ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ*

ਲੋਕ ਗਾਇਕ

ਸਾਡੇ ਸਮਿਆਂ ਦੀ ਲੋਕ ਗਾਇਕੀ ਦੀ ਖਣਕਦੀ ਆਵਾਜ਼ ਚੁੱਪ ਹੋ ਗਈ ਹੈ। ਪੰਜਾਬੀ ਦਾ ਸੂਫ਼ੀ ਲੋਕ ਗਾਇਕ ਸ਼ੌਕਤ ਅਲੀ ਹੁਣ ਪੰਜਾਬੀ ਗਾਇਕੀ ਦੇ ਇਤਿਹਾਸ ਦਾ ਵਰਕਾ ਹੋ ਗਿਆ ਹੈ। ਉਹ ਪੰਜਾਬੀ ਸਾਹਿਤ ਤੇ ਲੋਕ ਗਾਇਕੀ ਦਾ ਅਜਿਹਾ ਸਿਖਰ ਸੀ ਜਿਸ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਸੀ। ਪੰਜਾਬੀ ਲੋਕ ਗਾਇਕੀ ਦੀਆਂ ਕਲਾਸੀਕਲ ਰਮਜ਼ਾਂ ਨੂੰ ਠੇਠ ਪੰਜਾਬੀ ਲਹਿਜੇ ’ਚ ਜਿਸ ਤਰ੍ਹਾਂ ਸ਼ੌਕਤ ਨੇ ਉਤਾਰਿਆ, ਉਹ ਕਿਸੇ ਹੋਰ ਗਾਇਕ ਦੇ ਹਿੱਸੇ ਨਹੀਂ ਆਇਆ। ਇਹ ਉਸ ਦਾ ਆਪਣਾ ਰੰਗ ਸੀ, ਪਛਾਣ ਸੀ।

ਪੰਜਾਬੀ ਲੋਕ ਗਾਇਕੀ ’ਚ ਸੈਫੁਲ ਮਲੂਕ, ਹੀਰ ਤੇ ਛੱਲਾ ਗਾ ਕੇ ਉਸ ਨੇ ਪੰਜਾਬੀ ਗਾਇਕੀ ’ਚ ਐਨੀ ਉੱਚੀ ਥਾਂ ਬਣਾ ਲਈ ਸੀ ਜੋ ਬਾਅਦ ਵਿਚ ਕਈਆਂ ਲਈ ਈਰਖਾ ਦਾ ਕਾਰਨ ਵੀ ਬਣੀ। ਲਤਾ ਮੰਗੇਸ਼ਕਰ ਨੇ ਸ਼ੌਕਤ ਬਾਰੇ ਕਿਹਾ ਸੀ, ‘‘ਉਹ ਇਤਿਹਾਸ ਨੂੰ ਫਰੋਲਦੈ ਤੇ ਸਿੱਧਾ ਦਿਲ ’ਚ ਉਤਰ ਜਾਂਦੈ।’’

ਇਸ ਤਰ੍ਹਾਂ ਦੀ ਸਾਫ਼, ਬੇਬਾਕ ਤੇ ਰੂਹ ਦੀ ਗਾਇਕੀ ਹੀ ਸ਼ੌਕਤ ਦੀ ਦੌਲਤ ਹੈ।

ਅੱਜ ਉਹ ਸਾਡੇ ਵਿਚਕਾਰ ਨਹੀਂ ਰਿਹਾ। ਮਿਲਟਰੀ ਹਸਪਤਾਲ, ਜਿੱਥੇ ਉਹ ਕੁਝ ਦਿਨਾਂ ਤੋਂ ਦਾਖ਼ਲ ਸੀ, ਵਿਚ ਉਸ ਨੇ ਆਖ਼ਰੀ ਸਾਹ ਲਏ। ਸਾਡੀ ਬੋਲੀ ਦਾ ਇਹ ਅਜ਼ੀਮ ਗਾਇਕ ਹੁਣ ਸਾਡੀਆਂ ਯਾਦਾਂ ਵਿਚ ਹੈ ਤੇ ਉਸ ਦੇ ਗੀਤ ਅਹਿਸਾਸ ਕਰਵਾਉਂਦੇ ਹਨ ਕਿ ਉਹਦੇ ਵਰਗਾ ਦੂਰ-ਦੂਰ ਤੀਕ ਵੀ ਕੋਈ ਹੋਰ ਨਹੀਂ...।

‘ਕਦੀ ਤੇ ਹੱਸ ਕੇ ਬੋਲ ਵੇ’, ‘ਕਿਉਂ ਕਿਉਂ ਦੂਰ ਦੂਰ ਰਹਿੰਦੇ ਹੋ’ ਤੇ ‘ਦਮਾ ਦਮ ਮਸਤ ਕਲੰਦਰ’ ਵਰਗੇ ਗੀਤਾਂ ਨਾਲ ਦਿਲਾਂ ਦੀਆਂ ਗੱਲਾਂ ਕਰਦਾ ਸੀ।

ਮੀਆਂ ਮੁਹੰਮਦ ਬਖ਼ਸ਼ ਦਾ ਲਿਖਿਆ ਸੈਫੁਲ-ਮਲੂਕ ਸ਼ੌਕਤ ਦੀ ਆਵਾਜ਼ ਵਿਚ ਜਿਸ ਨੇ ਵੀ ਸੁਣਿਆ ਉਹ ਮੁਰੀਦ ਹੋ ਗਿਆ। ਗੀਤ ਤੇ ਸੰਗੀਤ ਦਾ ਇਹ ਜਾਦੂ ਉਸ ਦੇ ਸਾਰੇ ਗੀਤਾਂ ਵਿਚ ਹੈ। ਇਹ ਵੀ ਸੱਚ ਹੈ ਕਿ ਉਹ ਪੰਜਾਬੀਆਂ ਦੀ ਦੁਨੀਆਂ ਭਰ ’ਚ ਲੋਕ-ਆਵਾਜ਼ ਸੀ।

ਉਹ ਤਿੰਨ ਮਈ 1944 ਨੂੰ ਗੁਜਰਾਤ (ਪਾਕਿਸਤਾਨ) ਵਿਚ ਮਸ਼ਹੂਰ ਗਾਇਕ ਪਰਿਵਾਰ ਮਲਿਕਵਾਲ ’ਚ ਪੈਦਾ ਹੋਇਆ। 1960 ’ਚ ਛੋਟੀ ਉਮਰ ’ਚ ਹੀ ਉਸ ਨੂੰ ਪੰਜਾਬੀ ਫ਼ਿਲਮਾਂ ’ਚ ਗੀਤ ਗਾਉਣ ਦਾ ਮੌਕਾ ਮਿਲਿਆ ਤਾਂ ਸ਼ੌਕਤ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। 1963 ’ਚ ਪਹਿਲੀ ਪੰਜਾਬੀ ਫ਼ਿਲਮ ਤੀਸ ਮਾਰ ਖ਼ਾਨ ਵਿਚ ਸੰਗੀਤਕਾਰ ਐਮ. ਅਸ਼ਰਫ਼ ਨੇ ਉਸ ਨੂੰ ਮੌਕਾ ਦਿੱਤਾ, ਪਰ ਬਾਅਦ ਵਿਚ ਸਮੇਂ ਸਮੇਂ ਉਸ ਨੇ ਆਪਣੀ ਗਾਇਕੀ ਦਾ ਸਿੱਕਾ ਮੰਨਵਾਇਆ। 1982 ਦੀਆਂ ਏਸ਼ਿਆਈ ਖੇਡਾਂ ਵੇਲੇ ਦਿੱਲੀ ਵਿਚ ਵੀ ਉਸ ਨੇ ਆਪਣੀ ਗਾਇਕੀ ਨਾਲ ਸਮਾਂ ਬੰਨ੍ਹਿਆ। ਉਹ ਪਾਕਿਸਤਾਨ ਦੇ ਨਾਲ ਨਾਲ ਸਾਡੇ ਇਧਰਲੇ ਪੰਜਾਬ ਤੇ ਦੁਨੀਆਂ ਭਰ ’ਚ ਵਸਦੇ ਪੰਜਾਬੀਆਂ ’ਚ ਬੇਹੱਦ ਪ੍ਰਸਿੱਧ ਤੇ ਦਿਲ ਨੂੰ ਧੂਹ ਪਾਉਣ ਵਾਲੀ ਗਾਇਕੀ ਦਾ ਵੱਖਰੀ ਕਿਸਮ ਦਾ ਗਾਇਕ ਸੀ।

ਉਸ ਨੇ ਬੇਸ਼ੁਮਾਰ ਉਰਦੂ ਤੇ ਪੰਜਾਬੀ ਫ਼ਿਲਮਾਂ ਲਈ ਗਾਉਣ ਦੇ ਨਾਲ ਨਾਲ ਦੁਨੀਆ ਭਰ ’ਚ ਸ਼ੋਅ ਕੀਤੇ। ਸ਼ੌਕਤ ਬਾਰੇ ਇਹ ਪ੍ਰਸਿੱਧ ਸੀ ਕਿ ਗਾਉਣ ਵਾਸਤੇ ਸੌਦਾ ਨਹੀਂ ਕਰਦਾ ਤੇ ਆਪਣੀ ਜ਼ੁਬਾਨ ਨੂੰ ਕਦੇ ਵੀ ਪੈਸੇ ਨਾਲ ਨਹੀਂ ਰਿਝਾਇਆ। ਇਹ ਖੁੱਲ੍ਹਾਪਣ ਤੇ ਬੇਬਾਕੀ ਹੀ ਉਹਦੀ ਵੱਖਰੀ ਪਛਾਣ ਸੀ। ਸ਼ੌਕਤ ਨਾਲ ਮੇਰੀ ਪਹਿਲੀ ਮੁਲਾਕਾਤ 1980 ’ਚ ਬਰਮਿੰਘਮ ਵਿਚ ਇਕ ਰਿਕਾਰਡਿੰਗ ਸਟੂਡੀਓ ’ਚ ਹੋਈ ਸੀ ਤੇ ਫਿਰ ਇਹ ਸਿਲਸਿਲਾ ਚਲਦਾ ਰਿਹਾ। 1982 ’ਚ ਜਦੋਂ ਉਹ ਇਧਰ ਆਇਆ ਤਾਂ ਫਿਰ ਉਸ ਦੇ ਮੂੰਹੋਂ ਦਮਾ ਦਮ ਮਸਤ ਕਲੰਦਰ ਨੂੰ ਸੁਣ ਕੇ ਗਾਇਕੀ ਦੀ ਛਹਿਬਰ ’ਚ ਹਜ਼ਾਰਾਂ ਸਰੋਤੇ ਝੂਮ ਉਠੇ ਸਨ।

ਸ਼ੌਕਤ ਨੇ ਹਮੇਸ਼ਾ ਦੱਸਿਆ, ‘‘ਮੇਰੇ ਅੰਦਰ ਸੂਫ਼ੀਆਂ ਦੀ ਰੂਹ ਆ ਜਾਂਦੀ ਏ, ਜਦੋਂ ਮੈਂ ਸੂਫ਼ੀ ਕਲਾਮ ਗਾਉਂਦਾ ਹਾਂ। ਅਸਲ ਵਿਚ ਪੰਜਾਬੀ ਲੋਕ ਗਾਇਕੀ ਦੀ ਅਮੀਰੀ ਤੇ ਸ਼ੇਡਜ਼ ਤੇ ਰੰਗ ਦੁਨੀਆਂ ਦੀ ਕਿਸੇ ਜ਼ੁਬਾਨ ਤੇ ਗਾਇਕੀ ’ਚ ਨਹੀਂ ਮਿਲਦੇ। ਇਹ ਹੀ ਸਾਡੀ ਅਮੀਰੀ ਹੈ।’’

ਸ਼ੌਕਤ ਬਾਰੇ ਇਕ ਸਤਰ ’ਚ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਸ ਦੀ ਗਾਇਕੀ ਸਾਡੇ ਧੁਰ ਅੰਦਰ ਦਾ ਸੱਚ ਹੈ। ਅੱਜ ਅਸੀਂ ਇਸ ਸਤਰੰਗੀ ਪਰਤਾਂ ਦੀ ਆਵਾਜ਼ ਤੋਂ ਸੱਖਣੇ ਹੋ ਗਏ ਹਾਂ। ਪਾਕਿਸਤਾਨ, ਕੈਨੇਡਾ, ਇੰਗਲੈਂਡ ਅਤੇ ਆਸਟਰੇਲੀਆ ’ਚ ਉਸ ਦੇ ਪੰਜਾਬੀ ਫ਼ਿਲਮਾਂ ’ਚ ਗਾਏ ਗੀਤ ਏਨੇ ਪ੍ਰਸਿੱਧ ਹਨ ਕਿ ਹਾਲੇ ਵੀ ਲੋਕਾਂ ਦੀ ਜ਼ੁਬਾਨ ’ਤੇ ਹਨ।

ਸ਼ੌਕਤ ਦੀਆਂ ਫ਼ਿਲਮਾਂ ’ਚ ਇਕ ਬੇਹੱਦ ਯਾਦਗਾਰੀ ਫ਼ਿਲਮ ‘ਚੰਨ ਵਰਿਆਮ’ ਸ਼ੁਮਾਰ ਹੈ ਜੋ 1981 ’ਚ ਬਣੀ ਸੀ। ਅੱਵਲ ਹਮਦ ਸਨਾ-ਏ-ਇਲਾਹੀ ਦੇ ਬੋਲ, ਮੁਜਾਹਿਦ, ਅੱਥਰਾ ਪੁੱਤਰ, ਮੌਲਾ ਜੱਟ, ਪ੍ਰਛਾਈਆਂ, ਚੜ੍ਹਦਾ ਸੂਰਜ, ਅੰਗਾਰਾ ਤੋਂ ਉਸ ਦੀਆਂ ਗਾਈਆਂ ਕੱਵਾਲੀਆਂ ਲੋਕ ਦਿਲਾਂ ’ਚ ਡੂੰਘੀਆਂ ਉਤਰੀਆਂ ਹੋਈਆਂ ਹਨ।

ਇਕ ਰਿਕਾਰਡਿੰਗ ਦੌਰਾਨ ਜਦੋਂ ਮੈਂ ਉਸ ਨੂੰ ਪੁੱਛਿਆ ਸੀ ਸ਼ੌਕਤ ਗਾਉਂਦਾ ਨਾ ਤਾਂ ਕੀ ਕਰਦਾ? ਉਸ ਨੇ ਜਵਾਬ ਦਿੱਤਾ, ‘‘ਕਿਸੇ ਸਾਈਂ ਦੇ ਮਜ਼ਾਰ ’ਤੇ ਸੇਵਾਦਾਰ ਹੁੰਦਾ।’’ ਇਹ ਨਿਮਰਤਾ ਸ਼ੌਕਤ ਦੀ ਸ਼ਖ਼ਸੀਅਤ ਦੀ ਪਛਾਣ ਸੀ।

ਉਸ ਨੂੰ ਪ੍ਰਾਈਡ ਆਫ਼ ਪ੍ਰਫਾਰਮੈਂਸ ਵਰਗੇ ਵੱਡੇ ਇਨਾਮ ਵੀ ਦਿੱਤੇ ਗਏ। ਵਾਇਸ ਆਫ਼ ਪੰਜਾਬ ਐਵਾਰਡ ਵੀ ਦਿੱਤਾ ਗਿਆ। ਸ਼ੌਕਤ ਦਾ ਮਸ਼ਹੂਰ ਗੀਤ ‘ਕਦੀ ਤੇ ਹੱਸ ਬੋਲ ਵੇ’ ਸਾਡੀ ਹਿੰਦੀ ਫ਼ਿਲਮ ‘ਲਵ ਆਜਕਲ’ ਵਿਚ ਸੁਣਾਈ ਦਿੱਤਾ ਸੀ। ਉਸ ਦੇ ਤਿੰਨ ਬੇਟੇ ਮੋਹਸਿਨ, ਅਮੀਰ ਤੇ ਇਮਰਾਨ ਵੀ ਗਾਇਕੀ ਦੇ ਪਿੜ ਵਿਚ ਸਰਗਰਮ ਹਨ।

ਜਦੋਂ ਵੀ ਪੰਜਾਬੀ ਗਾਇਕੀ ਵਿਚ ਲੋਕ ਗਾਇਕੀ ਦੀ ਗੱਲ ਛਿੜੇਗੀ ਤਾਂ ਸ਼ੌਕਤ ਦਾ ਜ਼ਿਕਰ ਜ਼ਰੂਰ ਹੋਵੇਗਾ। ਅੱਜ ਭਾਵੇਂ ਉਹ ਸਾਡੇ ਵਿਚਕਾਰ ਨਹੀਂ ਰਿਹਾ, ਪਰ ਉਸ ਦੇ ਖਣਕਦੇ ਬੋਲ ਸਾਡੇ ਦਿਲਾਂ ਵਿਚ ਗਹਿਰੇ ਹੋਣਗੇ।

ਹਾਲਾਂਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਸੀ, ਪਰ ਹੌਸਲਾ ਬੇਹੱਦ ਬੁਲੰਦ। ਉਸ ਦੀ ਇੱਛਾ ਸੀ ਕਿ ਇਕ ਵਾਰੀ ਠੀਕ ਹੋ ਕੇ ਉਹ ਦੋਵਾਂ ਪੰੰਜਾਬਾਂ ਲਈ ਹੀਰ ਦੀ ਹੇਕ ਲਾਵੇ ਤੇ ਅਮਨ ਦੀਆਂ ਦੁਆਵਾਂ ਮੰਗੇ।

ਸ਼ੌਕਤ ਅਲੀ ਦੇ ਫ਼ੌਤ ਹੋਣ ਕਾਰਨ ਸੰਗੀਤ ਜਗਤ ਨੂੰ ਪਿਆ ਘਾਟਾ ਪੂਰਾ ਹੋਣਾ ਵਾਲਾ ਨਹੀਂ। ਉਹ ਸਾਡੇ ਸਮਿਆਂ ਦਾ ਲਾਸਾਨੀ ਗਾਇਕ ਸੀ। ਅੱਜ ਸਮੂਹ ਪੰਜਾਬੀ ਉਦਾਸ ਹਨ, ਅਲਵਿਦਾ ਸ਼ੌਕਤ ਭਾਈ...।

* ਲੇਖਕ ਦੂਰਦਰਸ਼ਨ ਦਾ ਸਾਬਕਾ ਉਪ ਮਹਾਂਨਿਦੇਸ਼ਕ।

ਸੰਪਰਕ: 94787-30156

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All