ।
ਪੰਜਾਬੀ ਦਾਨਿਸ਼ਵਰਾਂ ਨੇ ਇਸ ਦੂਈ ਦੇ ਖਿਲਾਫ਼ ਪਹਿਲੇ ਦਿਨੋਂ ਮੋਰਚਾ ਲਾ ਕੇ ਰੱਖਿਆ ਹੈ। ਬਾਬਾ ਫ਼ਰੀਦ ਆਖ ਗਏ ਹਨ: ‘ਦਿਲਹਿ ਮਹਬਤ ਜਿਨਿ ਸੇਈ ਸੱਚਿਆ।’ ਸਿਰਮੌਰ ਪੰਜਾਬੀ ਲੇਖਕ ਜਸਵੰਤ ਸਿੰਘ ਕੰਵਲ ਇਸ ਇਕਾਈ ਦਾ ਬੁਲਾਰਾ ਹੈ: ‘ਸਾਹਿਤਕਾਰ ਦਾ ਰੱਬ ਉਸ ਦੇ ਆਪਣੇ ਲੋਕ ਹਨ ਅਤੇ ਸਾਹਿਤ ਰਚਨਾ ਆਪਣੇ ਲੋਕਾਂ ਦੀ ਬੰਦਗੀ ਹੈ।’ ਪਾਸ਼ ਵੱਲੋਂ ‘ਜਾਣ ਬੁੱਝ ਕੇ ਅਰਥਾਂ ਦਾ ਅਪਮਾਨ’ ਕਰਨ ਵਾਲੇ, ‘ਯਾਰ ਬਣ ਕੇ ਸਦਾ ਸਾਨੂੰ ਪਲੀਤ ਕਰਨ ਵਾਲੇ’ ਤਸਦੀਕਸ਼ੁਦਾ ਗਿਆਨੀਆਂ ਦੇ ਕਿਰਦਾਰ ਨਾਲੋਂ ਲੋਕਾਂ ਨਾਲ ਜੁੜਨ ਵਾਲੇ ਆਸ਼ਕਾਂ ਬਾਰੇ ਕੰਵਲ ਜਿਵੇਂ ਪਾਸ਼ ਦੀ ਦਲੀਲ ਨੂੰ ਅੱਗੇ ਤੋਰਦਾ ਹੈ: ‘ਬੇਈਮਾਨ ਸੰਜੀਦਗੀ ਨਾਲੋਂ ਜਜ਼ਬਾਤੀ ਅਣਖ ਹਮੇਸ਼ਾ ਜ਼ਿੰਦਗੀ ਦੀ ਵਫ਼ਾਦਾਰ ਹੁੰਦੀ ਹੈ।’
ਲੋਕਾਂ ਨਾਲ ਇਸ਼ਕ ਕਮਾਉਣ, ਨਿਭਾਉਣ ਦੇ ਇਕਰਾਰ ਹੀ ਪੰਜਾਬੀ ਬੁੱਧੀਜੀਵੀ ਦੀ ਕਸੌਟੀ ਰਹੇ ਹਨ। ਜੇ ਸਾਡੇ ਬੁੱਧੀਜੀਵੀ ਪਿੱਠ ਦਿੰਦੇ ਹਨ ਤਾਂ ਪਾਸ਼ ਨੇ ਫਿਰ ਸਮੇਂ ਨੂੰ ਆਪਣੀ ਬਾਤ ਪਾਉਣ ਦਾ ਹੱਕ ਦਿੱਤਾ ਹੈ:
‘ਸ਼ਬਦ ਗਿਰਵੀ ਨਹੀਂ
ਸਮਾਂ ਗੱਲ ਆਪ ਕਰਦਾ ਹੈ
ਪਲ ਗੁੰਗੇ ਨਹੀਂ’
ਪਾਸ਼ ਨੇ ਆਪਣੇ ਲਹੂ ਨਾਲ ਸ਼ਬਦਾਂ ਦਾ ਸਨਮਾਨ ਕਾਇਮ ਰੱਖਿਆ, ਅਸੀਂ ਕਿਸ ਪਾਲ਼ ਵਿਚ ਖੜ੍ਹੇ ਹਾਂ?
ਸੰਪਰਕ: 94649-84010
* ਡਾਇਰੈਕਟਰ, ਅਦਾਰਾ 23 ਮਾਰਚ / ਸੰਪਾਦਕ ‘ਸੇਧ’